ਨਰਾਤਿਆਂ ਮੌਕੇ ਦੁਰਗਿਆਣਾ ਮੰਦਰ ਵਿਖੇ ਲੱਗਿਆ ਲੰਗੂਰ ਮੇਲਾ, ਪਹੁੰਚ ਰਹੇ ਸ਼ਰਧਾਲੂ

| Edited By: Isha Sharma

Oct 03, 2024 | 6:12 PM

ਲੰਗੂਰ ਮੇਲਾ ਭਗਵਾਨ ਹਨੂੰਮਾਨ ਦੀ ਪੂਜਾ ਲਈ ਵਿਸ਼ੇਸ਼ ਤੌਰ ਤੇ ਮਸ਼ਹੂਰ ਹੈ। ਹਨੂੰਮਾਨ ਜੀ ਨੂੰ ਹਿੰਦੂ ਧਰਮ ਵਿੱਚ ਭਗਤਾਂ ਦੇ ਰੱਖਿਅਕ ਅਤੇ ਭਗਵਾਨ ਰਾਮ ਦੇ ਪ੍ਰਸ਼ੰਸਕ ਭਗਤ ਵਜੋਂ ਪੂਜਿਆ ਜਾਂਦਾ ਹੈ। ਇਸ ਮੇਲੇ ਵਿੱਚ ਹਨੂੰਮਾਨ ਜੀ ਨੂੰ ਬਾਂਦਰ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ ਅਤੇ ਸ਼ਰਧਾਲੂ ਲੰਗੂਰ ਦੇ ਪ੍ਰਤੀਕ ਵਿੱਚ ਉਨ੍ਹਾਂ ਦੀ ਪੂਜਾ ਕਰਦੇ ਹਨ। ਮੇਲੇ ਦੌਰਾਨ, ਸ਼ਰਧਾਲੂ ਆਪਣੇ ਸਰੀਰ ਨੂੰ ਸਿੰਦੂਰ ਨਾਲ ਸਜਾ ਕੇ ਅਤੇ ਭਗਵਾਨ ਹਨੂੰਮਾਨ ਦਾ ਰੂਪ ਧਾਰਨ ਕਰਕੇ ਭਗਵਾਨ ਹਨੂੰਮਾਨ ਦਾ ਗੁਣਗਾਨ ਕਰਦੇ ਹਨ। ਇਹ ਵਿਸ਼ਵਾਸ ਅਤੇ ਸ਼ਰਧਾ ਦਾ ਇੱਕ ਵਿਲੱਖਣ ਰੂਪ ਮੰਨਿਆ ਜਾਂਦਾ ਹੈ, ਜਿੱਥੇ ਸ਼ਰਧਾਲੂ ਆਪਣੇ ਪ੍ਰਧਾਨ ਦੇਵਤੇ ਪ੍ਰਤੀ ਸਮਰਪਣ ਅਤੇ ਸੇਵਾ ਦੀ ਭਾਵਨਾ ਪ੍ਰਗਟ ਕਰਦੇ ਹਨ।

ਅੱਸੂ ਦੇ ਨਰਾਤਰਿਆਂ ਵਿਖੇ ਸ੍ਰੀ ਦੁਰਗਿਆਨਾ ਮੰਦਰ ਵਿਖੇ ਹਰ ਸਾਲ ਲੰਗੂਰ ਮੇਲਾ ਲੱਗਦਾ ਹੈ। ਇਸ ਲੰਗੂਰ ਮੇਲੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਲੋਕ ਸ੍ਰੀ ਬੜਾ ਹਨੂੰਮਾਨ ਮੰਦਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹਨ। ਇਸ ਮੇਲੇ ਦੌਰਾਨ ਸ਼ਰਧਾਲੂ ਆਪਣੇ ਬੱਚਿਆਂ ਨੂੰ ਲੰਗੂਰ ਦਾ ਚੋਲਾ ਪਵਾਉਂਦੇ ਹਨ ਅਤੇ ਬੜਾ ਹਨੁਮਾਨ ਮੰਦਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹਨ। ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਵਿਖੇ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਲੰਗੂਰ ਮੇਲਾ ਬਹੁਤ ਹੀ ਮਹੱਤਵਪੂਰਨ ਧਾਰਮਿਕ ਅਤੇ ਸੱਭਿਆਚਾਰਕ ਮੇਲਾ ਹੈ। ਲਕਸ਼ਮੀ ਨਰਾਇਣ ਅਤੇ ਹਨੂੰਮਾਨ ਜੀ ਨੂੰ ਸਮਰਪਿਤ ਦੁਰਗਿਆਣਾ ਮੰਦਿਰ ਇਸ ਮੇਲੇ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਦਾ ਕੇਂਦਰ ਬਣ ਜਾਂਦਾ ਹੈ। ਇਹ ਮੇਲਾ ਹਨੂੰਮਾਨ ਜੀ ਦੀ ਸ਼ਰਧਾ ਅਤੇ ਉਨ੍ਹਾਂ ਦੀ ਅਦੁੱਤੀ ਸ਼ਕਤੀ ਨੂੰ ਸਮਰਪਿਤ ਹੈ, ਜਿਸ ਚ ਸ਼ਰਧਾਲੂ ਹਨੂੰਮਾਨ ਜੀ ਦੀ ਲੰਗੂਰ, ਉਨ੍ਹਾਂ ਦੇ ਪ੍ਰਤੀਕ ਰੂਪ ਚ ਪੂਜਾ ਕਰਦੇ ਹਨ।