Asian Games 2023: ਭਾਰਤੀ ਹਾਕੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਜਿੱਤਿਆ ਸੋਨ ਤਗ਼ਮਾ

| Oct 07, 2023 | 6:24 PM

ਭਾਰਤੀ ਹਾਕੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਜਾਪਾਨ ਨੂੰ 5-1 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ ਹੈ ਅਤੇ ਹੁਣ ਭਾਰਤੀ ਟੀਮ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਹੈ। ਭਾਰਤ ਦੀ ਜਿੱਤ ਤੋਂ ਬਾਅਦ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਭਾਰਤ ਦੇ ਹਮਲਾਵਰ ਖਿਡਾਰੀ ਮਨਦੀਪ ਸਿੰਘ ਅਤੇ ਕਪਤਾਨ ਮਨਪ੍ਰੀਤ ਸਿੰਘ ਦੇ ਘਰ ਜਸ਼ਨ ਮਨਾਇਆ ਗਿਆ।

ਏਸ਼ਿਆਈ ਖੇਡਾਂ ਵਿੱਚ ਪੰਜਾਬੀਆਂ ਨੇ 9 ਸਾਲਾਂ ਬਾਅਦ ਮੁੜ ਇਤਿਹਾਸ ਦੁਹਰਾਇਆ ਹੈ। ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਸੋਨ ਤਮਗਾ ਜਿੱਤ ਕੇ ਓਲੰਪਿਕ ਖੇਡਾਂ ਵਿੱਚ ਆਪਣੀ ਥਾਂ ਪੱਕੀ ਕਰਨ ਵਾਲੀ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ 10 ਖਿਡਾਰੀ ਸ਼ਾਮਲ ਹਨ। ਇਨ੍ਹਾਂ ਵਿੱਚੋਂ 5 ਖਿਡਾਰੀ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ, ਸੁਖਜੀਤ, ਹਾਰਦਿਕ ਸਿੰਘ ਜਲੰਧਰ ਨਾਲ ਸਬੰਧਤ ਹਨ ਜਿਸ ਨੂੰ ਹਾਕੀ ਦੀ ਨਰਸਰੀ ਕਿਹਾ ਜਾਂਦਾ ਹੈ। ਗੁਆਂਢੀ ਜ਼ਿਲ੍ਹੇ ਕਪੂਰਥਲਾ ਤੋਂ 1 ਖਿਡਾਰੀ ਕ੍ਰਿਸ਼ਨ ਬਹਾਦਰ ਪਾਠਕ ਜੀ.ਕੇ. ਹੈ। ਭਾਰਤੀ ਟੀਮ ਵਿੱਚ ਸ਼ਾਮਲ 10 ਪੰਜਾਬੀਆਂ ਵਿੱਚ ਅੰਮ੍ਰਿਤਸਰ ਤੋਂ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਸ਼ਮਸੇਰ ਸਿੰਘ, ਜਰਮਨਜੀਤ ਸਿੰਘ ਸ਼ਾਮਲ ਹਨ। ਇਹ ਦੂਜੀ ਵਾਰ ਹੈ ਕਿ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪੁਰਸ਼ ਹਾਕੀ ਟੀਮ ਵਿੱਚ ਸਿਰਫ਼ ਪੰਜਾਬ ਦੇ 10 ਖਿਡਾਰੀ ਹਨ। ਮੈਨਸ ਹਾਕੀ ਟੀਮ ਨੇ 1966 ਵਿੱਚ ਬੈਂਕਾਕ ਵਿੱਚ ਹੋਈਆਂ ਏਸ਼ਿਆਈ ਖੇਡਾਂ ਵਿੱਚ ਵੀ ਪਹਿਲੀ ਵਾਰ ਸੋਨ ਤਗ਼ਮਾ ਜਿੱਤਿਆ ਸੀ। ਉਸ ਜੇਤੂ ਹਾਕੀ ਟੀਮ ਵਿੱਚ ਵੀ 10 ਖਿਡਾਰੀ ਪੰਜਾਬ ਦੇ ਸਨ।

ਹਾਕੀ ਖਿਡਾਰੀ ਮਨਪ੍ਰੀਤ ਦੀ ਪਤਨੀ ਅਤੇ ਮਾਂ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਲਈ ਅਗਲਾ ਟੀਚਾ ਓਲੰਪਿਕ ‘ਚ ਸੋਨ ਤਮਗਾ ਜਿੱਤਣਾ ਹੈ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਭਾਰਤੀ ਟੀਮ ਬਹੁਤ ਵਧੀਆ ਖੇਡ ਖੇਡੇਗੀ। ਮਨਪ੍ਰੀਤ ਬਹੁਤ ਵਧੀਆ ਖੇਡ ਰਹੇ ਹਨ, ਇਸ ਵਾਰ ਸੋਨ ਤਗਮਾ ਭਾਰਤ ਦਾ ਹੀ ਹੋਵੇਗਾ। ਉਥੇ ਹੀ ਸਾਬਕਾ ਓਲੰਪੀਅਨ ਪ੍ਰਗਟ ਸਿੰਘ ਨੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਵਾਰ ਟੀਮ ਵਿੱਚ ਨੌਜਵਾਨ ਅਤੇ ਤਜ਼ਰਬੇਕਾਰ ਖਿਡਾਰੀਆਂ ਦਾ ਸੁਮੇਲ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ 10 ਖਿਡਾਰੀ ਪੰਜਾਬ ਦੇ ਹਨ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਓਲੰਪਿਕ ਵਿੱਚ ਟੀਮ ਇੰਡੀਆ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ ਅਤੇ ਭਾਰਤ ਲਈ ਸੋਨ ਤਗਮਾ ਲੈ ਕੇ ਆਵੇਗੀ।

Published on: Oct 07, 2023 02:43 PM