ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ, ਤਾਪਮਾਨ ਆਮ ਨਾਲੋਂ 2.7 ਡਿਗਰੀ ਘੱਟ

tv9-punjabi
Updated On: 

07 Jul 2025 07:19 AM IST

Punjab Weather Update: ਪੰਜਾਬ ਵਿੱਚ 10 ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਕਾਰਨ ਭਾਰੀ ਮੀਂਹ ਦੀ ਸੰਭਾਵਨਾ ਹੈ। ਤਾਪਮਾਨ ਆਮ ਨਾਲੋਂ 2.7 ਡਿਗਰੀ ਘੱਟ ਹੈ। ਮੌਨਸੂਨ ਸੀਜ਼ਨ ਦੌਰਾਨ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਲਈ ਔਰੇਂਜ ਅਤੇ ਕਈ ਥਾਵਾਂ 'ਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ, ਤਾਪਮਾਨ ਆਮ ਨਾਲੋਂ 2.7 ਡਿਗਰੀ ਘੱਟ

Photo Credit: Meta AI

Follow Us On

ਪੰਜਾਬ ਵਿੱਚ ਅੱਜ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਨੂੰ ਵੀ ਹਾਲਾਤ ਇਹੀ ਰਹਿਣ ਦੀ ਸੰਭਾਵਨਾ ਹੈ। ਐਤਵਾਰ ਨੂੰ ਹੋਈ ਬਾਰਿਸ਼ ਤੋਂ ਬਾਅਦ, ਸੂਬੇ ਦਾ ਤਾਪਮਾਨ ਆਮ ਨਾਲੋਂ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਸਾਲ ਮੌਨਸੂਨ ਸੀਜ਼ਨ ਦੌਰਾਨ ਪੂਰੇ ਸੂਬੇ ਵਿੱਚ ਆਮ ਤੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਗਿਆਨ ਕੇਂਦਰ ਮੁਤਾਬਕ ਐਤਵਾਰ ਸਵੇਰ ਤੱਕ ਸੂਬੇ ਵਿੱਚ 3.5 ਮਿਲੀਮੀਟਰ ਮੀਂਹ ਪਿਆ। ਇਸ ਦੇ ਨਾਲ ਹੀ ਐਤਵਾਰ ਦੁਪਹਿਰ ਤੱਕ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਜਿਸ ਕਾਰਨ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 1.8 ਡਿਗਰੀ ਘੱਟ ਗਿਆ ਹੈ, ਜਿਸ ਤੋਂ ਬਾਅਦ ਪੰਜਾਬ ਦਾ ਵੱਧ ਤੋਂ ਵੱਧ ਔਸਤ ਤਾਪਮਾਨ ਆਮ ਨਾਲੋਂ 2.7 ਡਿਗਰੀ ਘੱਟ ਦਰਜ ਕੀਤਾ ਗਿਆ। ਬਠਿੰਡਾ ਸਭ ਤੋਂ ਗਰਮ ਸ਼ਹਿਰ ਰਿਹਾ, ਜਿੱਥੇ 35 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਅੱਜ ਪੂਰੇ ਸੂਬੇ ਵਿੱਚ ਮੀਂਹ ਦਾ ਅਲਰਟ

ਅੱਜ ਪੰਜਾਬ ਦੇ 10 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਵਿੱਚ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪੂਰੇ ਸੂਬੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਮੰਗਲਵਾਰ ਨੂੰ ਇਹ ਚੇਤਾਵਨੀ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਤੱਕ ਸੀਮਿਤ ਰਹੇਗੀ। ਜਦੋਂ ਕਿ ਤਰਨਤਾਰਨ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਪੰਜਾਬ ਵਿੱਚ ਮੌਨਸੂਨ ਦੀ ਸਥਿਤੀ

ਇਸ ਸਾਲ ਪੰਜਾਬ ਵਿੱਚ ਮੌਨਸੂਨ ਆਮ ਨਾਲੋਂ ਵੱਧ ਮੀਂਹ ਪੈ ਰਿਹਾ ਹੈ। 1 ਜੂਨ ਤੋਂ 6 ਜੁਲਾਈ ਤੱਕ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ 89.7 ਮਿਲੀਮੀਟਰ ਮੀਂਹ ਪਿਆ ਹੈ, ਜਦੋਂ ਕਿ ਇਨ੍ਹਾਂ ਦਿਨਾਂ ਦੌਰਾਨ ਆਮ ਮੀਂਹ 77.4 ਮਿਲੀਮੀਟਰ ਹੁੰਦਾ ਹੈ। ਇਹ ਮੀਂਹ ਆਮ ਨਾਲੋਂ 16 ਫੀਸਦ ਵੱਧ ਹੈ। ਇਸ ਦੇ ਨਾਲ ਹੀ, 1 ਤੋਂ 6 ਜੁਲਾਈ ਤੱਕ, ਸੂਬੇ ਵਿੱਚ 60 ਮਿਲੀਮੀਟਰ ਮੀਂਹ ਪਿਆ ਹੈ, ਜੋ ਕਿ ਆਮ ਨਾਲੋਂ 71 ਫੀਸਦ ਵੱਧ ਹੈ।