ਅਮਰੀਕਾ ਚ 70 ਸਾਲਾ ਸਿੱਖ ‘ਤੇ ਹਮਲਾ, ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਕੀਤੀ ਨਿੰਦਾ

Updated On: 

12 Aug 2025 19:34 PM IST

ਚਸ਼ਮਦੀਦਾਂ ਨੇ ਕਿਹਾ ਕਿ ਸਾਈਕਲ 'ਤੇ ਇੱਕ ਆਦਮੀ 70 ਸਾਲਾ ਬਜ਼ੁਰਗ ਕੋਲ ਆਇਆ ਤੇ ਬਿਨਾਂ ਕਿਸੇ ਕਾਰਨ ਦੇ ਬਜ਼ੁਰਗ ਵਿਅਕਤੀ 'ਤੇ ਹਮਲਾ ਕੀਤਾ। ਬਜ਼ੁਰਗ ਵਿਅਕਤੀ ਘਬਰਾਹਟ ਵਿੱਚ ਸੀ, ਆਪਣੇ ਖੂਨ ਵਿੱਚ ਭਿੱਜਿਆ ਹੋਇਆ ਸੀ।

ਅਮਰੀਕਾ ਚ 70 ਸਾਲਾ ਸਿੱਖ ਤੇ ਹਮਲਾ, ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਕੀਤੀ ਨਿੰਦਾ
Follow Us On

ਅਮਰੀਕਾ ਦੇ ਨੌਰਥ ਹਾਲੀਵੁੱਡ ਦੇ ਗੋਲਫ ਕਲੱਬ ਨੇੜੇ 70 ਸਾਲਾ ਹਰਪਾਲ ਸਿੰਘ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਹੈ। ਉਹ ਇੱਕ ਗੁਰਦੁਆਰੇ ਜਾ ਰਹੇ ਸਨ। ਇਹ ਹਮਲਾ 4 ਅਗਸਤ ਨੂੰ ਹੋਇਆ ਸੀ। ਸਥਾਨਕ ਰਿਪੋਰਟ ਅਨੁਸਾਰ ਹੁਣ ਹਰਪਾਲ ਸਿੰਘ ਕੋਮਾ ਵਿੱਚ ਹਨ।

ਚਸ਼ਮਦੀਦਾਂ ਨੇ ਕਿਹਾ ਕਿ ਸਾਈਕਲ ‘ਤੇ ਇੱਕ ਆਦਮੀ 70 ਸਾਲਾ ਬਜ਼ੁਰਗ ਕੋਲ ਆਇਆ ਤੇ ਬਿਨਾਂ ਕਿਸੇ ਕਾਰਨ ਦੇ ਬਜ਼ੁਰਗ ਵਿਅਕਤੀ ‘ਤੇ ਹਮਲਾ ਕੀਤਾ। ਬਜ਼ੁਰਗ ਵਿਅਕਤੀ ਘਬਰਾਹਟ ਵਿੱਚ ਸੀ, ਆਪਣੇ ਖੂਨ ਵਿੱਚ ਭਿੱਜਿਆ ਹੋਇਆ ਸੀ।

ਇੱਥੇ ਦੇਖੋ ਹਰਭਜਨ ਸਿੰਘ ਦਾ ਟਵੀਟ

ਆਮ ਆਦਮੀ ਪਾਰਟੀ ਤੋਂ ਸਾਂਸਦ ਅਤੇ ਸਾਬਕਾ ਕ੍ਰਿਕੇਟਰ ਹਰਭਜਨ ਸਿੰਘ ਨੇ ਵੀ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ, ਮੈਂ ਉੱਤਰੀ ਹਾਲੀਵੁੱਡ ‘ਚ ਹੋਏ ਨਫ਼ਰਤ ਹਮਲੇ ਤੋਂ ਬਹੁਤ ਹੈਰਾਨ ਹਾਂ ਅਤੇ ਗੁੱਸੇ ਵਿੱਚ ਹਾਂ। ਇੱਕ 70 ਸਾਲਾ ਸਿੱਖ ਵਿਅਕਤੀ ਹਰਪਾਲ ਸਿੰਘ ‘ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਸੀ, ਜਿਸ ਕਾਰਨ ਉਹ ਕੋਮਾ ਵਿੱਚ ਚਲੇ ਗਏ ਸਨ। ਕਿਸੇ ਨੂੰ ਉਸ ਦੇ ਵਿਸ਼ਵਾਸ, ਨਸਲ ਜਾਂ ਦਿੱਖ ਕਾਰਨ ਨਿਸ਼ਾਨਾ ਬਣਾਉਣਾ ਇੱਕ ਘਿਣਾਉਣਾ ਅਤੇ ਕਾਇਰਤਾਪੂਰਨ ਕਾਰਵਾਈ ਹੈ। ਇਹ ਮਨੁੱਖਤਾ, ਵਿਭਿੰਨਤਾ, ਸਹਿਣਸ਼ੀਲਤਾ ਤੇ ਆਪਸੀ ਸਤਿਕਾਰ ਦੀਆਂ ਕਦਰਾਂ-ਕੀਮਤਾਂ ‘ਤੇ ਹਮਲਾ ਸੀ ਜੋ ਸਮਾਜਾਂ ਨੂੰ ਇਕੱਠੇ ਰੱਖਦੇ ਹਨ।”

ਹਰਪਾਲ ਸਿੰਘ ਦੇ ਭਰਾ ਡਾ. ਗੁਰਦਿਆਲ ਸਿੰਘ ਰੰਧਾਵਾ ਨੇ ਕਿਹਾ ਕਿ ਹਰਪਾਲ ਸਿੰਘ ਹਮਲੇ ਵਿੱਚ ਮੁਸ਼ਕਿਲ ਨਾਲ ਬਚੇ ਹਨ। ਉਨ੍ਹਾਂ ਦੀ ਹਾਲਤ ਗੰਭੀਰ ਹੈ ਅਤੇ ਉਹ ਹਸਪਤਾਲ ਵਿੱਚ ਦਾਖਲ ਹਨ। ਉਨ੍ਹਾਂ ਦੇ ਚਿਹਰੇ ਦੀਆਂ ਟੁੱਟੀਆਂ ਹੱਡੀਆਂ ‘ਤੇ ਸਿਰ ਵਿੱਚੋਂ ਖੂਨ ਵਹਿਣ ਕਾਰਨ ਉਨ੍ਹਾਂ ਦੀਆਂ ਤਿੰਨ ਸਰਜਰੀਆਂ ਹੋਈਆਂ ਹਨ। ਹਮਲੇ ਤੋਂ ਬਾਅਦ ਸਾਹਮਣੇ ਆਈ ਵੀਡੀਓ ਵਿੱਚ ਉਨ੍ਹਾਂ ਨੂੰ ਖੂਨ ਚ ਭਿੱਜੇ ਹੋਏ ਫੁੱਟਪਾਥ ‘ਤੇ ਬੈਠੇ ਦਿਖਾਇਆ ਗਿਆ ਹੈ। ਉਨ੍ਹਾਂ ‘ਤੇ ਹਮਲੇ ਵਿੱਚ ਵਰਤਿਆ ਗਿਆ ਹਥਿਆਰ ਅਜੇ ਵੀ ਉਨ੍ਹਾਂ ਦੇ ਪੈਰਾਂ ਕੋਲ ਰੱਖਿਆ ਗਿਆ ਹੈ।

ਡਾ. ਰੰਧਾਵਾ ਨੇ ਕਿਹਾ, “ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਨੂੰ ਨਹੀਂ ਪਤਾ ਕਿ ਰੱਬ ਨੇ ਉਨ੍ਹਾਂ ਨੂੰ ਕਿਵੇਂ ਬਚਾਇਆ। ਉਹ ਲਗਭਗ ਮਰ ਚੁੱਕੇ ਸਨ।”

ਸਿੱਖ ਕੋਲੀਸ਼ਨ ਦੀ ਕਾਨੂੰਨੀ ਨਿਰਦੇਸ਼ਕ ਮੁਨਮੀਤ ਕੌਰ ਨੇ ਕਿਹਾ, “ਕੋਈ ਵੀ ਉਨ੍ਹਾਂ ਨੂੰ ਰੋਕਣ ਲਈ ਉਦੋਂ ਤੱਕ ਨਹੀਂ ਆਇਆ, ਜਦੋਂ ਕਿ ਇੰਨੀ ਗੰਭੀਰ ਹਾਲਤ ‘ਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਇਸ ਨੇ ਸਾਡੇ ਭਾਈਚਾਰੇ ਵਿੱਚ ਡਰ ਫੈਲਾ ਦਿੱਤਾ ਹੈ।”