IND vs PAK Match Cancel: ਭਾਰਤ-ਪਾਕਿਸਤਾਨ ਮੈਚ ਰੱਦ ਹੋਣ ‘ਤੇ ਆਇਆ ਸਭ ਤੋਂ ਵੱਡਾ ਬਿਆਨ, ‘ਅਸੀਂ ਕਿਸੇ ਦੀਆਂ ਭਾਵਨਾਵਾਂ ਨਾਲ ਨਹੀਂ ਖੇਡਣਾ ਚਾਹੁੰਦੇ…’
WCL 2025: World Championship of Legends (WCL) 2025 ਤੋਂ ਵੱਡੀ ਖ਼ਬਰ ਆ ਰਹੀ ਹੈ। ਐਤਵਾਰ 20 ਜੁਲਾਈ ਨੂੰ ਹੋਣ ਵਾਲਾ ਭਾਰਤ ਤੇ ਪਾਕਿਸਤਾਨ ਵਿਚਕਾਰ ਮੈਚ ਰੱਦ ਕਰ ਦਿੱਤਾ ਗਿਆ ਹੈ। WCL ਨੇ ਇਸ ਦਾ ਵੱਡਾ ਕਾਰਨ ਦੱਸਿਆ ਹੈ ਅਤੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ।
IND vs PAK Match Cancel: ਭਾਰਤ-ਪਾਕਿਸਤਾਨ ਮੈਚ ਰੱਦ ਹੋਣ 'ਤੇ ਆਇਆ ਸਭ ਤੋਂ ਵੱਡਾ ਬਿਆਨ (Photo: PTI)
World Championship of Legends (WCL) 2025 ‘ਚ ਐਤਵਾਰ 20 ਜੁਲਾਈ ਨੂੰ ਹੋਣ ਵਾਲਾ ਇੰਡੀਆ ਚੈਂਪੀਅਨਜ਼ ਤੇ ਪਾਕਿਸਤਾਨ ਚੈਂਪੀਅਨਜ਼ ਵਿਚਕਾਰ ਮੈਚ ਰੱਦ ਕਰ ਦਿੱਤਾ ਗਿਆ ਹੈ। ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ਆਪ੍ਰੇਸ਼ਨ ਸਿੰਦੂਰ ਚਲਾਇਆ ਤੇ ਪਾਕਿਸਤਾਨ ‘ਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ। ਭਾਵੇਂ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਹੋਈ ਹੈ, ਪਰ ਤਣਾਅ ਅਜੇ ਵੀ ਬਣਿਆ ਹੋਇਆ ਹੈ। ਇਸਦਾ ਪ੍ਰਭਾਵ ਖੇਡਾਂ ‘ਤੇ ਵੀ ਦੇਖਣ ਨੂੰ ਮਿਲਿਆ। ਲੰਡਨ ‘ਚ ਹੋਣ ਵਾਲੇ WCL 2025 ‘ਚ ਭਾਰਤ ਤੇ ਪਾਕਿਸਤਾਨ ਵਿਚਕਾਰ ਮੈਚ ਰੱਦ ਕਰਨ ਤੋਂ ਬਾਅਦ, WCL ਨੇ ਇੱਕ ਵੱਡਾ ਬਿਆਨ ਦਿੱਤਾ ਹੈ ਅਤੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ।
WCL ਨੇ ਮੁਆਫੀ ਮੰਗੀ
ਭਾਰਤ ਤੇ ਪਾਕਿਸਤਾਨ ਵਿਚਕਾਰ ਮੈਚ ਰੱਦ ਹੋਣ ਤੋਂ ਬਾਅਦ, WCL ਨੇ ਅਧਿਕਾਰਤ ਸੋਸ਼ਲ ਮੀਡੀਆ ਪੇਜ ‘ਤੇ ਭਾਰਤ ਦੇ ਦਿੱਗਜ ਕ੍ਰਿਕਟਰਾਂ ਤੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ। ਉਸ ਨੇ ਲਿਖਿਆ, “WCL ‘ਚ ਅਸੀਂ ਹਮੇਸ਼ਾ ਕ੍ਰਿਕਟ ਦੀ ਕਦਰ ਕਰਦੇ ਹਾਂ ਤੇ ਉਸ ਨਾਲ ਪਿਆਰ ਕਰਦੇ ਹਾਂ। ਸਾਡਾ ਟੀਚਾ ਸਿਰਫ ਪ੍ਰਸ਼ੰਸਕਾਂ ਨੂੰ ਖੁਸ਼ੀ ਦੇ ਪਲ ਦੇਣਾ ਹੈ”।
ਉਨ੍ਹਾਂ ਕਿਹਾ ਕਿ ਇਸ ਸਾਲ ਪਾਕਿਸਤਾਨ ਹਾਕੀ ਟੀਮ ਭਾਰਤ ਆ ਰਹੀ ਹੈ, ਇਸ ਖ਼ਬਰ ਸੁਣਨ ਤੋਂ ਬਾਅਦ ਤੇ ਹਾਲ ਹੀ ‘ਚ ਭਾਰਤ ਤੇ ਪਾਕਿਸਤਾਨ ਵਿਚਕਾਰ ਵਾਲੀਬਾਲ ਮੈਚ ਦੇਖਣ ਤੋਂ ਬਾਅਦ, ਅਸੀਂ WCL ‘ਚ ਭਾਰਤ ਤੇ ਪਾਕਿਸਤਾਨ ਵਿਚਕਾਰ ਮੈਚ ਕਰਵਾਉਣ ਬਾਰੇ ਸੋਚਿਆ, ਤਾਂ ਜੋ ਪ੍ਰਸ਼ੰਸਕਾਂ ਲਈ ਕੁਝ ਚੰਗੀਆਂ ਯਾਦਾਂ ਬਣਾਈਆਂ ਜਾ ਸਕਣ, ਪਰ ਇਸ ਕੋਸ਼ਿਸ਼ ‘ਚ ਅਸੀਂ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੋਵੇਗੀ ਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਹੋਵੇਗਾ।
WCL ਨੇ ਕਿਹਾ- ਅਸੀਂ ਪ੍ਰਸ਼ੰਸਕਾਂ ਲਈ ਖੁਸ਼ੀ ਦੇ ਪਲ ਲਿਆਉਣਾ ਚਾਹੁੰਦੇ ਸੀ
WCL ਨੇ ਅੱਗੇ ਲਿਖਿਆ, ਇਸ ਤੋਂ ਵੱਧ, ਅਸੀਂ ਅਣਜਾਣੇ ‘ਚ ਆਪਣੇ ਭਾਰਤੀ ਕ੍ਰਿਕਟ ਦਿੱਗਜਾਂ ਨੂੰ ਅਸੁਵਿਧਾ ਪਹੁੰਚਾਈ, ਜਿਨ੍ਹਾਂ ਨੇ ਦੇਸ਼ ਲਈ ਮਾਣ ਵਧਾਇਆ ਹੈ ਤੇ ਅਸੀਂ ਉਨ੍ਹਾਂ ਬ੍ਰਾਂਡਾਂ ਨੂੰ ਵੀ ਪ੍ਰਭਾਵਿਤ ਕੀਤਾ ਜਿਨ੍ਹਾਂ ਨੇ ਸਾਡਾ ਸਮਰਥਨ ਕੀਤਾ। ਇਸ ਲਈ, ਅਸੀਂ ਭਾਰਤ ਤੇ ਪਾਕਿਸਤਾਨ ਵਿਚਕਾਰ ਮੈਚ ਰੱਦ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਇੱਕ ਵਾਰ ਫਿਰ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਦਿਲੋਂ ਮੁਆਫੀ ਮੰਗਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਲੋਕ ਇਹ ਸਮਝਣਗੇ ਕਿ ਅਸੀਂ ਪ੍ਰਸ਼ੰਸਕਾਂ ਲਈ ਕੁਝ ਖੁਸ਼ੀ ਦੇ ਪਲ ਲਿਆਉਣਾ ਚਾਹੁੰਦੇ ਸੀ।”
ਇਨ੍ਹਾਂ ਭਾਰਤੀ ਖਿਡਾਰੀਆਂ ਨੇ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ
WCL 2025 ‘ਚ ਭਾਰਤ ਤੇ ਪਾਕਿਸਤਾਨ ਵਿਚਕਾਰ ਮੈਚ ਰੱਦ ਕਰਨ ਦਾ ਕਾਰਨ ਇਸ ਮੈਚ ਤੋਂ ਪੰਜ ਭਾਰਤੀ ਖਿਡਾਰੀਆਂ ਦਾ ਆਪਣਾ ਨਾਮ ਵਾਪਸ ਲੈਣਾ ਸੀ। ਪਹਿਲਗਾਮ ਹਮਲੇ ਦੇ ਵਿਰੋਧ ‘ਚ, ਹਰਭਜਨ ਸਿੰਘ, ਸ਼ਿਖਰ ਧਵਨ, ਇਰਫਾਨ ਪਠਾਨ, ਯੂਸਫ਼ ਪਠਾਨ ਅਤੇ ਸੁਰੇਸ਼ ਰੈਨਾ ਨੇ ਪਾਕਿਸਤਾਨ ਵਿਰੁੱਧ ਮੈਚ ਨਾ ਖੇਡਣ ਦਾ ਫੈਸਲਾ ਕੀਤਾ ਹੈ। ਜਿਸ ਤੋਂ ਬਾਅਦ WCL ਨੇ ਇਸ ਮੈਚ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।
