SL vs AUS T20 WC: ਨਿਸਾਂਕਾ ਦੇ ਤੂਫਾਨੀ ਸ਼ਤਕ ਨਾਲ ਸ੍ਰੀਲੰਕਾ ਦੀ ਸੁਪਰ-8 ‘ਚ ਐਂਟਰੀ, ਆਸਟ੍ਰੇਲੀਆ ਨੂੰ ਦਿੱਤੀ ਕਰਾਰੀ ਮਾਤ

Updated On: 

16 Feb 2026 23:13 PM IST

SL vs AUS T20 WC: ਟੀ-20 ਵਿਸ਼ਵ ਕੱਪ 2026 ਦੇ ਸਹਿ-ਮੇਜ਼ਬਾਨ ਸ੍ਰੀਲੰਕਾ ਨੇ ਟੂਰਨਾਮੈਂਟ ਵਿੱਚ ਆਪਣੀ ਦਹਿਸ਼ਤ ਬਰਕਰਾਰ ਰੱਖਦਿਆਂ ਸੁਪਰ-8 ਰਾਊਂਡ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਸੋਮਵਾਰ 16 ਫਰਵਰੀ ਦੀ ਸ਼ਾਮ ਨੂੰ ਖੇਡੇ ਗਏ ਇੱਕ ਅਹਿਮ ਮੁਕਾਬਲੇ ਵਿੱਚ ਸ੍ਰੀਲੰਕਾ ਨੇ ਸਾਬਕਾ ਚੈਂਪੀਅਨ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ।

SL vs AUS T20 WC: ਨਿਸਾਂਕਾ ਦੇ ਤੂਫਾਨੀ ਸ਼ਤਕ ਨਾਲ ਸ੍ਰੀਲੰਕਾ ਦੀ ਸੁਪਰ-8 ਚ ਐਂਟਰੀ, ਆਸਟ੍ਰੇਲੀਆ ਨੂੰ ਦਿੱਤੀ ਕਰਾਰੀ ਮਾਤ

Image Credit source: PTI

Follow Us On

ਟੀ-20 ਵਿਸ਼ਵ ਕੱਪ 2026 ਦੇ ਸਹਿ-ਮੇਜ਼ਬਾਨ ਸ੍ਰੀਲੰਕਾ ਨੇ ਟੂਰਨਾਮੈਂਟ ਵਿੱਚ ਆਪਣੀ ਦਹਿਸ਼ਤ ਬਰਕਰਾਰ ਰੱਖਦਿਆਂ ਸੁਪਰ-8 ਰਾਊਂਡ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਸੋਮਵਾਰ 16 ਫਰਵਰੀ ਦੀ ਸ਼ਾਮ ਨੂੰ ਖੇਡੇ ਗਏ ਇੱਕ ਅਹਿਮ ਮੁਕਾਬਲੇ ਵਿੱਚ ਸ੍ਰੀਲੰਕਾ ਨੇ ਸਾਬਕਾ ਚੈਂਪੀਅਨ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਸ੍ਰੀਲੰਕਾ ਦੀ ਇਸ ਇਤਿਹਾਸਕ ਜਿੱਤ ਦੇ ਹੀਰੋ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ ਰਹੇ, ਜਿਨ੍ਹਾਂ ਨੇ ਵਿਸਫੋਟਕ ਸੈਂਕੜਾ ਜੜ ਕੇ ਆਪਣੀ ਟੀਮ ਨੂੰ ਅਗਲੇ ਦੌਰ ਵਿੱਚ ਪਹੁੰਚਾਇਆ।

ਪਥੁਮ ਨਿਸਾਂਕਾ ਦਾ ਇਤਿਹਾਸਕ ਸ਼ਤਕ

182 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ੍ਰੀਲੰਕਾ ਦੀ ਸ਼ੁਰੂਆਤ ਭਾਵੇਂ ਖ਼ਰਾਬ ਰਹੀ ਅਤੇ ਦੂਜੇ ਹੀ ਓਵਰ ਵਿੱਚ ਕੁਸਲ ਪਰੇਰਾ ਆਊਟ ਹੋ ਗਏ, ਪਰ ਪਥੁਮ ਨਿਸਾਂਕਾ ਨੇ ਮੋਰਚਾ ਸੰਭਾਲੀ ਰੱਖਿਆ। ਨਿਸਾਂਕਾ ਨੇ ਕੁਸਲ ਮੈਂਡਿਸ ਨਾਲ ਮਿਲ ਕੇ ਆਸਟ੍ਰੇਲੀਆਈ ਗੇਂਦਬਾਜ਼ਾਂ ਦੀਆਂ ਧੱਜੀਆਂ ਉਡਾ ਦਿੱਤੀਆਂ।

ਮੈਂਡਿਸ ਨੇ ਲਗਾਤਾਰ ਤੀਜਾ ਅਰਧ ਸੈਂਕੜਾ ਜੜਿਆ, ਜਦਕਿ ਨਿਸਾਂਕਾ ਨੇ ਸਿਰਫ਼ 52 ਗੇਂਦਾਂ ਵਿੱਚ ਇਸ ਵਰਲਡ ਕੱਪ ਦਾ ਪਹਿਲਾ ਸੈਂਕੜਾ ਪੂਰਾ ਕੀਤਾ। ਨਿਸਾਂਕਾ 100 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ 18 ਓਵਰਾਂ ਵਿੱਚ ਹੀ ਟੀਚਾ ਹਾਸਲ ਕਰਕੇ ਟੀਮ ਨੂੰ ਜਿੱਤ ਦਿਵਾਈ। ਪਵਨ ਰਤਨਾਇਕੇ ਨੇ ਵੀ ਨਾਬਾਦ 28 ਦੌੜਾਂ ਦਾ ਅਹਿਮ ਯੋਗਦਾਨ ਪਾਇਆ।

ਆਸਟ੍ਰੇਲੀਆ ਦੀ ਬੱਲੇਬਾਜ਼ੀ ਦਾ ਉਤਾਰ-ਚੜ੍ਹਾਅ

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟ੍ਰੇਲੀਆ ਦੀ ਸ਼ੁਰੂਆਤ ਬਹੁਤ ਧਮਾਕੇਦਾਰ ਰਹੀ। ਕਪਤਾਨ ਮਿਸ਼ੇਲ ਮਾਰਸ਼ ਅਤੇ ਟ੍ਰੈਵਿਸ ਹੈੱਡ ਨੇ ਪਹਿਲੀ ਵਿਕਟ ਲਈ ਸਿਰਫ਼ 8.3 ਓਵਰਾਂ ਵਿੱਚ 104 ਦੌੜਾਂ ਜੋੜੀਆਂ। ਦੋਵਾਂ ਨੇ ਤੇਜ਼ੀ ਨਾਲ ਅਰਧ ਸੈਂਕੜੇ ਪੂਰੇ ਕੀਤੇ। ਪਰ ਪਹਿਲੀ ਵਿਕਟ ਡਿੱਗਦੇ ਹੀ ਆਸਟ੍ਰੇਲੀਆ ਦੀ ਪਾਰੀ ਲੜਖੜਾ ਗਈ।

ਸ੍ਰੀਲੰਕਾ ਦੇ ਸਪਿਨਰ ਦੁਸ਼ਾਨ ਹੇਮੰਤਾ (3 ਵਿਕਟਾਂ) ਅਤੇ ਦੁਸ਼ਮੰਤਾ ਚਮੀਰਾ (2 ਵਿਕਟਾਂ) ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਆਸਟ੍ਰੇਲੀਆਈ ਮੱਧਕ੍ਰਮ ਨੂੰ ਤਬਾਹ ਕਰ ਦਿੱਤਾ। ਇੱਕ ਸਮੇਂ ਮਜ਼ਬੂਤ ਦਿਖ ਰਹੀ ਆਸਟ੍ਰੇਲੀਆਈ ਟੀਮ ਨੇ ਆਪਣੇ ਆਖਰੀ 5 ਵਿਕਟਾਂ ਸਿਰਫ਼ 21 ਦੌੜਾਂ ਦੇ ਅੰਦਰ ਗੁਆ ਦਿੱਤੀਆਂ ਅਤੇ ਪੂਰੀ ਟੀਮ 181 ਦੌੜਾਂ ‘ਤੇ ਢੇਰ ਹੋ ਗਈ।

ਆਸਟ੍ਰੇਲੀਆ ਬਾਹਰ ਹੋਣ ਦੀ ਕਗਾਰ ‘ਤੇ

ਇਸ ਹਾਰ ਨਾਲ ਆਸਟ੍ਰੇਲੀਆ ਲਈ ਮੁਸੀਬਤਾਂ ਵਧ ਗਈਆਂ ਹਨ। ਪਿਛਲੇ ਮੈਚ ਵਿੱਚ ਜ਼ਿੰਬਾਬਵੇ ਹੱਥੋਂ ਮਿਲੀ ਹਾਰ ਤੋਂ ਬਾਅਦ ਇਹ ਆਸਟ੍ਰੇਲੀਆ ਦੀ ਲਗਾਤਾਰ ਦੂਜੀ ਹਾਰ ਹੈ। ਹੁਣ ਆਸਟ੍ਰੇਲੀਆ 2 ਅੰਕਾਂ ਨਾਲ ਟੇਬਲ ਵਿੱਚ ਤੀਜੇ ਸਥਾਨ ‘ਤੇ ਹੈ। ਜੇਕਰ ਮੰਗਲਵਾਰ ਨੂੰ ਜ਼ਿੰਬਾਬਵੇ ਦੀ ਟੀਮ ਆਇਰਲੈਂਡ ਨੂੰ ਹਰਾ ਦਿੰਦੀ ਹੈ, ਤਾਂ ਉਹ ਸੁਪਰ-8 ਵਿੱਚ ਪਹੁੰਚ ਜਾਵੇਗੀ ਅਤੇ ਸਾਬਕਾ ਚੈਂਪੀਅਨ ਆਸਟ੍ਰੇਲੀਆ ਪਹਿਲੇ ਹੀ ਰਾਊਂਡ ਵਿੱਚੋਂ ਬਾਹਰ ਹੋ ਜਾਵੇਗਾ।