ਕਾਵਿਆ ਮਾਰਨ ਨੇ ਪਾਕਿਸਤਾਨ ਦੇ ਅਬਰਾਰ ਅਹਿਮਦ ‘ਤੇ ਕਿਉਂ ਖੇਡਿਆ ਕਰੋੜਾਂ ਦਾ ਦਾਅ? ਸਾਹਮਣੇ ਆਈ ਵੱਡੀ ਵਜ੍ਹਾ
Abrar Ahmed Sunrisers Leeds: ਦ ਹੰਡ੍ਰੇਡ 2026' ਦੀ ਨਿਲਾਮੀ ਵਿੱਚ ਪਾਕਿਸਤਾਨੀ ਸਪਿਨਰ ਅਬਰਾਰ ਅਹਿਮਦ ਨੂੰ ਸਨਰਾਈਜ਼ਰਜ਼ ਲੀਡਜ਼ ਵੱਲੋਂ ਖਰੀਦੇ ਜਾਣ ਤੋਂ ਬਾਅਦ ਭਾਰਤੀ ਕ੍ਰਿਕਟ ਜਗਤ ਵਿੱਚ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਭਾਰਤੀ ਪ੍ਰਸ਼ੰਸਕ ਇਸ ਫੈਸਲੇ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਆਖ਼ਰ ਭਾਰਤੀ ਮਾਲਕੀ ਵਾਲੀ ਫ੍ਰੈਂਚਾਇਜ਼ੀ ਨੂੰ ਪਾਕਿਸਤਾਨੀ ਸਪਿਨਰ ਨੂੰ ਖਰੀਦਣ ਦੀ ਲੋੜ ਕਿਉਂ ਪਈ?
ਕਾਵਿਆ ਮਾਰਨ ਨੇ ਅਬਰਾਰ 'ਤੇ ਕਿਉਂ ਖੇਡਿਆ ਕਰੋੜਾਂ ਦਾ ਦਾਅ? ਸਾਹਮਣੇ ਆਈ ਵੱਡੀ ਵਜ੍ਹਾ
ਦ ਹੰਡ੍ਰੇਡ 2026′ ਦੀ ਨਿਲਾਮੀ ਵਿੱਚ ਪਾਕਿਸਤਾਨੀ ਸਪਿਨਰ ਅਬਰਾਰ ਅਹਿਮਦ ਨੂੰ ਸਨਰਾਈਜ਼ਰਜ਼ ਲੀਡਜ਼ ਵੱਲੋਂ ਖਰੀਦੇ ਜਾਣ ਤੋਂ ਬਾਅਦ ਭਾਰਤੀ ਕ੍ਰਿਕਟ ਜਗਤ ਵਿੱਚ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਭਾਰਤੀ ਪ੍ਰਸ਼ੰਸਕ ਇਸ ਫੈਸਲੇ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਆਖ਼ਰ ਭਾਰਤੀ ਮਾਲਕੀ ਵਾਲੀ ਫ੍ਰੈਂਚਾਇਜ਼ੀ ਨੂੰ ਪਾਕਿਸਤਾਨੀ ਸਪਿਨਰ ਨੂੰ ਖਰੀਦਣ ਦੀ ਲੋੜ ਕਿਉਂ ਪਈ? ਇਸ ਸਬੰਧੀ ਸਨਰਾਈਜ਼ਰਜ਼ ਲੀਡਜ਼ ਦੇ ਕੋਚ ਡੈਨੀਅਲ ਵਿਟੋਰੀ ਨੇ ਖੁਲਾਸਾ ਕੀਤਾ ਹੈ।
ਕੋਚ ਡੈਨੀਅਲ ਵਿਟੋਰੀ ਨੇ ਦੱਸਿਆ ਖਰੀਦਣ ਦਾ ਅਸਲੀ ਕਾਰਨ
ਕੋਚ ਡੈਨੀਅਲ ਵਿਟੋਰੀ ਅਨੁਸਾਰ, ਉਨ੍ਹਾਂ ਦੀ ਟੀਮ ਦੀ ਪਹਿਲੀ ਪਸੰਦ ਇੰਗਲੈਂਡ ਦੇ ਦਿੱਗਜ ਲੈੱਗ ਸਪਿਨਰ ਆਦਿਲ ਰਾਸ਼ਿਦ ਸਨ। ਪਰ ਨਿਲਾਮੀ ਦੌਰਾਨ ‘ਸਦਰਨ ਬ੍ਰੇਵਜ਼’ ਨੇ ਰਾਸ਼ਿਦ ਨੂੰ ਖਰੀਦ ਲਿਆ। ਜਿਵੇਂ ਹੀ ਰਾਸ਼ਿਦ ਹੱਥੋਂ ਨਿਕਲੇ, ਲੀਡਜ਼ ਫ੍ਰੈਂਚਾਇਜ਼ੀ ਨੇ ਤੁਰੰਤ ਆਪਣੀ ਰਣਨੀਤੀ ਬਦਲੀ ਅਤੇ ਅਬਰਾਰ ਅਹਿਮਦ ‘ਤੇ ਦਾਅ ਲਗਾ ਦਿੱਤਾ। ਵਿਟੋਰੀ ਨੇ ਕਿਹਾ, “ਸ਼ੁਰੂ ਵਿੱਚ ਸਾਡੀ ਤਰਜੀਹ ਆਦਿਲ ਰਾਸ਼ਿਦ ਸਨ, ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਅਸੀਂ ਵਿਦੇਸ਼ੀ ਸਪਿਨਰਾਂ ਵੱਲ ਧਿਆਨ ਦਿੱਤਾ। ਅਸੀਂ ਚਾਰ-ਪੰਜ ਖਿਡਾਰੀਆਂ ‘ਤੇ ਵਿਚਾਰ ਕਰ ਰਹੇ ਸੀ ਅਤੇ ਅਬਰਾਰ ਉਨ੍ਹਾਂ ਵਿੱਚੋਂ ਇੱਕ ਸਨ। ਅਸੀਂ ਉਨ੍ਹਾਂ ਨੂੰ ਆਪਣੀ ਟੀਮ ‘ਚ ਸ਼ਾਮਲ ਕਰਕੇ ਖੁਸ਼ ਹਾਂ।”
ਪਾਕਿਸਤਾਨੀ ਖਿਡਾਰੀ ਨੂੰ ਲੈ ਕੇ ਨਹੀਂ ਹੋਈ ਸੀ ਕੋਈ ਵਿਸ਼ੇਸ਼ ਚਰਚਾ
ਵਿਟੋਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਾਕਿਸਤਾਨੀ ਖਿਡਾਰੀਆਂ ਨੂੰ ਨਾ ਖਰੀਦਣ ਦੇ ਮੁੱਦੇ ‘ਤੇ ਟੀਮ ਪ੍ਰਬੰਧਨ ਵਿੱਚ ਕੋਈ ਵੱਖਰੀ ਚਰਚਾ ਨਹੀਂ ਹੋਈ ਸੀ। ਉਨ੍ਹਾਂ ਕਿਹਾ, “ਸਾਡੀ ਯੋਜਨਾ ਨਿਲਾਮੀ ਵਿੱਚ ਸ਼ਾਮਲ ਸਾਰੇ ਖਿਡਾਰੀਆਂ ਲਈ ਸੀ। ਅਸੀਂ ਸਿਰਫ਼ ਇਸ ਗੱਲ ‘ਤੇ ਧਿਆਨ ਦਿੱਤਾ ਕਿ ਸਾਡੀ ਟੀਮ ਲਈ ਸਭ ਤੋਂ ਵਧੀਆ ਵਿਕਲਪ ਕੌਣ ਹੈ। ਅਬਰਾਰ ਇੱਕ ਰਹਿਸਮਈ (Mysterious) ਗੇਂਦਬਾਜ਼ ਹਨ। ਆਸਟ੍ਰੇਲੀਆਈ ਖਿਡਾਰੀਆਂ ਤੋਂ ਮਿਲੇ ਰੀਵਿਊ ਮੁਤਾਬਕ ਅਬਰਾਰ ਦਾ ਸਾਹਮਣਾ ਕਰਨਾ ਕਾਫੀ ਮੁਸ਼ਕਲ ਹੈ, ਉਹ ਪਾਵਰਪਲੇਅ ਅਤੇ ਮਿਡਲ ਓਵਰਾਂ ਵਿੱਚ ਬਿਹਤਰ ਗੇਂਦਬਾਜ਼ੀ ਕਰਨ ਦੀ ਸਮਰੱਥਾ ਰੱਖਦੇ ਹਨ।”
ਕਾਵਿਆ ਮਾਰਨ ਨੇ ਦਿੱਤੀ ਵੱਡੀ ਕੀਮਤ, ਬਣਿਆ ਨਵਾਂ ਰਿਕਾਰਡ
ਸਨਰਾਈਜ਼ਰਜ਼ ਦੀ ਮਾਲਕਣ ਕਾਵਿਆ ਮਾਰਨ ਨੇ ਅਬਰਾਰ ਅਹਿਮਦ ਨੂੰ 2.3 ਕਰੋੜ ਰੁਪਏ ਦੀ ਵੱਡੀ ਕੀਮਤ ‘ਤੇ ਖਰੀਦਿਆ ਹੈ। ਦੱਸਣਯੋਗ ਹੈ ਕਿ ਅਬਰਾਰ ਨੂੰ ਪਾਕਿਸਤਾਨ ਸੁਪਰ ਲੀਗ ਵਿੱਚ ਵੀ ਲਗਭਗ ਇੰਨੀ ਹੀ ਰਕਮ ਮਿਲਦੀ ਹੈ। ਅਬਰਾਰ ਅਹਿਮਦ ਪਹਿਲੇ ਅਜਿਹੇ ਪਾਕਿਸਤਾਨੀ ਖਿਡਾਰੀ ਬਣ ਗਏ ਹਨ, ਜਿਨ੍ਹਾਂ ਨੂੰ ਕਿਸੇ IPL ਟੀਮ ਦੇ ਭਾਰਤੀ ਮਾਲਕ ਨੇ ਕਿਸੇ ਵਿਦੇਸ਼ੀ ਟੀ-20 ਲੀਗ ਵਿੱਚ ਖਰੀਦਿਆ ਹੈ।
ਕਿਉਂ ਹੋ ਰਹੀ ਹੈ ਆਲੋਚਨਾ?
ਸਾਲ 2009 ਤੋਂ ਬਾਅਦ ਭਾਰਤੀ ਪ੍ਰੀਮੀਅਰ ਲੀਗ ਵਿੱਚ ਪਾਕਿਸਤਾਨੀ ਖਿਡਾਰੀਆਂ ‘ਤੇ ਪਾਬੰਦੀ ਲੱਗੀ ਹੋਈ ਹੈ। ਅਜਿਹੇ ਵਿੱਚ ਸਨਰਾਈਜ਼ਰਜ਼ ਲੀਡਜ਼ ਦੇ ਇਸ ਫੈਸਲੇ ਨੂੰ ਭਾਰਤੀ ਪ੍ਰਸ਼ੰਸਕਾਂ ਵੱਲੋਂ ਨਕਾਰਾਤਮਕ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ। ਚਾਰੇ ਪਾਸੇ ਸਨਰਾਈਜ਼ਰਜ਼ ਫ੍ਰੈਂਚਾਇਜ਼ੀ ਦੀ ਆਲੋਚਨਾ ਹੋ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਨਰਾਈਜ਼ਰਜ਼ ਪ੍ਰਬੰਧਨ ਇਸ ਵਿਵਾਦ ਨੂੰ ਕਿਵੇਂ ਸੰਭਾਲਦਾ ਹੈ ਅਤੇ ਅਬਰਾਰ ਮੈਦਾਨ ‘ਤੇ ਆਪਣੀ ਕੀਮਤ ਸਹੀ ਸਾਬਤ ਕਰ ਪਾਉਂਦੇ ਹਨ ਜਾਂ ਨਹੀਂ।
