Team India: ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਮੁੜ ਟੀਮ ਇੰਡੀਆ ਵਿੱਚ ਕੋਚ ਖ਼ਿਲਾਫ਼ ਬਗਾਵਤ, ਗੰਭੀਰ ਨੂੰ ਦੇਣਾ ਪੈ ਸਕਦਾ ਹੈ ਅਸਤੀਫਾ, 8 ਸਾਲ ਪਹਿਲਾਂ ਵੀ ਹੋ ਚੁੱਕਾ ਹੈ ਅਜਿਹਾ
Gautam Gambir : ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਟੀਮ ਇੰਡੀਆ ਦੇ ਮੁੱਖ ਕੋਚ ਗੌਤਮ ਗੰਭੀਰ ਲਈ ਕੋਈ ਚੰਗੀ ਖ਼ਬਰ ਨਹੀਂ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਟੀਮ ਵਿੱਚ ਉਨ੍ਹਾਂ ਦੇ ਖਿਲਾਫ ਬਗਾਵਤ ਦੀ ਅੱਗ ਸੁਲਗ ਰਹੀ ਹੈ। ਬਹੁਤ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦਾ ਸਖ਼ਤ ਰਵੱਈਆ ਪਸੰਦ ਨਹੀਂ ਆ ਰਿਹਾ ।
ਚੈਂਪੀਅਨਜ਼ ਟਰਾਫੀ ਸ਼ੁਰੂ ਹੋਣ ਵਿੱਚ ਸਿਰਫ਼ 4 ਹਫ਼ਤੇ ਬਾਕੀ ਹਨ। ਇਹ ਟੂਰਨਾਮੈਂਟ 19 ਫਰਵਰੀ ਤੋਂ ਸ਼ੁਰੂ ਹੋਵੇਗਾ। ਭਾਰਤੀ ਟੀਮ ਆਪਣਾ ਪਹਿਲਾ ਮੈਚ 20 ਫਰਵਰੀ ਨੂੰ ਖੇਡੇਗੀ। ਪਰ ਇਸ ਮਹੱਤਵਪੂਰਨ ਟੂਰਨਾਮੈਂਟ ਤੋਂ ਪਹਿਲਾਂ, ਟੀਮ ਇੰਡੀਆ ਵਿੱਚ ਉਥਲ-ਪੁਥਲ ਹੈ। ਰੋਹਿਤ ਸ਼ਰਮਾ ਅਤੇ ਗੌਤਮ ਗੰਭੀਰ ਵਿਚਕਾਰ ਕਈ ਗੱਲਾਂ ‘ਤੇ ਟਕਰਾਅ ਹੈ। ਇੰਨਾ ਹੀ ਨਹੀਂ, ਉਨ੍ਹਾਂਦਾ ਸਖ਼ਤ ਰਵੱਈਆ ਵੀ ਖਿਡਾਰੀਆਂ ਨੂੰ ਪਸੰਦ ਨਹੀਂ ਆ ਰਿਹਾ। ਇਸ ਨਾਲ ਟੀਮ ਵਿੱਚ ਉਨ੍ਹਾਂ ਦੇ ਖਿਲਾਫ ਬਗਾਵਤ ਦੀ ਸਥਿਤੀ ਪੈਦਾ ਹੋ ਗਈ ਹੈ। ਅਜਿਹੇ ਵਿੱਚ, ਕਿਆਸ ਲਗਾਏ ਜਾ ਰਹੇ ਹਨ ਕਿ ਕੀ ਗੰਭੀਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ? 8 ਸਾਲ ਪਹਿਲਾਂ ਚੈਂਪੀਅਨਜ਼ ਟਰਾਫੀ ਦੌਰਾਨ ਭਾਰਤੀ ਟੀਮ ਦੇ ਕੋਚ ਨਾਲ ਵੀ ਅਜਿਹਾ ਹੀ ਹੋਇਆ ਸੀ।
ਗੰਭੀਰ ਨੂੰ ਅਸਤੀਫ਼ਾ ਦੇਣ ਲਈ ਕੀਤਾ ਜਾ ਸਕਦਾ ਹੈ ਮਜਬੂਰ
ਗੌਤਮ ਗੰਭੀਰ ਲਈ ਟੀਮ ਦੇ ਮਾੜੇ ਪ੍ਰਦਰਸ਼ਨ ਤੋਂ ਵੀ ਵੱਡੀ ਚੁਣੌਤੀ ਟੀਮ ਵਿੱਚ ਬਗਾਵਤ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਬਹੁਤ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਪਸੰਦ ਨਹੀਂ ਹੈ। ਆਸਟ੍ਰੇਲੀਆ ਦੌਰੇ ਦੌਰਾਨ ਉਨ੍ਹਾਂ ਅਤੇ ਭਾਰਤੀ ਕਪਤਾਨ ਵਿਚਕਾਰ ਮਤਭੇਦ ਦੀਆਂ ਵੀ ਰਿਪੋਰਟਾਂ ਆਈਆਂ ਸਨ। ਇੰਨਾ ਹੀ ਨਹੀਂ, ਉਨ੍ਹਾਂ ਸਾਰੇ ਖਿਡਾਰੀਆਂ ਨਾਲ ਸਖ਼ਤੀ ਵਰਤੀ ਅਤੇ ਹੁਣ ਬੀਸੀਸੀਆਈ ਨੂੰ ਕਹਿ ਕੇ ਲਗਭਗ 10 ਤਰ੍ਹਾਂ ਦੇ ਨਿਯਮ ਲੈ ਕੇ ਆ ਗਏ ਹਨ।
ਅਜਿਹੀ ਸਥਿਤੀ ਵਿੱਚ, ਉਨ੍ਹਾਂ ਦੀ ਸਖ਼ਤੀ ਅਤੇ ਚੈਂਪੀਅਨਜ਼ ਟਰਾਫੀ ਵਿੱਚ ਹਾਰ ਉਨ੍ਹਾਂ ਲਈ ਘਾਤਕ ਸਾਬਤ ਹੋ ਸਕਦੀ ਹੈ। ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਅਸੀਂ ਇਹ ਇੰਝ ਹੀ ਨਹੀਂ ਕਹਿ ਰਹੇ। ਇਹ ਕੰਮ 8 ਸਾਲ ਪਹਿਲਾਂ ਵੀ ਹੋ ਚੁੱਕਾ ਹੈ। 2017 ਵਿੱਚ, ਅਨਿਲ ਕੁੰਬਲੇ ਨੂੰ ਆਪਣੇ ਸਖ਼ਤ ਰਵੱਈਏ ਕਾਰਨ ਚੈਂਪੀਅਨਜ਼ ਟਰਾਫੀ ਤੋਂ ਬਾਅਦ ਅਸਤੀਫਾ ਦੇਣਾ ਪਿਆ ਸੀ। ਉਨ੍ਹਾਂ ਨੂੰ ਵਿਰਾਟ ਕੋਹਲੀ ਅੱਗੇ ਝੁਕਣਾ ਪਿਆ ਸੀ।
ਕੋਹਲੀ ਨੇ ਕਰ ਦਿੱਤੀ ਸੀ ਬਗਾਵਤ
ਤਜਰਬੇਕਾਰ ਭਾਰਤੀ ਸਪਿਨਰ ਅਨਿਲ ਕੁੰਬਲੇ ਨੇ ਜੂਨ 2016 ਵਿੱਚ ਮੁੱਖ ਕੋਚ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦੀ ਨਿਯੁਕਤੀ ਨੂੰ ਕ੍ਰਿਕਟ ਸਲਾਹਕਾਰ ਕਮੇਟੀ ਦੇ ਮੈਂਬਰ ਰਹੇ ਸੌਰਵ ਗਾਂਗੁਲੀ, ਸਚਿਨ ਤੇਂਦੁਲਕਰ ਅਤੇ ਵੀਵੀਐਸ ਲਕਸ਼ਮਣ ਵਰਗੇ ਦਿੱਗਜਾਂ ਨੇ ਹਰੀ ਝੰਡੀ ਦਿੱਤੀ ਸੀ। ਪਰ ਕੁੰਬਲੇ ਅਤੇ ਉਸ ਸਮੇਂ ਦੇ ਭਾਰਤੀ ਕਪਤਾਨ ਵਿਰਾਟ ਕੋਹਲੀ ਵਿਚਕਾਰ ਚੀਜ਼ਾਂ ਠੀਕ ਨਹੀਂ ਚੱਲੀਆਂ। ਦੋਵਾਂ ਵਿਚਕਾਰ ਬਹੁਤ ਟਕਰਾਅ ਦੇਖਣ ਨੂੰ ਮਿਲਿਆ ਸੀ। ਮੀਡੀਆ ਵਿੱਚ ਇਹ ਖੁਲਾਸਾ ਹੋਇਆ ਕਿ ਕੁੰਬਲੇ ਟੀਮ ਨਾਲ ਜੁੜੀ ਹਰ ਚੀਜ਼ ਬਾਰੇ ਬਹੁਤ ਸਖ਼ਤ ਸਨ। ਉਨ੍ਹਾਂ ਨੇ ਅਨੁਸ਼ਾਸਨ ‘ਤੇ ਬਹੁਤ ਜ਼ੋਰ ਦਿੱਤਾ।
ਉਨ੍ਹਾਂ ਦੀ ਕੋਚਿੰਗ ਅਧੀਨ ਬਹੁਤ ਸਾਰੇ ਨੌਜਵਾਨ ਖਿਡਾਰੀ ਅਸਹਿਜ ਮਹਿਸੂਸ ਕਰਦੇ ਸਨ ਅਤੇ ਆਪਣੇ ਆਪ ਨੂੰ ਖੁੱਲ੍ਹ ਕੇ ਪ੍ਰਗਟ ਕਰਨ ਵਿੱਚ ਅਸਮਰੱਥ ਸਨ। ਇਹ ਮੁੱਦਾ 2017 ਦੀ ਚੈਂਪੀਅਨਜ਼ ਟਰਾਫੀ ਦੌਰਾਨ ਗਰਮਾ ਗਿਆ ਸੀ ਅਤੇ ਕੋਹਲੀ ਨੇ ਇਸ ਬਾਰੇ ਬੀਸੀਸੀਆਈ ਨੂੰ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਕੁੰਬਲੇ ਲੋੜ ਤੋਂ ਵੱਧ ਸਖ਼ਤੀ ਵਰਤ ਰਹੇ ਸਨ। ਟੂਰਨਾਮੈਂਟ ਦੇ ਫਾਈਨਲ ਵਿੱਚ ਪਾਕਿਸਤਾਨ ਤੋਂ ਭਾਰਤ ਦੀ ਹਾਰ ਤੋਂ ਬਾਅਦ ਅਨਿਲ ਕੁੰਬਲੇ ਨੇ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ, ਮੀਡੀਆ ਰਿਪੋਰਟਾਂ ਵਿੱਚ ਇਹ ਖੁਲਾਸਾ ਹੋਇਆ ਕਿ ਉਨ੍ਹਾਂਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ ਸੀ। ਇਹੀ ਗੱਲ ਗੰਭੀਰ ਨਾਲ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ
ਗੰਭੀਰ ਦੇ ਰਹਿੰਦਿਆਂ ਵੱਡੀ ਹਾਰ
ਗੌਤਮ ਗੰਭੀਰ ਪਿਛਲੇ ਸਾਲ ਯਾਨੀ ਅਗਸਤ 2024 ਵਿੱਚ ਭਾਰਤੀ ਟੀਮ ਵਿੱਚ ਸ਼ਾਮਲ ਹੋਏ ਸਨ। ਉਦੋਂ ਤੋਂ, ਟੀਮ ਦੇ ਪ੍ਰਦਰਸ਼ਨ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਉਨ੍ਹਾਂ ਦੇ ਰਹਿੰਦਿਆਂ ਟੀਮ ਇੰਡੀਆ ਨੂੰ 27 ਸਾਲਾਂ ਬਾਅਦ ਸ਼੍ਰੀਲੰਕਾ ਵਿੱਚ ਇੱਕ ਰੋਜ਼ਾ ਲੜੀ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਨਾਲ ਹੀ, ਭਾਰਤ ਦਾ ਘਰੇਲੂ ਮੈਦਾਨ ‘ਤੇ ਨਿਊਜ਼ੀਲੈਂਡ ਵਿਰੁੱਧ ਟੈਸਟ ਲੜੀ ਵਿੱਚ ਪਹਿਲੀ ਵਾਰ ਸੂਪੜਾ ਸਾਫ ਹੋਇਆ ਸੀ। ਇਸ ਤੋਂ ਬਾਅਦ ਆਸਟ੍ਰੇਲੀਆ ਦੌਰੇ ‘ਤੇ ਵੀ ਬਾਰਡਰ ਗਾਵਸਕਰ ਟਰਾਫੀ 1-3 ਨਾਲ ਹਾਰ ਗਈ। ਨਾਲ ਹੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਦੌੜ ਤੋਂ ਬਾਹਰ ਹੋ ਗਈ। ਇਸ ਲਈ, ਉਨ੍ਹਾਂ ‘ਤੇ ਬਹੁਤ ਦਬਾਅ ਹੈ। ਹੁਣ ਜੇਕਰ ਭਾਰਤੀ ਟੀਮ ਚੈਂਪੀਅਨਜ਼ ਟਰਾਫੀ ਵਿੱਚ ਹਾਰ ਜਾਂਦੀ ਹੈ ਤਾਂ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੱਧ ਜਾਣਗੀਆਂ।