ਡਿਜੀਟਲ ਠੱਗੀ ਦੇ ਮਾਮਲੇ ਦਿਨ ਪ੍ਰਤੀ ਦਿਨ ਤੇਜ਼ੀ ਨਾਲ ਵੱਧ ਰਹੇ ਹਨ| ਗੁਜਰਾਤ ਦੇ ਗਾਂਧੀਨਗਰ ਵਿੱਚ ਰਹਿਣ ਵਾਲੇ ਇੱਕ ਡਾਕਟਰ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਿਆ ਹੈ। ਡਾਕਟਰ ਨੂੰ ਸਾਈਬਰ ਅਪਰਾਧੀਆਂ ਨੇ ਤਿੰਨ ਮਹੀਨਿਆਂ ਤੱਕ ਡਿਜੀਟਲ ਅਰੇਸਟ ਵਿੱਚ ਰੱਖਿਆ ਜਿਸ ਕਾਰਨ ਡਾਕਟਰ ਨੂੰ 19 ਕਰੋੜ ਰੁਪਏ ਦਾ ਨੁਕਸਾਨ ਹੋਇਆ। ਆਓ ਜਾਣਦੇ ਹਾਂ ਕਿ ਇਸ ਡਾਕਟਰ ਨਾਲ ਇਹ ਸਭ ਕਿਵੇਂ ਸ਼ੁਰੂ ਹੋਇਆ ਅਤੇ ਧੋਖੇਬਾਜ਼ਾਂ ਨੇ ਡਾਕਟਰ ਨੂੰ ਕਿਵੇਂ ਫਸਾਇਆ ਤਾਂ ਜੋ ਤੁਸੀਂ ਵੀ ਇਸ ਤਰ੍ਹਾਂ ਦੀਆਂ ਗਲਤੀਆਂ ਨਾ ਕਰੋ ਅਤੇ ਇਸ ਬਾਰੇ ਪਹਿਲਾਂ ਹੀ ਸਚੇਤ ਹੋ ਜਾਉਂ |
ਕਦੋਂ ਸ਼ੁਰੂ ਹੋਇਆ ਸਕੈਮ ?
ਧੋਖੇਬਾਜ਼ਾਂ ਨੇ 15 ਮਾਰਚ ਨੂੰ ਡਾਕਟਰ ਨੂੰ ਫ਼ੋਨ ਕੀਤਾ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਮੋਬਾਈਲ ਫ਼ੋਨ ‘ਤੇ ਇਤਰਾਜ਼ਯੋਗ ਸਮੱਗਰੀ ਮਿਲੀ ਹੈ। ਫ਼ੋਨ ਕਰਨ ਵਾਲੇ ਨੇ ਧਮਕੀ ਦਿੱਤੀ ਕਿ ਜੇਕਰ ਉਹ ਸਹਿਯੋਗ ਨਹੀਂ ਕਰਦਾ, ਤਾਂ ਉਸਦਾ ਫ਼ੋਨ ਕਨੈਕਸ਼ਨ ਕੱਟ ਦਿੱਤਾ ਜਾਵੇਗਾ ਅਤੇ ਉਸਨੂੰ ਮਨੀ ਲਾਂਡਰਿੰਗ ਦੇ ਕੇਸ ਵਿੱਚ ਫਸਾਇਆ ਜਾਵੇਗਾ। ਇਸ ਤੋਂ ਬਾਅਦ, ਲੋਕਾਂ ਨੇ ਕਈ ਅਧਿਕਾਰੀਆਂ ਦੇ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕੀਤਾ, ਜਿਨ੍ਹਾਂ ਵਿੱਚ ਇੱਕ ਸਬ-ਇੰਸਪੈਕਟਰ ਅਤੇ ਇੱਕ ਸਰਕਾਰੀ ਵਕੀਲ ਸ਼ਾਮਲ ਸਨ,ਉਨ੍ਹਾਂ ਵਲੋਂ ਡਾਕਟਰ ਨੂੰ ਫੋਨ ਕਰਕੇ ਡਰਾਇਆ ਅਤੇ ਧਮਕਾਈਆ ਗਿਆ। ਧਮਕੀਆਂ ਭਰੇ ਫੋਨ ਕਾਲਾਂ ਤੋਂ ਬਾਅਦ ਡਾਕਟਰ ਨੇ ਆਪਣੀ 19 ਕਰੋੜ ਦੀ ਜਮ੍ਹਾਂ ਪੁੱਜ਼ੀ ਨੂੰ 35 ਵੱਖ-ਵੱਖ ਬੈਂਕ ਖਾਤੀਆਂ ਵਿਚ ਟ੍ਰਾਂਸਫਰ ਕੀਤਾ। ਧੋਖੇਬਾਜ਼ ਇੱਥੇ ਹੀ ਨਹੀਂ ਰੁੱਕੇ ਸਗੋ ਉਨ੍ਹਾਂ ਨੇ ਡਾਕਟਰ ਨੂੰ ਕਿਹਾ ਕਿ ਉਹ ਆਪਣੇ ਗਹਿਣਿਆਂ ਤੇ ਲੋਨ ਲੈ ਕੇ ਉਸ ਪੈਸੇ ਨੂੰ ਵੀ ਟ੍ਰਾਂਸਫਰ ਕੀਤਾ। ਇਨ੍ਹਾਂ ਹੀ ਨਹੀਂ ਡਿਜੀਟਲ ਠੱਗਾ ਨੇ ਡਾਕਟਰ ਨੂੰ ਵੀਡਿਉ ਕਾਲਾਂ ਤੇ ਆਪਣੀ ਹਰ ਗਤੀਵਿਧੀ ਸ਼ੇਅਰ ਕਰਨ ਨੂੰ ਕਿਹਾ ਅਤੇ ਘਰੋਂ ਬਾਹਰ ਜਾਂਦੇ ਹੀ ਆਪਣੀ ਲਾਇਵ ਲੋਕੇਸ਼ਨ ਦੱਸਣ ਨੂੰ ਮਜ਼ਬੂਰ ਕੀਤਾ।
ਜਦੋਂ ਕਾਲਾਂ ਅਚਾਨਕ ਬੰਦ ਹੋ ਗਈਆਂ, ਤਾਂ ਉਸਨੂੰ ਅਹਿਸਾਸ ਹੋਇਆ ਕਿ ਕੁਝ ਗਲਤ ਹੈ ਅਤੇ ਉਸਨੇ ਆਪਣੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਸੂਚਿਤ ਕੀਤਾ। 16 ਜੁਲਾਈ ਨੂੰ ਮਿਲੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ, ਗੁਜਰਾਤ ਸੀਆਈਡੀ ਦੀ ਸਾਈਬਰ ਕ੍ਰਾਈਮ ਯੂਨਿਟ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਭਾਰਤ ਵਿੱਚ ਡਿਜੀਟਲ ਧੋਖਾਧੜੀ ਦੇ ਸਭ ਤੋਂ ਵੱਡੇ ਮਾਮਲਿਆਂ ਵਿੱਚੋਂ ਇੱਕ ਹੈ।
ਫੜਿਆ ਗਿਆ ਅਪਰਾਧੀ,ਇੰਨੇ ਪੈਸੇ ਹੋਏ ਬਰਾਮਦ
ਜਾਂਚ ਦੌਰਾਨ, ਪੁਲਿਸ ਨੇ ਸੂਰਤ ਵਿੱਚ ਇੱਕ ਸ਼ੱਕੀ ਵਿਅਕਤੀ ਦਾ ਪਤਾ ਲਗਾ ਕੇ ਉਸਨੂੰ ਗ੍ਰਿਫ਼ਤਾਰ ਕੀਤਾ, ਜਿਸਦੇ ਬੈਂਕ ਖਾਤੇ ਵਿੱਚ ਚੋਰੀ ਕੀਤੀ ਗਈ 1 ਕਰੋੜ ਰੁਪਏ ਦੀ ਰਕਮ ਜਮ੍ਹਾ ਕਰਵਾਈ ਗਈ ਸੀ। ਅਪਰਾਧੀ ਤੋਂ ਉਸਦੇ ਨੈੱਟਵਰਕ ਅਤੇ ਹੋਰ ਮੈਂਬਰਾਂ ਦੀ ਪਛਾਣ ਕਰਨ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।
ਕੀ ਹੈ ਡਿਜੀਟਲ ਘੁਟਾਲਾ?
ਇਹ ਇੱਕ ਬਹੁਤ ਹੀ ਖ਼ਤਰਨਾਕ ਸਾਈਬਰ ਧੋਖਾਧੜੀ ਹੈ, ਜਿਸ ਵਿੱਚ ਠੱਗ ਕਾਨੂੰਨ ਅਤੇ ਵਿਵਸਥਾ ਦੇ ਅਧਿਕਾਰੀਆਂ (ਜਿਵੇਂ ਕਿ ਸੀਬੀਆਈ, ਪੁਲਿਸ, ਸਾਈਬਰ ਸੈੱਲ ਜਾਂ ਈਡੀ ਅਧਿਕਾਰੀ) ਦੇ ਰੂਪ ਵਿੱਚ ਪੇਸ਼ ਹੋ ਕੇ ਲੋਕਾਂ ਨੂੰ ਧਮਕੀ ਦੇ ਕੇ ਠੱਗਦੇ ਹਨ। ਇਸ ਘੁਟਾਲੇ ਵਿੱਚ, ਪੀੜਤ ਨੂੰ “ਡਿਜੀਟਲ ਗ੍ਰਿਫਤਾਰੀ” ਦਾ ਲਾਲਚ ਦਿੱਤਾ ਜਾਂਦਾ ਹੈ।