ਬਿਰਆਨੀ ਦੇ ਲਾਲਚ ਨੇ ਵਿਅਕਤੀ ਨੂੰ ਖੁਦਕੁਸ਼ੀ ਕਰਨ ਤੋਂ ਰੋਕਿਆ
Pic Credit: PTI
ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਹੋ ਜਾਂਦੇ ਹਨ ਅਤੇ ਉਸ ਸਮੱਸਿਆ ਨੂੰ ਖਤਮ ਕਰਨ ਦੀ ਬਜਾਏ, ਉਹ ਆਪਣੇ ਆਪ ਨੂੰ ਮਾਰਨ ਬਾਰੇ ਸੋਚਣ ਲੱਗ ਪੈਂਦੇ ਹਨ। ਮਨ ਵਿਚ ਬਹੁਤ ਨਕਾਰਾਤਮਕ ਵਿਚਾਰ ਆਉਣ ਲੱਗ ਪੈਂਦੇ ਹਨ ਕਿ ਲੋਕ ਚਾਹੁਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਰੋਕ ਨਹੀਂ ਪਾਉਂਦੇ। ਅਜਿਹੇ ‘ਚ ਮਾਮਲਾ ਖੁਦਕੁਸ਼ੀ ਤੱਕ ਵੀ ਪਹੁੰਚ ਜਾਂਦਾ ਹੈ। ਪਰ ਜੇਕਰ ਕੋਈ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਾਉਂਦਾ ਹੈ ਜਾਂ ਉਨ੍ਹਾਂ ਨੂੰ ਕਿਸੇ ਗੱਲ ਦਾ ਲਾਲਚ ਦਿੰਦਾ ਹੈ ਤਾਂ ਲੋਕ ਇਹ ਖਤਰਨਾਕ ਕਦਮ ਚੁੱਕਣ ਤੋਂ ਪਿੱਛੇ ਹਟ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੈ, ਜਿਸ ਨੇ ਨਾ ਸਿਰਫ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਸਗੋਂ ਉਨ੍ਹਾਂ ਨੂੰ ਹੱਸਣ ਲਈ ਵੀ ਮਜ਼ਬੂਰ ਕਰ ਦਿੱਤਾ ਹੈ।
ਦਰਅਸਲ ਮਾਮਲਾ ਅਜਿਹਾ ਹੈ ਕਿ ਇਕ ਵਿਅਕਤੀ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਪੁਲ ‘ਤੇ ਚੜ੍ਹਿਆ ਸੀ ਅਤੇ ਹੇਠਾਂ ਉਤਰਨ ਤੋਂ ਇਨਕਾਰ ਕਰ ਰਿਹਾ ਸੀ। ਅਜਿਹੇ ‘ਚ ਪੁਲਿਸ ਨੇ ਇੱਕ ਮਜ਼ੇਦਾਰ ਉਪਾਅ ਕੱਢਿਆ। ਵਿਅਕਤੀ ਨੂੰ ਅਜਿਹਾ ਲਾਲਚ ਦਿੱਤਾ ਕਿ ਉਹ ਖੁਦਕੁਸ਼ੀ ਕਰਨ ਦਾ ਇਰਾਦਾ ਭੁੱਲ ਗਿਆ ਅਤੇ ਤੁਰੰਤ ਹੇਠਾਂ ਆ ਗਿਆ। ਮਾਮਲਾ ਕੋਲਕਾਤਾ ਦਾ ਹੈ। ਪੀਟੀਆਈ ਦੀ ਰਿਪੋਰਟ ਮੁਤਾਬਕ ਇੱਕ ਅਧਿਕਾਰੀ ਨੇ ਦੱਸਿਆ ਕਿ ਕੋਲਕਾਤਾ ਪੁਲਿਸ ਨੇ ਇੱਕ ਵਿਅਕਤੀ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕਰਨਾ ਪਿਆ ਅਤੇ ਉਸ ਨੂੰ ਬਿਰਿਆਨੀ ਦਾ ਲਾਲਚ ਦੇਕੇ ਉਸ ਨੂੰ ਉਸ ਪੁਲ ਤੋਂ ਹੇਠਾਂ ਲਿਆਉਣ ਲਈ ਲੁਭਾਇਆ ਗਿਆ। ਉਹ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਪੁਲ ‘ਤੇ ਚੜ੍ਹਿਆ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਦੁਪਹਿਰ ਨੂੰ ਵਾਪਰੀ। ਵਿਅਕਤੀ ਵੱਲੋਂ ਪੁਲ ਤੇ ਚੜ੍ਹਨ ਕਾਰਨ ਸ਼ਹਿਰ ਦੀ ਸਭ ਤੋਂ ਵਿਅਸਤ ਸੜਕ ਤੇ ਕਰੀਬ ਅੱਧਾ ਘੰਟਾ ਜਾਮ ਲੱਗਿਆ ਰਿਹਾ। ਪੁਲਿਸ ਨੇ ਦੱਸਿਆ ਕਿ 40 ਸਾਲਾ ਵਿਅਕਤੀ ਆਪਣੀ ਪਤਨੀ ਤੋਂ ਵੱਖ ਹੋਣ ਦੇ ਨਾਲ-ਨਾਲ ਆਪਣੇ ਕਾਰੋਬਾਰ ਵਿਚ ਹੋਏ ਨੁਕਸਾਨ ਕਾਰਨ ਆਰਥਿਕ ਤੌਰ ‘ਤੇ ਘਿਰਿਆ ਹੋਇਆ ਸੀ ਅਤੇ ਗੰਭੀਰ ਭਾਵਨਾਤਮਕ ਤਣਾਅ ਵਿਚ ਸੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰਨ ਬਾਰੇ ਸੋਚਿਆ ਸੀ, ਪਰ ਪੁਲਿਸ ਦੀ ਸਮਝਦਾਰੀ ਨੇ ਉਸ ਦੀ ਮਦਦ ਕੀਤੀ ਅਤੇ ਉਸ ਦੀ ਜਾਨ ਬਚਾਈ।
ਪੀਟੀਆਈ ਨੇ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਵੀ ਸ਼ੇਅਰ ਕੀਤੀ ਹੈ, ਜਿਸ ਨੂੰ ਹਜ਼ਾਰਾਂ ਵਾਰ ਦੇਖਿਆ ਜਾ ਚੁੱਕਿਆ ਹੈ। ਲੋਕ ਇਹ ਜਾਣ ਕੇ ਹੈਰਾਨ ਹਨ ਕਿ ਕਿਸ ਤਰ੍ਹਾਂ ਵਿਅਕਤੀ ਨੇ ਬਿਰਿਆਨੀ ਦੇ ਨਾਂ ‘ਤੇ ਖੁਦਕੁਸ਼ੀ ਕਰਨ ਦਾ ਇਰਾਦਾ ਟਾਲ ਦਿੱਤਾ।