ਹੜ੍ਹਾਂ ਤੋਂ ਬਾਅਦ ਹੁਣ ਬੇਮੌਸਮੀ ਮੀਂਹ ਦਾ ਸ਼ਿਕਾਰ ਹੋਏ ਕਿਸਾਨ, ਫਸਲਾਂ ਮੁੜ ਹੋਇਆਂ ਖ਼ਰਾਬ
ਪੰਜਾਬ 'ਚ ਕਿਸਾਨਾਂ ਨੂੰ ਜਿੱਥੇ ਪਹਿਲੇ ਹੜ੍ਹਾਂ ਦੀ ਮਾਰ ਕਾਰਨ ਕਾਫੀ ਨੁਕਸਾਨ ਝਲਨਾ ਪਿਆ ਹੈ, ਉੱਥੇ ਹੀ ਹੁਣ ਬੇਮੌਸਮੀ ਮੀਂਹ ਨੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ, ਜਿਸ ਕਾਰਨ ਕਿਸਾਨ ਮੁਸ਼ਕਿਲ 'ਚ ਫਸ ਗਏ ਹਨ। ਕੁਦਰਤ ਦੀ ਮਾਰ ਝੱਲ ਰਿਹਾ ਕਿਸਾਨ ਹੁਣ ਪੂਰੀ ਤਰ੍ਹਾਂ ਪ੍ਰਸ਼ਾਸ਼ਨ ਦੇ ਨਿਰਭਰ ਹੈ, ਪਰ ਪ੍ਰਸ਼ਾਸ਼ਨ ਵੱਲੋਂ ਉਨਾਂ ਦਾ ਸਹਿਯੋਗ ਨਹੀਂ ਕੀਤਾ ਜਾ ਰਿਹਾ।
ਗੁਰਦਾਸਪੁਰ ਪ੍ਰਸ਼ਾਸਨ ਦੁਆਰਾ ਇੱਕ ਤਰਫ਼ ਤਾਂ ਕਿਸਾਨਾਂ ਨੂੰ ਸਖ਼ਤ ਹਿਦਾਇਤਾਂ ਦਿੱਤੀ ਜਾ ਰਹਿਆਂ ਹਨ ਕਿ ਮੰਡੀਆਂ ਵਿੱਚ ਚੌਣੇ ਦੀ ਫਸਲ ਨੂੰ ਚੰਗੀ ਤਰ੍ਹਾਂ ਸੁੱਕਣ ਤੋਂ ਬਾਅਦ ਹੀ ਮੰਡੀ ਲਿਆਂਦੀ ਜਾਵੇ। ਨਹੀਂ ਤਾਂ ਉਨ੍ਹਾਂ ਦੀ ਫਸਲ ਨਹੀਂ ਖਰੀਦੀ ਜਾਵੇਗੀ ਪਰ ਦੂਜੀ ਤਰਫ਼ ਜੋ ਫਸਲ ਮੰਡੀ ਵਿੱਚ ਪਹੁੰਚ ਚੁੱਕੀ ਹੈ ਉਸ ਨੂੰ ਮੀਂਹ ਦੀ ਮਾਰ ਝੇਲਣੀ ਪੈ ਰਹੀ ਹੈ। ਮੀਂਹ ਤੋਂ ਫਸਲਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਕੋਈ ਪੁਸ਼ਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ। ਸਵੇਰ ਤੋਂ ਹੋ ਰਹੇ ਮੀਂਹ ਕਾਰਨ ਕਿਸਾਨਾਂ ਦੀ ਫਸਲ ਦਾ ਪੂਰੀ ਤਰ੍ਹਾਂ ਨੁਕਸਾਨ ਹੋ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀਆਂ ਵਿੱਚ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤਾ ਗਿਆ ਹੈ। ਨਾ ਹੀ ਕੋਈ ਅਧਿਕਾਰੀ ਉਨ੍ਹਾਂ ਨਾਲ ਗੱਲ ਕਰਨ ਲਈ ਆਇਆ ਹੈ।