T20 World Cup 2024: ਭਾਰਤ-ਪਾਕਿਸਤਾਨ ਮੈਚ 9 ਜੂਨ ਨੂੰ, ਟੀ-20 ਵਿਸ਼ਵ ਕੱਪ ਦਾ Schedule ਜਾਰੀ, 29 ਜੂਨ ਨੂੰ ਫਾਈਨਲ

Updated On: 

05 Jan 2024 19:47 PM

ਟੀ-20 ਵਿਸ਼ਵ ਕੱਪ ਇਸ ਸਾਲ ਵੈਸਟਇੰਡੀਜ਼ ਅਤੇ ਅਮਰੀਕਾ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਜਾਣਾ ਹੈ ਅਤੇ ਆਈਸੀਸੀ ਨੇ ਇਸ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਭਾਰਤ ਅਤੇ ਪਾਕਿਸਤਾਨ ਨੂੰ ਇੱਕ ਹੀ ਗਰੁੱਪ ਵਿੱਚ ਰੱਖਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਇਨ੍ਹਾਂ ਦੋਨਾਂ ਟੀਮਾਂ ਵਿੱਚ ਇੱਕ ਵਾਰ ਫਿਰ ਤੋਂ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲੇਗਾ।

T20 World Cup 2024: ਭਾਰਤ-ਪਾਕਿਸਤਾਨ ਮੈਚ 9 ਜੂਨ ਨੂੰ, ਟੀ-20 ਵਿਸ਼ਵ ਕੱਪ ਦਾ Schedule ਜਾਰੀ, 29 ਜੂਨ ਨੂੰ ਫਾਈਨਲ
Follow Us On

ਵੈਸਟਇੰਡੀਜ਼ ਅਤੇ ਅਮਰੀਕਾ ਦੀ ਮੇਜ਼ਬਾਨੀ ਵਿੱਚ ਇਸ ਸਾਲ ਆਈਸੀਸੀ ਟੀ-20 ਵਿਸ਼ਵ ਕੱਪ ਦਾ ਆਯੋਜਨ ਕੀਤਾ ਜਾਣਾ ਹੈ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਇਸ ਟੂਰਨਾਮੈਂਟ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਫੈਨਜ਼ ਲੰਬੇ ਸਮੇਂ ਤੋਂ ਇਸ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਸ਼ੁੱਕਰਵਾਰ ਨੂੰ ਇਹ ਇੰਤਜ਼ਾਰ ਖਤਮ ਹੋ ਗਿਆ। ਇਸ ਟੂਰਨਾਮੈਂਟ ਵਿੱਚ ਕੁੱਲ 20 ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਨੂੰ 5-5 ਦੇ 4 ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਵੈਸਟਇੰਡੀਜ਼ ਨੇ ਸਾਲ 2010 ‘ਚ ਟੀ-20 ਵਿਸ਼ਵ ਕੱਪ ਦਾ ਆਯੋਜਨ ਕੀਤਾ ਸੀ ਪਰ ਇਸ ਤੋਂ ਬਾਅਦ ਹੁਣ ਇਹ ਮੁੜ ਮੇਜ਼ਬਾਨ ਬਣ ਗਿਆ ਹੈ। ਹਾਲਾਂਕਿ ਇਸ ਵਾਰ ਇਹ ਅਮਰੀਕਾ ਦੇ ਨਾਲ ਸੰਯੁਕਤ ਮੇਜ਼ਬਾਨ ਹੈ। ਅਮਰੀਕਾ ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਦੇ ਮੈਚ ਦੀ ਮੇਜ਼ਬਾਨੀ ਕਰੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 9 ਜੂਨ ਨੂੰ ਹੋਣਾ ਹੈ।

ਆਈਸੀਸੀ ਨੇ ਏ, ਬੀ, ਸੀ, ਡੀ ਨਾਮ ਦੇ ਚਾਰ ਗਰੁੱਪ ਬਣਾਏ ਹਨ ਅਤੇ ਹਰ ਗਰੁੱਪ ਵਿੱਚ ਪੰਜ ਟੀਮਾਂ ਹਨ। ਗਰੁੱਪ ਸਟੇਜ ਤੋਂ ਬਾਅਦ ਫਿਰ ਸੁਪਰ-8 ਹੋਵੇਗਾ। ਇਸ ਤੋਂ ਬਾਅਦ ਸੈਮੀਫਾਈਨਲ ਅਤੇ ਫਾਈਨਲ ਹੋਣਗੇ। ਪਿਛਲਾ ਟੀ-20 ਵਿਸ਼ਵ ਕੱਪ ਆਸਟ੍ਰੇਲੀਆ ਵਿਚ ਖੇਡਿਆ ਗਿਆ ਸੀ ਜਿਸ ਵਿਚ ਇੰਗਲੈਂਡ ਨੇ ਪਾਕਿਸਤਾਨ ਨੂੰ ਫਾਈਨਲ ਵਿਚ ਹਰਾਇਆ ਸੀ। ਭਾਰਤੀ ਟੀਮ ਸੈਮੀਫਾਈਨਲ ‘ਚ ਇੰਗਲੈਂਡ ਤੋਂ ਹਾਰ ਕੇ ਬਾਹਰ ਹੋ ਗਈ ਸੀ। ਪਹਿਲਾ ਮੈਚ 1 ਜੂਨ ਨੂੰ ਯੂਗਾਂਡਾ ਅਤੇ ਅਮਰੀਕਾ ਵਿਚਾਲੇ ਹੋਵੇਗਾ। ਫਾਈਨਲ ਮੁਕਾਬਲਾ 29 ਜੂਨ ਨੂੰ ਹੋਵੇਗਾ।

ਕਿਹੜੇ-ਕਿਹੜੇ ਹਨ ਗਰੁੱਪ?

ਭਾਰਤੀ ਟੀਮ ਨੂੰ ਗਰੁੱਪ-ਏ ਵਿੱਚ ਰੱਖਿਆ ਗਿਆ ਹੈ। ਇਸ ਟੀਮ ਦੇ ਨਾਲ ਬਾਕੀ ਚਾਰ ਟੀਮਾਂ ਪਾਕਿਸਤਾਨ, ਆਇਰਲੈਂਡ, ਕੈਨੇਡਾ ਅਤੇ ਅਮਰੀਕਾ ਹਨ। ਜਦੋਂ ਕਿ ਗਰੁੱਪ-ਬੀ ਵਿੱਚ ਇੰਗਲੈਂਡ, ਆਸਟਰੇਲੀਆ, ਨਾਮੀਬੀਆ, ਸਕਾਟਲੈਂਡ ਅਤੇ ਓਮਾਨ ਹਨ। ਗਰੁੱਪ ਸੀ ਵਿੱਚ ਨਿਊਜ਼ੀਲੈਂਡ, ਵੈਸਟਇੰਡੀਜ਼, ਅਫਗਾਨਿਸਤਾਨ, ਯੂਗਾਂਡਾ ਅਤੇ ਪਾਪੂਆ ਨਿਊ ਗਿਨੀ ਸ਼ਾਮਲ ਹਨ। ਗਰੁੱਪ ਡੀ ਵਿੱਚ ਦੱਖਣੀ ਅਫਰੀਕਾ ਦੇ ਨਾਲ ਸ਼੍ਰੀਲੰਕਾ, ਬੰਗਲਾਦੇਸ਼, ਨੀਦਰਲੈਂਡ ਅਤੇ ਨੇਪਾਲ ਸ਼ਾਮਲ ਹਨ।

ਕਿਵੇਂ ਹੈ ਸ਼ੈਡਿਊਲ?

ਗਰੁੱਪ ਸਟੇਜ 1 ਜੂਨ ਤੋਂ ਸ਼ੁਰੂ ਹੋਵੇਗੀ ਅਤੇ 18 ਜੂਨ ਤੱਕ ਚੱਲੇਗੀ। ਇਸ ਤੋਂ ਬਾਅਦ ਸੁਪਰ-8 ਸਟੇਜ ਹੋਵੇਗਾ ਜੋ 24 ਜੂਨ ਤੱਕ ਚੱਲੇਗਾ। ਭਾਰਤੀ ਟੀਮ 9 ਜੂਨ ਨੂੰ ਨਿਊਯਾਰਕ ਵਿੱਚ ਪਾਕਿਸਤਾਨ ਖ਼ਿਲਾਫ਼ ਆਪਣਾ ਮੈਚ ਖੇਡੇਗੀ। ਹਾਲਾਂਕਿ ਭਾਰਤੀ ਟੀਮ ਆਪਣਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਖਿਲਾਫ ਖੇਡੇਗੀ। ਭਾਰਤੀ ਟੀਮ 12 ਜੂਨ ਨੂੰ ਅਮਰੀਕਾ ਅਤੇ 15 ਜੂਨ ਨੂੰ ਕੈਨੇਡਾ ਨਾਲ ਖੇਡੇਗੀ। ਭਾਰਤ ਨੇ ਆਪਣੇ ਪਹਿਲੇ ਤਿੰਨ ਮੈਚ ਨਿਊਯਾਰਕ ‘ਚ ਖੇਡਣੇ ਹਨ, ਜਦਕਿ ਟੀਮ ਫਲੋਰੀਡਾ ‘ਚ ਕੈਨੇਡਾ ਖਿਲਾਫ ਮੈਚ ਖੇਡੇਗੀ।