ਕਿਉਂ ਮਨਾਈ ਜਾਂਦੀ ਹੈ ਸ਼ਿਵਰਾਤਰੀ, ਪੰਡਿਤ ਤੋਂ ਜਾਣੋ ਇਸ ਦੀ ਮਹੱਤਤਾ ਤੇ ਪੂਜਾ ਵਿਧੀ
ਕੱਲ ਪੂਰੇ ਵਿਸ਼ਵ ਭਰ ਵਿੱਚ ਤਿੰਨਾਂ ਲੋਕਾਂ ਦੇ ਮਾਲਿਕ, ਦੇਵਾਂ ਦੇ ਦੇਵ ਮਹਾਦੇਵ ਭਗਵਾਨ ਸ਼ਿਵ ਜੀ ਦੀ ਪਵਿੱਤਰ ਤਿਉਹਾਰ ਮਹਾਂ ਸ਼ਿਵਰਾਤਰੀ ਭਗਤਾਂ ਵੱਲੋਂ ਬੜੇ ਹੀ ਧੂਮ-ਧਾਮ ਅਤੇ ਸ਼ਰਧਾ ਭਾਵ ਨਾਲ ਮਨਾਈ ਜਾ ਰਹੀ ਹੈ। ਮਹਾਂ ਸ਼ਿਵਰਾਤਰੀ ਸਿਰਫ਼ ਇੱਕ ਤਿਉਹਾਰ ਹੀ ਨਹੀਂ, ਸਗੋਂ ਆਤਮਕ ਸ਼ਾਂਤੀ, ਤਿਆਗ ਅਤੇ ਭਗਵਾਨ ਸ਼ਿਵ ਜੀ ਦੀ ਅਰਾਧਨਾ ਦਾ ਮਹਾਨ ਦਿਨ ਹੈ।
ਮਹਾਂ ਸ਼ਿਵਰਾਤਰੀ ਕਿਉਂ ਮਨਾਈ ਜਾਂਦੀ ਹੈ, ਇਸ ਦਾ ਇਤਿਹਾਸ ਕੀ ਹੈ ਅਤੇ ਇਸ ਨਾਲ ਜੁੜੀਆਂ ਮਾਨਤਾਵਾਂ ਕੀ ਹਨ—ਇਹ ਸਭ ਜਾਣਨ ਲਈ ਅੱਜ ਅਸੀਂ ਪਹੁੰਚੇ ਅੰਮ੍ਰਿਤਸਰ ਦੇ ਪ੍ਰਾਚੀਨ ਅਤੇ ਇਤਿਹਾਸਕ ਸ੍ਰੀ ਦੁਰਗਿਆਣਾ ਮੰਦਰ ਪਹੁੰਚ ਕੇ ਜਿੱਥੇ ਅਸੀਂ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਮੇਘ ਸ਼ਾਮ ਜੀ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਪੰਡਿਤ ਮੇਘ ਸ਼ਾਮ ਜੀ ਨੇ ਦੱਸਿਆ ਕਿ ਧਾਰਮਿਕ ਮਾਨਤਾਵਾਂ ਅਨੁਸਾਰ ਮਹਾਂ ਸ਼ਿਵਰਾਤਰੀ ਉਹ ਪਵਿੱਤਰ ਰਾਤ ਹੈ, ਜਦੋਂ ਭਗਵਾਨ ਸ਼ਿਵ ਜੀ ਦਾ ਮਾਤਾ ਪਾਰਵਤੀ ਜੀ ਨਾਲ ਵਿਵਾਹ ਹੋਇਆ ਸੀ। ਇਸ ਦੇ ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਸ਼ਿਵ ਜੀ ਨੇ ਸਮੁੰਦਰ ਮੰਥਨ ਦੌਰਾਨ ਨਿਕਲੇ ਵਿਸ਼ ਨੂੰ ਆਪਣੇ ਕੰਠ ਵਿੱਚ ਧਾਰਨ ਕਰਕੇ ਸੰਸਾਰ ਦੀ ਰੱਖਿਆ ਕੀਤੀ ਸੀ, ਜਿਸ ਕਾਰਨ ਉਹ ਨੀਲਕੰਠ ਕਹਲਾਏ।
ਪੰਡਿਤ ਜੀ ਨੇ ਇਹ ਵੀ ਸਮਝਾਇਆ ਕਿ ਮਹਾਂ ਸ਼ਿਵਰਾਤਰੀ ਦੇ ਦਿਨ ਭਗਤਾਂ ਨੂੰ ਸਵੇਰੇ ਉਠ ਕੇ ਇਸ਼ਨਾਨ ਕਰਨਾ, ਸ਼ੁੱਧ ਕੱਪੜੇ ਪਹਿਨ ਕੇ ਭਗਵਾਨ ਸ਼ਿਵ ਜੀ ਦੀ ਪੂਜਾ-ਅਰਾਧਨਾ ਕਰਨੀ ਚਾਹੀਦੀ ਹੈ। ਸ਼ਿਵਲਿੰਗ ਉੱਤੇ ਜਲ, ਦੁੱਧ, ਬੇਲਪੱਤਰ, ਧਤੂਰਾ ਅਤੇ ਭਸਮ ਅਰਪਣ ਕਰਨੀ ਬਹੁਤ ਸ਼ੁਭ ਮੰਨੀ ਜਾਂਦੀ ਹੈ। ਓਮ ਨਮ: ਸ਼ਿਵਾਯ ਮੰਤ੍ਰ ਦਾ ਜਪ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਜੀਵਨ ਦੇ ਦੁੱਖ-ਕਲੇਸ਼ ਦੂਰ ਹੁੰਦੇ ਹਨ। ਉਨ੍ਹਾਂ ਨੇ ਵਰਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਹਾਂ ਸ਼ਿਵਰਾਤਰੀ ਦਾ ਵਰਤ ਆਤਮਿਕ ਸ਼ੁੱਧਤਾ ਅਤੇ ਸੰਯਮ ਦਾ ਪ੍ਰਤੀਕ ਹੈ। ਭਗਤ ਆਪਣੀ ਸ਼ਰਧਾ ਅਨੁਸਾਰ ਨਿਰਜਲਾ ਵਰਤ, ਫਲਾਹਾਰ ਜਾਂ ਸਾਦਾ ਵਰਤ ਰੱਖ ਸਕਦੇ ਹਨ। ਵਰਤ ਦੇ ਦੌਰਾਨ ਸੱਚੇ ਮਨ ਨਾਲ ਭਗਵਾਨ ਸ਼ਿਵ ਜੀ ਦਾ ਸਿਮਰਨ ਕਰਨਾ ਸਭ ਤੋਂ ਮਹੱਤਵਪੂਰਣ ਹੈ।
ਅੰਤ ਵਿੱਚ ਪੰਡਿਤ ਮੇਘ ਸ਼ਾਮ ਜੀ ਨੇ ਸਾਰੇ ਸ਼ਰਧਾਲੂਆਂ ਨੂੰ ਇਹ ਸੰਦੇਸ਼ ਦਿੱਤਾ ਕਿ ਮਹਾਂ ਸ਼ਿਵਰਾਤਰੀ ਦੇ ਦਿਨ ਕੇਵਲ ਰਸਮਾਂ ਤੱਕ ਸੀਮਿਤ ਨਾ ਰਹਿਣ, ਸਗੋਂ ਭਗਵਾਨ ਸ਼ਿਵ ਜੀ ਦੇ ਆਦਰਸ਼—ਸਾਦਗੀ, ਤਿਆਗ ਅਤੇ ਕਰੁਣਾ—ਨੂੰ ਆਪਣੇ ਜੀਵਨ ਵਿੱਚ ਅਪਣਾਉਣ। ਇਹੀ ਮਹਾਂ ਸ਼ਿਵਰਾਤਰੀ ਦੀ ਅਸਲ ਮਹਾਨਤਾ ਹੈ।