IPL 2026: ਪੰਜਾਬ ਕਿੰਗਜ਼ ਦੀ ਇਤਿਹਾਸਕ ਜਿੱਤ, 265 ਰਨ ਬਣਾ ਕੇ ਚੇਜ਼ ਕੀਤਾ ਸਭ ਤੋਂ ਵੱਡਾ ਟਾਰਗੇਟ; ਦਿੱਲੀ ਨੂੰ ਚਟਾਈ ਧੂੜ
IPL 2026: ਅਰੁਣ ਜੇਤਲੀ ਸਟੇਡੀਅਮ ਵਿੱਚ ਆਈਪੀਐਲ ਦੇ ਇਤਿਹਾਸ ਦਾ ਸਭ ਤੋਂ ਯਾਦਗਾਰ ਮੁਕਾਬਲਾ ਦੇਖਣ ਨੂੰ ਮਿਲਿਆ। ਆਈਪੀਐਲ 2026 ਦੇ 35ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੇ ਦਿੱਲੀ ਕੈਪੀਟਲਜ਼ ਵੱਲੋਂ ਦਿੱਤੇ ਗਏ 265 ਦੌੜਾਂ ਦੇ ਵਿਸ਼ਾਲ ਟੀਚੇ ਨੂੰ 18.5 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਅਰੁਣ ਜੇਤਲੀ ਸਟੇਡੀਅਮ ਵਿੱਚ ਆਈਪੀਐਲ ਦੇ ਇਤਿਹਾਸ ਦਾ ਸਭ ਤੋਂ ਯਾਦਗਾਰ ਮੁਕਾਬਲਾ ਦੇਖਣ ਨੂੰ ਮਿਲਿਆ। ਆਈਪੀਐਲ 2026 ਦੇ 35ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੇ ਦਿੱਲੀ ਕੈਪੀਟਲਜ਼ ਵੱਲੋਂ ਦਿੱਤੇ ਗਏ 265 ਦੌੜਾਂ ਦੇ ਵਿਸ਼ਾਲ ਟੀਚੇ ਨੂੰ 18.5 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਪੰਜਾਬ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤਿਆ ਅਤੇ 7 ਗੇਂਦਾਂ ਬਾਕੀ ਰਹਿੰਦਿਆਂ ਹੀ ਇਤਿਹਾਸ ਰਚ ਦਿੱਤਾ। ਇਹ ਆਈਪੀਐਲ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਸਫ਼ਲ ‘ਰਨ ਚੇਜ਼’ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਡਾ ਰਨ ਚੇਜ਼ 262 ਦੌੜਾਂ ਦਾ ਸੀ, ਜੋ ਕਿ ਉਹ ਵੀ ਪੰਜਾਬ ਦੀ ਟੀਮ ਨੇ ਹੀ ਆਪਣੇ ਨਾਮ ਕੀਤਾ ਸੀ।
ਕੇ.ਐਲ. ਰਾਹੁਲ ਦਾ ਸੈਂਕੜਾ ਗਿਆ ਬੇਕਾਰ
ਇਸ ਮੁਕਾਬਲੇ ਵਿੱਚ ਦਿੱਲੀ ਕੈਪੀਟਲਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ 20 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ‘ਤੇ 264 ਦੌੜਾਂ ਦਾ ਪਹਾੜ ਵਰਗਾ ਸਕੋਰ ਖੜ੍ਹਾ ਕੀਤਾ। ਦਿੱਲੀ ਵੱਲੋਂ ਕੇ.ਐਲ. ਰਾਹੁਲ ਨੇ 67 ਗੇਂਦਾਂ ‘ਤੇ ਨਾਬਾਦ 152 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਵਿੱਚ 16 ਚੌਕੇ ਅਤੇ 9 ਛੱਕੇ ਸ਼ਾਮਲ ਸਨ। ਦੂਜੇ ਪਾਸੇ ਨਿਤੀਸ਼ ਰਾਣਾ ਨੇ 44 ਗੇਂਦਾਂ ‘ਤੇ 91 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਵਿਚਕਾਰ ਦੂਜੀ ਵਿਕਟ ਲਈ 220 ਦੌੜਾਂ ਦੀ ਸਾਂਝੇਦਾਰੀ ਹੋਈ, ਜੋ ਮੈਚ ਦਾ ਸਭ ਤੋਂ ਅਹਿਮ ਮੋੜ ਸਾਬਤ ਹੋਈ। ਪਰ ਪੰਜਾਬ ਦੀ ਬੱਲੇਬਾਜ਼ੀ ਨੇ ਦਿੱਲੀ ਦੀ ਇਸ ਸਾਰੀ ਮਿਹਨਤ ‘ਤੇ ਪਾਣੀ ਫੇਰ ਦਿੱਤਾ।
ਪੰਜਾਬ ਕਿੰਗਜ਼ ਦਾ ਇਤਿਹਾਸਕ ਰਨ ਚੇਜ਼
ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ ਦੀ ਸ਼ੁਰੂਆਤ ਕਾਫੀ ਵਿਸਫੋਟਕ ਰਹੀ। ਟੀਮ ਨੇ ਪਾਵਰਪਲੇਅ ਵਿੱਚ ਹੀ 116 ਦੌੜਾਂ ਬਣਾ ਲਈਆਂ। ਪ੍ਰਿਆਂਸ਼ ਆਰਿਆ ਨੇ 17 ਗੇਂਦਾਂ ‘ਤੇ 43 ਦੌੜਾਂ ਬਣਾਈਆਂ, ਜਿਸ ਵਿੱਚ 5 ਛੱਕੇ ਸ਼ਾਮਲ ਸਨ। ਉੱਥੇ ਹੀ, ਪ੍ਰਭਸਿਮਰਨ ਸਿੰਘ ਨੇ ਸਿਰਫ਼ 26 ਗੇਂਦਾਂ ‘ਤੇ 76 ਦੌੜਾਂ ਦੀ ਆਤਿਸ਼ੀ ਪਾਰੀ ਖੇਡੀ, ਜਿਸ ਵਿੱਚ 9 ਚੌਕੇ ਅਤੇ 5 ਛੱਕੇ ਦੇਖਣ ਨੂੰ ਮਿਲੇ। ਦੋਵਾਂ ਨੇ ਪਹਿਲੀ ਵਿਕਟ ਲਈ 126 ਦੌੜਾਂ ਜੋੜੀਆਂ। ਆਰਿਆ ਅਤੇ ਪ੍ਰਭਸਿਮਰਨ ਦੇ ਆਊਟ ਹੋਣ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਨੇ ਮੋਰਚਾ ਸੰਭਾਲਿਆ ਅਤੇ 36 ਗੇਂਦਾਂ ‘ਤੇ ਨਾਬਾਦ 71 ਦੌੜਾਂ ਬਣਾ ਕੇ ਮੈਚ ਪੰਜਾਬ ਦੇ ਨਾਮ ਕਰ ਦਿੱਤਾ। ਅਈਅਰ ਦੀ ਪਾਰੀ ਵਿੱਚ 7 ਤੂਫ਼ਾਨੀ ਛੱਕੇ ਦੇਖਣ ਨੂੰ ਮਿਲੇ। ਇਸ ਤੋਂ ਇਲਾਵਾ ਨੇਹਲ ਵਧੇਰਾ ਨੇ 15 ਗੇਂਦਾਂ ‘ਤੇ 25 ਦੌੜਾਂ ਅਤੇ ਸ਼ਸ਼ਾਂਕ ਸਿੰਘ ਨੇ 10 ਗੇਂਦਾਂ ‘ਤੇ ਨਾਬਾਦ 19 ਦੌੜਾਂ ਬਣਾ ਕੇ ਜਿੱਤ ਪੱਕੀ ਕੀਤੀ।
IPL 2026 ਵਿੱਚ ਪੰਜਾਬ ਦਾ ਦਬਦਬਾ
ਇਸ ਜਿੱਤ ਦੇ ਨਾਲ ਪੰਜਾਬ ਕਿੰਗਜ਼ ਨੇ ਆਈਪੀਐਲ 2026 ਵਿੱਚ ਆਪਣੇ ਦਬਦਬੇ ਨੂੰ ਬਰਕਰਾਰ ਰੱਖਿਆ ਹੈ। ਪੰਜਾਬ ਨੇ ਹੁਣ ਤੱਕ 7 ਮੈਚ ਖੇਡੇ ਹਨ ਅਤੇ ਕਿਸੇ ਵੀ ਮੈਚ ਵਿੱਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। ਪੰਜਾਬ ਨੇ 6 ਮੈਚਾਂ ਵਿੱਚ ਜਿੱਤ ਹਾਸਲ ਕੀਤੀ ਹੈ ਅਤੇ 1 ਮੈਚ ਬਾਰਿਸ਼ ਕਾਰਨ ਰੱਦ ਹੋ ਗਿਆ ਸੀ। ਇਸ ਕਾਰਨ ਪੰਜਾਬ 13 ਅੰਕਾਂ ਨਾਲ ਪੁਆਇੰਟਸ ਟੇਬਲ ਵਿੱਚ ਸਿਖਰ ‘ਤੇ ਕਾਬਜ਼ ਹੈ। ਦੂਜੇ ਪਾਸੇ, ਦਿੱਲੀ ਕੈਪੀਟਲਜ਼ ਦੀ ਟੀਮ ਨੂੰ 7 ਮੈਚਾਂ ਵਿੱਚ ਆਪਣੀ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪੰਜਾਬ ਦੀ ਇਸ ਇਤਿਹਾਸਕ ਜਿੱਤ ਨੇ ਪੂਰੀ ਦੁਨੀਆ ਦੇ ਕ੍ਰਿਕਟ ਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ ਹੈ।
