ਹਮਾਸ ਦੇ ਰਾਕੇਟ ਹਮਲਿਆਂ ਵਿਚਾਲੇ ਇਜ਼ਰਾਈਲੀ ਜੋੜੇ ਦਾ ਵੀਡੀਓ ਵਾਇਰਲ, ਰੋਂਦੇ ਹੋਏ ਸੁਣਾਈ ਹੱਡ ਬੀਤੀ

Updated On: 

09 Oct 2023 18:03 PM

Israel-Hamas War: ਸ਼ਨੀਵਾਰ ਨੂੰ ਇਜ਼ਰਾਈਲ ਅਤੇ ਫਲਿਸਤੀਨ ਵਿਚਕਾਰ ਜੰਗ ਸ਼ੁਰੂ ਹੋ ਗਈ। ਅੱਤਵਾਦੀ ਸੰਗਠਨ ਹਮਾਸ ਹੁਣ ਤੱਕ ਗਾਜ਼ਾ ਪੱਟੀ ਤੋਂ ਇਜ਼ਰਾਈਲ 'ਤੇ 5 ਹਜ਼ਾਰ ਤੋਂ ਵੱਧ ਰਾਕੇਟ ਦਾਗ ਚੁੱਕਿਆ ਹੈ। ਇਜ਼ਰਾਈਲ ਵੀ ਜਵਾਬੀ ਕਾਰਵਾਈ ਕਰ ਰਿਹਾ ਹੈ।

ਹਮਾਸ ਦੇ ਰਾਕੇਟ ਹਮਲਿਆਂ ਵਿਚਾਲੇ ਇਜ਼ਰਾਈਲੀ ਜੋੜੇ ਦਾ ਵੀਡੀਓ ਵਾਇਰਲ, ਰੋਂਦੇ ਹੋਏ ਸੁਣਾਈ ਹੱਡ ਬੀਤੀ

Photo Credit: Twitter @HananyaNaftali

Follow Us On

ਇਜ਼ਰਾਈਲ ਅਤੇ ਫਲਿਸਤੀਨ ਵਿਚਾਲੇ ਇੱਕ ਵਾਰ ਫਿਰ ਖੂਨੀ ਜੰਗ ਛਿੜ ਗਈ ਹੈ। ਅੱਤਵਾਦੀ ਸੰਗਠਨ ਹਮਾਸ (Hamas) ਗਾਜ਼ਾ ਪੱਟੀ ਤੋਂ ਇਜ਼ਰਾਈਲ ‘ਤੇ ਰਾਕੇਟ ਦਾਗ ਰਿਹਾ ਹੈ, ਜਿਸ ਦਾ ਇਜ਼ਰਾਈਲ ਨੇ ਹੁਣ ਮੂੰਹਤੋੜ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਪੱਤਰਕਾਰ ਅਤੇ ਉਸ ਦੀ ਪਤਨੀ ਦਾ ਵੀਡੀਓ ਵਾਇਰਲ (Viral Video) ਹੋਇਆ ਹੈ। ਜਿਸ ‘ਚ ਦਿਖਾਇਆ ਗਿਆ ਹੈ ਕਿ ਹਮਾਸ ਦੇ ਹਮਲਿਆਂ ਤੋਂ ਬਾਅਦ ਇੱਥੋਂ ਦੇ ਲੋਕ ਕਿੰਨੇ ਡਰੇ ਹੋਏ ਹਨ। ਇਜ਼ਰਾਈਲੀ ਜੋੜੇ ਨੇ ਬੰਬ ਸ਼ੈਲਟਰ ਵਿੱਚ ਲੁਕਦੇ ਹੋਏ ਇਹ ਵੀਡੀਓ ਬਣਾਈ ਹੈ। ਵੀਡੀਓ ‘ਚ ਜੋੜੇ ਨੇ ਦੱਸਿਆ ਕਿ ਕਿਵੇਂ ਸਵੇਰੇ ਰਾਕੇਟ ਹਮਲਿਆਂ ਕਾਰਨ ਉਨ੍ਹਾਂ ਦੀ ਅੱਖ ਖੁੱਲ੍ਹੀ ਅਤੇ ਉਹ ਸਿੱਧੇ ਬੰਬ ਸ਼ੈਲਟਰ ਵੱਲ ਭੱਜੇ।

ਪੱਤਰਕਾਰ ਹਨਨਿਆ ਅਤੇ ਉਸਦੀ ਪਤਨੀ ਇੰਡੀਆ ਨਫਤਾਲੀ ਨੇ ਤੇਲ ਅਵੀਵ ਦੇ ਇੱਕ ਬੰਬ ਸ਼ੈਲਟਰ ਵਿੱਚ ਲੁਕ ਕੇ ਇਹ ਵੀਡੀਓ ਬਣਾਇਆ ਹੈ। ਇਸ ਵਿੱਚ ਹਨਨਿਆ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਇਹ ਰਾਕੇਟ ਨਾਗਰਿਕਾਂ ਨੂੰ ਮਾਰਨ ਲਈ ਦਾਗੇ ਗਏ ਸਨ। ਉਨ੍ਹਾਂ ਕਿਹਾ ਇਹ ਇੱਕ ਵੱਡੀ ਜੰਗ ਹੈ। ਉਨ੍ਹਾਂ ਅੱਗੇ ਕਿਹਾ ਸ਼ਹਿਰ ਦਾ ਹਾਲ ਦੇਖ ਕੇ ਹੀ ਦਿਲ ਕੰਬ ਜਾਂਦਾ ਹੈ। ਲੋਕ ਆਪਣੇ ਲਾਪਤਾ ਰਿਸ਼ਤੇਦਾਰਾਂ ਦੀ ਭਾਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਤਵਾਦੀ ਸੰਗਠਨ ਹਮਾਸ ਨੇ ਕਈ ਨਾਗਰਿਕਾਂ ਅਤੇ ਸੈਨਿਕਾਂ ਨੂੰ ਅਗਵਾ ਕੀਤਾ ਹੈ।

ਇਸ ਦੇ ਨਾਲ ਹੀ ਹਨਨਿਆ ਦੀ ਪਤਨੀ ਇੰਡੀਆ ਦਾ ਕਹਿਣਾ ਹੈ ਕਿ ਉਸ ਨੇ ਇਸ ਤਰ੍ਹਾਂ ਦੀ ਭਿਆਨਕ ਸਥਿਤੀ ਪਹਿਲਾਂ ਕਦੇ ਨਹੀਂ ਦੇਖੀ ਹੈ। ਉਸ ਨੇ ਕਿਹਾ, ”ਡਰਾਉਣੇ ਦ੍ਰਿਸ਼ਾਂ ਦੀਆਂ ਤਸਵੀਰਾਂ ਦੇਖ ਕੇ ਮੈਂ ਸਿਰਫ ਇੰਨਾ ਹੀ ਕਹਿ ਸਕਦੀ ਹਾਂ ਕਿ ਇਹ ਯੁੱਧ ਤੋਂ ਘੱਟ ਨਹੀਂ ਹੈ।” ਇੰਡੀਆ ਨੇ ਅੱਗੇ ਕਿਹਾ ਕਿ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇਜ਼ਰਾਈਲ ਦੇ ਲੋਕ ਇੰਨਾ ਭਿਆਨਕ ਦ੍ਰਿਸ਼ ਦੇਖਣਗੇ। ਉਨ੍ਹਾਂ ਕਿਹਾ ਹਮਾਸ ਨੇ ਦੁਨੀਆ ਨੂੰ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ ਹੈ। ਇਨ੍ਹਾਂ ਅੱਤਵਾਦੀਆਂ ਨੂੰ ਰੋਕਿਆ ਜਾਣਾ ਚਾਹੀਦਾ ਹੈ।

‘ਕੋਈ ਵੀ ਜੰਗ ਨਹੀਂ ਚਾਹੁੰਦਾ’

ਇਸ ਤੋਂ ਬਾਅਦ ਜੋੜੇ ਨੇ ਦੱਸਿਆ ਕਿ ਕਿਵੇਂ ਇਨ੍ਹਾਂ ਹਮਲਿਆਂ ਦੌਰਾਨ ਸਵੇਰ ਤੋਂ ਸ਼ਾਮ ਤੱਕ ਲੋਕ ਭੁੱਖੇ-ਪਿਆਸੇ ਰਹਿੰਦੇ ਹਨ। ਲੋਕ ਆਪਣੀ ਜਾਨ ਬਚਾਉਣ ਲਈ ਲੁਕਣ ਲਈ ਜਗ੍ਹਾ ਲੱਭ ਰਹੇ ਹਨ। ਜੋੜੇ ਨੇ ਇਹ ਵੀ ਕਿਹਾ ਹੈ ਕਿ ਕਈ ਝੂਠੀਆਂ ਗੱਲਾਂ ਹੋ ਰਹੀਆਂ ਹਨ। ਇਜ਼ਰਾਈਲੀ ਨਾਗਰਿਕ ਕਦੇ ਵੀ ਜੰਗ ਨਹੀਂ ਚਾਹੁੰਦੇ। ਇਸ ਤੋਂ ਬਾਅਦ ਜੋੜਾ ਕਹਿੰਦਾ ਹੈ, ਤੁਸੀਂ ਕੀ ਸੋਚਦੇ ਹੋ, ਅਸੀਂ ਇਸ ਤਰ੍ਹਾਂ ਬੰਬ ਸ਼ੈਲਟਰ ਵਿਚ ਲੁਕ ਕੇ ਮਜ਼ਾ ਲੈ ਰਹੇ ਹਾਂ।