ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦਾ ਕਹਿਰ: ਗੁਰਦਾਸਪੁਰ ‘ਚ ਟੁੱਟਿਆ ਧੁੱਸੀ ਬੰਨ੍ਹ, ਅਜਨਾਲਾ ਸ਼ਹਿਰ ਤੱਕ ਪਹੁੰਚਿਆ ਪਾਣੀ

Updated On: 

31 Aug 2025 07:57 AM IST

Punjab Flood: ਰਾਵੀ ਦਰਿਆ ਦੇ ਵਧਦੇ ਪਾਣੀ ਦੇ ਪੱਧਰ ਕਾਰਨ, ਗੁਰਦਾਸਪੁਰ ਦੇ ਘੋਨੇਵਾਲੇ ਵਿੱਚ ਧੁੱਸੀ ਬੰਨ੍ਹ ਟੁੱਟ ਗਿਆ। ਇਸ ਕਾਰਨ ਪਾਣੀ ਲਗਭਗ 15 ਕਿਲੋਮੀਟਰ ਦੂਰ ਅਜਨਾਲਾ ਸ਼ਹਿਰ ਤੱਕ ਪਹੁੰਚ ਗਿਆ। ਇਸ ਹੜ੍ਹ ਕਾਰਨ, 80 ਪਿੰਡ ਪਾਣੀ ਵਿੱਚ ਡੁੱਬ ਗਏ ਹਨ।

ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦਾ ਕਹਿਰ: ਗੁਰਦਾਸਪੁਰ ਚ ਟੁੱਟਿਆ ਧੁੱਸੀ ਬੰਨ੍ਹ, ਅਜਨਾਲਾ ਸ਼ਹਿਰ ਤੱਕ ਪਹੁੰਚਿਆ ਪਾਣੀ

ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦਾ ਕਹਿਰ, (Photo Credit: PTI)

Follow Us On

ਪੰਜਾਬ ਦੇ 9 ਜਿਲ੍ਹੇ ਇਸ ਵੇਲੇ ਹੜ੍ਹ ਦੀ ਮਾਰ ਝੇਲ ਰਹੇ ਹਨ। ਹੜ੍ਹ ਦੇ ਕਹਿਰ ਕਾਰਨ ਲਗਭਗ 1018 ਪਿੰਡ ਪ੍ਰਭਾਵਿਤ ਹੋਏ ਹਨ। ਲੋਕਾਂ ਦੇ ਘਰ ਅਤੇ ਖੇਤ ਪਾਣੀ ਵਿੱਚ ਡੁੱਬ ਗਏ ਹਨ। ਘਰਾਂ ਤੋਂ ਲੈ ਕੇ ਫਸਲਾਂ ਤੱਕ ਭਾਰੀ ਨੁਕਸਾਨ ਹੋਇਆ ਹੈ। ਰਾਹਤ ਅਤੇ ਬਚਾਅ ਕਾਰਜਾਂ ਲਈ ਸਰਕਾਰ, ਐਨਡੀਆਰਐਫ ਦੀਆਂ 11 ਟੀਮਾਂ ਅਤੇ 4 ਜਿਲ੍ਹਿਆਂ ਵਿੱਚ ਸੇਨਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ। ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਅੱਜ ਮੀਂਹ ਨੂੰ ਲੈ ਕੇ ਕੁਝ ਥਾਵਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਸ਼ਾਮਲ ਹਨ।

ਰਾਵੀ ਦੇ ਪਾਣੀ ਨੇ 80 ਪਿੰਡਾਂ ਵਿੱਚ ਮਚਾਈ ਤਬਾਹੀ

ਰਾਵੀ ਦਰਿਆ ਦੇ ਵਧਦੇ ਪਾਣੀ ਦੇ ਪੱਧਰ ਕਾਰਨ, ਗੁਰਦਾਸਪੁਰ ਦੇ ਘੋਨੇਵਾਲੇ ਵਿੱਚ ਧੁੱਸੀ ਬੰਨ੍ਹ ਟੁੱਟ ਗਿਆ। ਇਸ ਕਾਰਨ ਪਾਣੀ ਲਗਭਗ 15 ਕਿਲੋਮੀਟਰ ਦੂਰ ਅਜਨਾਲਾ ਸ਼ਹਿਰ ਤੱਕ ਪਹੁੰਚ ਗਿਆ। ਇਸ ਹੜ੍ਹ ਕਾਰਨ, 80 ਪਿੰਡ ਪਾਣੀ ਵਿੱਚ ਡੁੱਬ ਗਏ ਹਨ।

ਫਸਲਾਂ ਨੂੰ ਹੋਇਆ ਭਾਰੀ ਨੁਕਸਾਨ

ਫਾਜ਼ਿਲਕਾ ਜਿਲ੍ਹੇ ਦੇ 16,632 ਹੈਕਟਰ (41,099 ਏਕੜ) ਜਮੀਨ ਹੜ ਦੀ ਚਪੇਟ ਵਿੱਚ ਆ ਗਈ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਵਿੱਚ 10,806 ਹੈਕਟਰ, ਕਪੂਰਥਲਾ ਵਿੱਚ 11,620, ਪਠਾਨਕੋਟ ਵਿੱਚ 7,000, ਤਰਨਤਾਰਨ ਵਿੱਚ 9,928 ਅਤੇ ਹੁਸ਼ਿਆਰਪੁਰ ਵਿੱਚ 5,287 ਹੈਕਟਰ ਫਸਲ ਬਰਬਾਦ ਹੋਈ ਹੈ।

ਹੁਣ ਤੱਕ 11,330 ਲੋਕਾਂ ਨੂੰ ਬਚਾਇਆ

ਰਾਹਤ ਟੀਮਾਂ ਵੱਲੋਂ ਹੁਣ ਤੱਕ 11,330 ਲੋਕਾਂ ਨੂੰ ਹੜ੍ਹ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇਨ੍ਹਾਂ ਵਿੱਚ ਫਿਰੋਜ਼ਪੁਰ ਦੇ 2819, ਹੁਸ਼ਿਆਰਪੁਰ ਦੇ 1052, ਕਪੂਰਥਲਾ ਦੇ 240, ਗੁਰਦਾਸਪੁਰ ਦੇ 4771, ਮੋਗਾ ਦੇ 24, ਪਠਾਨਕੋਟ ਦੇ 1100, ਤਰਨਤਾਰਨ ਦੇ 60, ਬਰਨਾਲਾ 25 ਅਤੇ ਫਾਜ਼ਿਲਕਾ ਦੇ 1239 ਲੋਕ ਹਨ।

77 ਰਾਹਤ ਕੈਂਪ ਚਲਾਏ

ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਸਥਾਪਤ ਕੁੱਲ 87 ਰਾਹਤ ਕੈਂਪਾਂ ਵਿੱਚੋਂ 77 ਇਸ ਸਮੇਂ ਸਰਗਰਮ ਹਨ। ਇਨ੍ਹਾਂ ਵਿੱਚ 4,729 ਲੋਕ ਰਹਿ ਰਹੇ ਹਨ।

ਤਾਪਮਾਨ 0.1 ਡਿਗਰੀ ਵਧਿਆ

ਮੌਸਮ ਵਿਭਾਗ ਮੁਤਾਬਕ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਗਰਜ, ਬਿਜਲੀ ਡਿੱਗਣ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਬਾਕੀ ਜ਼ਿਲ੍ਹਿਆਂ ਵਿੱਚ ਵੀ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ।

ਇਸ ਦੌਰਾਨ, ਸੂਬੇ ਵਿੱਚ ਤਾਪਮਾਨ 0.1 ਡਿਗਰੀ ਵਧਿਆ ਹੈ। ਇਸ ਸਮੇਂ ਇਹ ਆਮ ਤਾਪਮਾਨ ਤੋਂ 2.2 ਡਿਗਰੀ ਘੱਟ ਦਰਜ ਕੀਤਾ ਗਿਆ ਹੈ। ਪਠਾਨਕੋਟ ਵਿੱਚ ਸਭ ਤੋਂ ਵੱਧ ਤਾਪਮਾਨ 35 ਡਿਗਰੀ ਦਰਜ ਕੀਤਾ ਗਿਆ।