ਟੀਮ ਇੰਡੀਆ ਦੀ ਜਰਸੀ ‘ਤੇ ਹੋਵੇਗਾ ਪਾਕਿਸਤਾਨ ਦਾ ਨਾਮ, ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ BCCI ਦਾ ਵੱਡਾ ਫੈਸਲਾ
Champion Trophy 2024:ਪਾਕਿਸਤਾਨ ਵੱਲੋਂ ਆਯੋਜਿਤ ਕੀਤੀ ਜਾਣ ਵਾਲੀ ਚੈਂਪੀਅਨਜ਼ ਟਰਾਫੀ 2025 ਹਾਈਬ੍ਰਿਡ ਮਾਡਲ 'ਤੇ ਹੋਵੇਗੀ। ਇਸ ਟੂਰਨਾਮੈਂਟ ਵਿੱਚ, ਟੀਮ ਇੰਡੀਆ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇਗੀ ਅਤੇ ਚੈਂਪੀਅਨਜ਼ ਟਰਾਫੀ ਦੌਰਾਨ, ਬੀਸੀਸੀਆਈ ਜਰਸੀ ਨਾਲ ਸਬੰਧਤ ਆਈਸੀਸੀ ਦੇ ਹਰ ਨਿਯਮ ਦੀ ਪਾਲਣਾ ਵੀ ਕਰੇਗੀ।
India Pak Match in Champion Trophy: ਚੈਂਪੀਅਨਜ਼ ਟਰਾਫੀ 2025 ਦੀ ਸ਼ੁਰੂਆਤ 19 ਫਰਵਰੀ ਤੋਂਹੋਣੀ ਹੈ। ਇਹ ਟੂਰਨਾਮੈਂਟ, ਪਾਕਿਸਤਾਨ ਦੀ ਮੇਜ਼ਬਾਨੀ ਹੇਠ ਖੇਡਿਆ ਜਾਣ ਵਾਲਾ ਇਹ ਟੂਰਨਾਮੈਂਟ ਹਾਈਬ੍ਰਿਡ ਮਾਡਲ ‘ਤੇ ਹੋਵੇਗਾ। ਇਸਦਾ ਮਤਲਬ ਹੈ ਕਿ ਟੀਮ ਇੰਡੀਆ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇਗੀ, ਇਸ ਤੋਂ ਇਲਾਵਾ ਬਾਕੀ ਸਾਰੀਆਂ ਟੀਮਾਂ ਪਾਕਿਸਤਾਨ ਦਾ ਦੌਰਾ ਕਰਨਗੀਆਂ। ਇਸ ਦੌਰਾਨ, ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਭਾਰਤੀ ਟੀਮ ਨੇ ਚੈਂਪੀਅਨਜ਼ ਟਰਾਫੀ ਲਈ ਆਪਣੀ ਜਰਸੀ ‘ਤੇ ਪਾਕਿਸਤਾਨ ਦਾ ਨਾਮ ਲਿਖਣ ਤੋਂ ਇਨਕਾਰ ਕਰ ਦਿੱਤਾ ਹੈ। ਆਮ ਤੌਰ ‘ਤੇ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਵਾਲੇ ਦੇਸ਼ ਦਾ ਨਾਮ ਸਾਰੀਆਂ ਟੀਮਾਂ ਦੀਆਂ ਜਰਸੀ ‘ਤੇ ਹੁੰਦਾ ਹੈ। ਜਿਸ ਤੋਂ ਬਾਅਦ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਸੀ। ਹਾਲਾਂਕਿ, ਹੁਣ ਇਸ ਮੁੱਦੇ ‘ਤੇ ਬੀਸੀਸੀਆਈ ਵੱਲੋਂ ਇੱਕ ਵੱਡਾ ਬਿਆਨ ਆਇਆ ਹੈ।
ਟੀਮ ਇੰਡੀਆ ਦੀ ਜਰਸੀ ‘ਤੇ ਹੋਵੇਗਾ ਪਾਕਿਸਤਾਨ ਦਾ ਨਾਮ
ਆਈਸੀਸੀ ਦੇ ਨਿਯਮਾਂ ਅਨੁਸਾਰ, ਆਈਸੀਸੀ ਦੇ ਬੈਨਰ ਹੇਠ ਹੋਣ ਵਾਲੇ ਸਾਰੇ ਟੂਰਨਾਮੈਂਟਾਂ ਵਿੱਚ, ਸਾਰੀਆਂ ਭਾਗੀਦਾਰ ਟੀਮਾਂ ਨੂੰ ਚੈਸਟ ਦੇ ਸੱਜੇ ਪਾਸੇ ਟੂਰਨਾਮੈਂਟ ਦਾ ਨਾਮ, ਮੇਜ਼ਬਾਨ ਦੇਸ਼ ਦਾ ਨਾਮ ਅਤੇ ਟੂਰਨਾਮੈਂਟ ਦਾ ਸਾਲ ਲਿਖਣਾ ਜ਼ਰੂਰੀ ਹੁੰਦਾ ਹੈ। ਬੀਸੀਸੀਆਈ ਦੇ ਨਵੇਂ ਸਕੱਤਰ ਦੇਵਜੀਤ ਸੈਕੀਆ ਨੇ ਵੀ ਹੁਣ ਪੁਸ਼ਟੀ ਕੀਤੀ ਹੈ ਕਿ ਚੈਂਪੀਅਨਜ਼ ਟਰਾਫੀ ਦੌਰਾਨ, ਬੀਸੀਸੀਆਈ ਜਰਸੀ ਨਾਲ ਸਬੰਧਤ ਆਈਸੀਸੀ ਦੇ ਹਰ ਨਿਯਮ ਦੀ ਪਾਲਣਾ ਕਰੇਗੀ। ਇਸਦਾ ਮਤਲਬ ਹੈ ਕਿ ਟੂਰਨਾਮੈਂਟ ਦੇ ਮੇਜ਼ਬਾਨ ਪਾਕਿਸਤਾਨ ਦਾ ਨਾਮਟੀਮ ਇੰਡੀਆ ਦੀ ਜਰਸੀ ‘ਤੇ ਹੋਵੇਗਾ।
ਹਾਲ ਹੀ ਵਿੱਚ, ਪਾਕਿਸਤਾਨ ਮੀਡੀਆ ਨੇ ਇਹ ਮੁੱਦਾ ਚੁੱਕਿਆ ਅਤੇ ਬੀਸੀਸੀਆਈ ‘ਤੇ ਟੀਮ ਇੰਡੀਆ ਦੀ ਜਰਸੀ ‘ਤੇ ਪਾਕਿਸਤਾਨ ਦਾ ਨਾਮ ਛਾਪਣ ਤੋਂ ਇਨਕਾਰ ਕਰਨ ਦਾ ਆਰੋਪ ਲਗਾਇਆ ਸੀ। ਪੀਸੀਬੀ ਇਸ ਮੁੱਦੇ ਨੂੰ ਆਈਸੀਸੀ ਕੋਲ ਲਿਜਾਣਾ ਵੀ ਚਾਹੁੰਦਾ ਸੀ। ਪਰ ਬੀਸੀਸੀਆਈ ਨੇ ਹੁਣ ਇਨ੍ਹਾਂ ਸਾਰੀਆਂ ਖ਼ਬਰਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਜਰਸੀ ਨਾਲ ਸਬੰਧਤ ਆਈਸੀਸੀ ਦੇ ਹਰ ਨਿਯਮ ਦੀ ਪਾਲਣਾ ਕਰਨ ਦਾ ਐਲਾਨ ਕੀਤਾ ਹੈ।
ਚੈਂਪੀਅਨਜ਼ ਟਰਾਫੀ ਲਈ ਟੀਮ ਇੰਡੀਆ ਦਾ ਸ਼ਡਿਊਲ
ਟੀਮ ਇੰਡੀਆ ਇਸ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ 20 ਫਰਵਰੀ ਤੋਂ ਸ਼ੁਰੂ ਕਰੇਗੀ, ਇਸ ਮੈਚ ਵਿੱਚ ਉਸਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ। ਫਿਰ ਟੀਮ ਇੰਡੀਆ ਆਪਣਾ ਦੂਜਾ ਮੈਚ ਪਾਕਿਸਤਾਨ ਵਿਰੁੱਧ ਖੇਡੇਗੀ। ਇਹ ਮੈਚ 23 ਫਰਵਰੀ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ, ਗਰੁੱਪ ਦੇ ਆਪਣੇ ਆਖਰੀ ਮੈਚ ਵਿੱਚ, ਉਹ 2 ਮਾਰਚ ਨੂੰ ਨਿਊਜ਼ੀਲੈਂਡ ਨਾਲ ਭਿੜੇਗਾ। ਇਸ ਤੋਂ ਬਾਅਦ ਸੈਮੀਫਾਈਨਲ ਅਤੇ ਫਿਰ ਫਾਈਨਲ ਖੇਡਿਆ ਜਾਵੇਗਾ। ਜੇਕਰ ਟੀਮ ਇੰਡੀਆ ਸੈਮੀਫਾਈਨਲ ਅਤੇ ਫਾਈਨਲ ਲਈ ਕੁਆਲੀਫਾਈ ਕਰਦੀ ਹੈ, ਤਾਂ ਇਹ ਮੈਚ ਵੀ ਦੁਬਈ ਵਿੱਚ ਖੇਡੇ ਜਾਣਗੇ।