ਸ਼੍ਰੀਲੰਕਾ ਕ੍ਰਿਕਟ ਬੋਰਡ ਖਿਲਾਫ ਵੱਡੀ ਕਾਰਵਾਈ, ICC ਨੇ ਕੀਤਾ ਮੁਅੱਤਲ

Published: 

10 Nov 2023 23:59 PM

ਸ਼੍ਰੀਲੰਕਾ ਦੀ ਕ੍ਰਿਕਟ ਟੀਮ ਬੇਂਗਲੁਰੂ 'ਚ ਨਿਊਜ਼ੀਲੈਂਡ ਖਿਲਾਫ ਗਰੁੱਪ ਗੇੜ ਦੇ ਆਖਰੀ ਮੈਚ 'ਚ ਪੰਜ ਵਿਕਟਾਂ ਨਾਲ ਹਾਰਨ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਭਾਰਤ ਤੋਂ ਘਰ ਪਰਤ ਆਈ। ਸ਼੍ਰੀਲੰਕਾ ਨੇ 1992 ਤੋਂ ਬਾਅਦ ਵਿਸ਼ਵ ਕੱਪ ਵਿੱਚ ਆਪਣਾ ਸਭ ਤੋਂ ਮਾੜਾ ਪ੍ਰਦਰਸ਼ਨ ਕੀਤਾ ਸੀ, ਉਸ ਨੇ ਆਪਣੇ ਨੌਂ ਮੈਚਾਂ ਵਿੱਚੋਂ ਸਿਰਫ਼ ਦੋ ਹੀ ਜਿੱਤੇ ਸਨ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ ਮੁਅੱਤਲ ਕਰ ਦਿੱਤਾ ਹੈ।

ਸ਼੍ਰੀਲੰਕਾ ਕ੍ਰਿਕਟ ਬੋਰਡ ਖਿਲਾਫ ਵੱਡੀ ਕਾਰਵਾਈ, ICC ਨੇ ਕੀਤਾ ਮੁਅੱਤਲ

Photo Credit: tv9hindi.com

Follow Us On

ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ ਮੁਅੱਤਲ ਕਰ ਦਿੱਤਾ ਹੈ। ਸਰਕਾਰ ਦੀ ਦਖਲਅੰਦਾਜ਼ੀ ਕਾਰਨ ਆਈਸੀਸੀ ਨੇ ਇਹ ਕਾਰਵਾਈ ਕੀਤੀ ਹੈ। ਆਈਸੀਸੀ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਸ਼੍ਰੀਲੰਕਾ ਦੇ ਕ੍ਰਿਕਟ ਪ੍ਰਸ਼ਾਸਨ ਵਿੱਚ ਵਿਆਪਕ ਸਰਕਾਰੀ ਦਖਲਅੰਦਾਜ਼ੀ ਸੀ, ਜਿਸ ਦੇ ਨਤੀਜੇ ਵਜੋਂ ਦੇਸ਼ ਦੇ ਕ੍ਰਿਕਟ ਬੋਰਡ ਨੂੰ ਭੰਗ ਕਰ ਦਿੱਤਾ ਗਿਆ ਸੀ।

ਆਈਸੀਸੀ ਬੋਰਡ ਨੇ ਅੱਜ (ਸ਼ੁੱਕਰਵਾਰ) ਨੂੰ ਮੀਟਿੰਗ ਕੀਤੀ ਅਤੇ ਫੈਸਲਾ ਕੀਤਾ ਕਿ ਸ਼੍ਰੀਲੰਕਾ ਕ੍ਰਿਕਟ ਇੱਕ ਮੈਂਬਰ ਦੇ ਰੂਪ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਦੀ ਗੰਭੀਰ ਉਲੰਘਣਾ ਕਰ ਰਿਹਾ ਹੈ। ਉਹਨਾਂ ਨੂੰ ਖਾਸ ਤੌਰ ‘ਤੇ ਆਪਣੇ ਮਾਮਲਿਆਂ ਨੂੰ ਖੁਦਮੁਖਤਿਆਰੀ ਨਾਲ ਪ੍ਰਬੰਧਿਤ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਕਿ ਸ਼ਾਸਨ, ਨਿਯਮ ਅਤੇ/ਜਾਂ ਪ੍ਰਸ਼ਾਸਨ ਵਿੱਚ ਕੋਈ ਸਰਕਾਰੀ ਦਖਲ ਨਹੀਂ ਹੈ। ਆਈਸੀਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਆਈਸੀਸੀ ਬੋਰਡ ਮੁਅੱਤਲੀ ਦੀਆਂ ਸ਼ਰਤਾਂ ‘ਤੇ ਢੁਕਵੇਂ ਸਮੇਂ ‘ਤੇ ਫੈਸਲਾ ਲਵੇਗਾ।

ਤੁਹਾਨੂੰ ਦੱਸ ਦੇਈਏ ਕਿ ਸ਼੍ਰੀਲੰਕਾ ਦਾ ਵਿਸ਼ਵ ਕੱਪ ਵਿੱਚ 1992 ਤੋਂ ਬਾਅਦ ਸਭ ਤੋਂ ਖ਼ਰਾਬ ਪ੍ਰਦਰਸ਼ਨ ਰਿਹਾ ਸੀ ਅਤੇ ਉਸ ਨੇ ਆਪਣੇ ਨੌਂ ਵਿੱਚੋਂ ਸਿਰਫ਼ ਦੋ ਮੈਚ ਜਿੱਤੇ ਸਨ। ਸਾਬਕਾ ਚੈਂਪੀਅਨ ਟੀਮ ਦੇ ਕਈ ਖਿਡਾਰੀ ਸੱਟਾਂ ਨਾਲ ਜੂਝ ਰਹੇ ਸਨ। ਇੱਥੋਂ ਤੱਕ ਕਿ ਟੂਰਨਾਮੈਂਟ ਦੇ ਵਿਚਕਾਰ ਕਪਤਾਨੀ ਵੀ ਬਦਲਣੀ ਪਈ।

ਭਾਰਤ ਖਿਲਾਫ ਸ਼੍ਰੀਲੰਕਾ ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ। ਪੂਰੀ ਟੀਮ 56 ਦੌੜਾਂ ‘ਤੇ ਆਲ ਆਊਟ ਹੋ ਗਈ। ਇਸ ਤੋਂ ਬਾਅਦ ਖੇਡ ਮੰਤਰੀ ਨੇ ਸ਼੍ਰੀਲੰਕਾ ਕ੍ਰਿਕਟ (ਐੱਸ.ਐੱਲ.ਸੀ.) ਨੂੰ ਖਾਰਜ ਕਰ ਦਿੱਤਾ। ਬਾਅਦ ਵਿਚ ਅਦਾਲਤ ਨੇ ਉਸ ਨੂੰ ਬਹਾਲ ਕਰ ਦਿੱਤਾ, ਜਿਸ ਨਾਲ ਸੰਕਟ ਹੋਰ ਡੂੰਘਾ ਹੋ ਗਿਆ।

ਮੁੱਖ ਚੋਣਕਾਰ ਨੇ ਕੀ ਕਿਹਾ ?

ਮੁੱਖ ਚੋਣਕਾਰ ਪ੍ਰਮੋਦਯਾ ਵਿਕਰਮਾਸਿੰਘੇ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਵਿਸ਼ਵ ਕੱਪ ‘ਚ ਸ਼੍ਰੀਲੰਕਾ ਦੇ ਖਰਾਬ ਪ੍ਰਦਰਸ਼ਨ ਦੇ ਪਿੱਛੇ ਬਾਹਰੀ ਸਾਜ਼ਿਸ਼ ਸੀ। ਖਰਾਬ ਪ੍ਰਦਰਸ਼ਨ ਦੀ ਵਜ੍ਹਾ ਪੁੱਛੇ ਜਾਣ ‘ਤੇ ਵਿਕਰਮਸਿੰਘਾ ਨੇ ਕਿਹਾ ਕਿ ਮੈਨੂੰ ਦੋ ਦਿਨ ਦਾ ਸਮਾਂ ਦਿਓ, ਫਿਰ ਮੈਂ ਸਭ ਕੁਝ ਦੱਸਾਂਗਾ। ਇਹ ਕਿਸੇ ਬਾਹਰੀ ਸਾਜ਼ਿਸ਼ ਦਾ ਨਤੀਜਾ ਹੈ। ਉਸ ਨੇ ਕਿਹਾ, ਮੈਂ ਬਹੁਤ ਦੁਖੀ ਹਾਂ। ਮੈਂ ਇਸ ਦੀ ਜ਼ਿੰਮੇਵਾਰੀ ਲੈਂਦਾ ਹਾਂ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਸ਼੍ਰੀਲੰਕਾ ਦੀ ਸੰਸਦ ਨੇ ਸਰਬਸੰਮਤੀ ਨਾਲ ਦੇਸ਼ ਦੀ ਕ੍ਰਿਕਟ ਗਵਰਨਿੰਗ ਬਾਡੀ ਨੂੰ ਬਰਖਾਸਤ ਕਰਨ ਦਾ ਮਤਾ ਪਾਸ ਕੀਤਾ ਸੀ। ਇਸ ਨੂੰ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਪਾਰਟੀਆਂ ਦਾ ਪੂਰਾ ਸਮਰਥਨ ਮਿਲਿਆ। ਮੁੱਖ ਵਿਰੋਧੀ ਪਾਰਟੀ ਦੇ ਨੇਤਾ ਸਜੀਤ ਪ੍ਰੇਮਦਾਸਾ ਨੇ ਸੰਸਦ ਵਿੱਚ ‘ਭ੍ਰਿਸ਼ਟ ਸ਼੍ਰੀਲੰਕਾ ਕ੍ਰਿਕਟ (ਐਸਐਲਸੀ) ਪ੍ਰਬੰਧਨ ਨੂੰ ਹਟਾਉਣ’ ਦੇ ਸਿਰਲੇਖ ਵਿੱਚ ਇੱਕ ਮਤਾ ਪੇਸ਼ ਕੀਤਾ, ਜਿਸ ਨੂੰ ਸਰਕਾਰ ਦੇ ਸੀਨੀਅਰ ਮੰਤਰੀ ਨਿਮਲ ਸਿਰੀਪਾਲਾ ਡੀ ਸਿਲਵਾ ਨੇ ਪੂਰਾ ਸਮਰਥਨ ਦਿੱਤਾ।

ਦੋ ਦਿਨ ਪਹਿਲਾਂ, ਮੰਗਲਵਾਰ ਨੂੰ ਅਪੀਲ ਕੋਰਟ ਨੇ ਸ਼ੰਮੀ ਸਿਲਵਾ ਦੀ ਅਗਵਾਈ ਵਾਲੇ ਸ਼੍ਰੀਲੰਕਾ ਕ੍ਰਿਕਟ ਪ੍ਰਬੰਧਨ ਨੂੰ ਬਹਾਲ ਕਰ ਦਿੱਤਾ ਸੀ। ਸੋਮਵਾਰ ਨੂੰ ਖੇਡ ਮੰਤਰੀ ਰੋਸ਼ਨ ਰਣਸਿੰਘੇ ਨੇ ਸ਼੍ਰੀਲੰਕਾ ਕ੍ਰਿਕਟ ਪ੍ਰਬੰਧਨ ਨੂੰ ਬਰਖਾਸਤ ਕਰ ਦਿੱਤਾ ਅਤੇ ਸਾਬਕਾ ਵਿਸ਼ਵ ਕੱਪ ਜੇਤੂ ਕਪਤਾਨ ਅਰਜੁਨ ਰਣਤੁੰਗਾ ਨੂੰ ਕ੍ਰਿਕਟ ਬੋਰਡ ਨੂੰ ਚਲਾਉਣ ਲਈ ਸੱਤ ਮੈਂਬਰੀ ਅੰਤਰਿਮ ਕਮੇਟੀ ਦਾ ਮੁਖੀ ਨਿਯੁਕਤ ਕੀਤਾ।