Asia Cup 2025: ਪਾਕਿਸਤਾਨ ਟੀਮ ਤੋਂ ਬਾਬਰ-ਰਿਜ਼ਵਾਨ ਦੀ ਛੁੱਟੀ, ਇਸ ਖਿਡਾਰੀ ਨੂੰ ਮਿਲੀ ਟੀਮ ਦੀ ਕਮਾਨ

Updated On: 

01 Sep 2025 16:47 PM IST

Asia Cup 2025: ਏਸ਼ੀਆ ਕੱਪ 2025 ਲਈ ਪਾਕਿਸਤਾਨ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਵਨਡੇ ਟੀਮ ਦੇ ਕਪਤਾਨ ਮੁਹੰਮਦ ਰਿਜ਼ਵਾਨ ਤੇ ਬਾਬਰ ਆਜ਼ਮ ਨੂੰ ਇਸ ਟੀਮ 'ਚ ਜਗ੍ਹਾ ਨਹੀਂ ਦਿੱਤੀ ਗਈ ਹੈ। ਫਖਰ ਜ਼ਮਾਨ ਸੱਟ ਤੋਂ ਬਾਅਦ ਇਸ ਟੀਮ 'ਚ ਵਾਪਸੀ ਕਰ ਰਹੇ ਹਨ। ਏਸ਼ੀਆ ਕੱਪ ਤੋਂ ਪਹਿਲਾਂ ਪਾਕਿਸਤਾਨ ਟੀਮ ਟ੍ਰਾਈ ਸੀਰੀਜ਼ 'ਚ ਹਿੱਸਾ ਲਵੇਗੀ।

Asia Cup 2025: ਪਾਕਿਸਤਾਨ ਟੀਮ ਤੋਂ ਬਾਬਰ-ਰਿਜ਼ਵਾਨ ਦੀ ਛੁੱਟੀ, ਇਸ ਖਿਡਾਰੀ ਨੂੰ ਮਿਲੀ ਟੀਮ ਦੀ ਕਮਾਨ
Follow Us On

ਪਾਕਿਸਤਾਨ ਦੀ T20I ਟੀਮ ਤੋਂ ਬਾਬਰ ਆਜ਼ਮ ਤੇ ਵਨਡੇ ਟੀਮ ਦੇ ਕਪਤਾਨ ਮੁਹੰਮਦ ਰਿਜ਼ਵਾਨ ਦੀ ਪਾਕਿਸਤਾਨ ਟੀਮ ਤੋਂ ਲਗਭਗ ਛੁੱਟੀ ਹੋ ਗਈ ਹੈ। ਏਸ਼ੀਆ ਕੱਪ 2025 ਤੇ ਟ੍ਰਾਈ ਸੀਰੀਜ਼ ਲਈ ਪਾਕਿਸਤਾਨ ਦੀ 17 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਇਸ ‘ਚ ਜਗ੍ਹਾ ਨਹੀਂ ਦਿੱਤੀ ਗਈ ਹੈ, ਜਦੋਂ ਕਿ ਫਖਰ ਜ਼ਮਾਨ ਨੂੰ ਇਸ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਪਿਛਲੇ 8 ਸਾਲਾਂ ‘ਚ ਇਹ ਪਹਿਲਾ ਮੌਕਾ ਹੈ ਜਦੋਂ ਬਾਬਰ ਆਜ਼ਮ ਏਸ਼ੀਆ ਕੱਪ ‘ਚ ਹਿੱਸਾ ਨਹੀਂ ਲੈਣਗੇ। ਏਸ਼ੀਆ ਕੱਪ 9 ਤੋਂ 28 ਸਤੰਬਰ ਤੱਕ ਦੁਬਈ ਤੇ ਅਬੂ ਧਾਬੀ ‘ਚ ਹੋਵੇਗਾ। ਇਸ ਟੂਰਨਾਮੈਂਟ ਤੋਂ ਪਹਿਲਾਂ, ਪਾਕਿਸਤਾਨ ਟੀਮ ਅਫਗਾਨਿਸਤਾਨ ਤੇ ਯੂਏਈ ਨਾਲ ਟ੍ਰਾਈ ਸੀਰੀਜ਼ ਵੀ ਖੇਡੇਗੀ। ਇਸ ਲਈ, ਪਾਕਿਸਤਾਨ ਟੀਮ 22 ਅਗਸਤ ਤੋਂ ਆਈਸੀਸੀ ਅਕੈਡਮੀ ‘ਚ ਅਭਿਆਸ ਕੈਂਪ ਲਗਾਏਗੀ।

ਸਲਮਾਨ ਆਗਾ ਨੂੰ ਦੁਬਾਰਾ ਕਮਾਨ ਮਿਲੀ

ਆਲਰਾਉਂਡਰ ਸਲਮਾਨ ਅਲੀ ਆਗਾ ਨੂੰ ਇੱਕ ਵਾਰ ਫਿਰ ਏਸ਼ੀਆ ਕੱਪ ਲਈ ਟੀਮ ਦੀ ਕਮਾਨ ਸੌਂਪੀ ਗਈ ਹੈ। ਬੰਗਲਾਦੇਸ਼ ‘ਚ ਟੀ-20 ਸੀਰੀਜ਼ ਹਾਰਨ ਤੋਂ ਬਾਅਦ, ਪਾਕਿਸਤਾਨ ਟੀਮ ਨੇ ਵੈਸਟਇੰਡੀਜ਼ ਵਿਰੁੱਧ ਇਸ ਫਾਰਮੈਟ ‘ਚ ਸ਼ਾਨਦਾਰ ਵਾਪਸੀ ਕੀਤੀ ਅਤੇ ਸੀਰੀਜ਼ 2-1 ਨਾਲ ਜਿੱਤੀ। ਏਸ਼ੀਆ ਕੱਪ ‘ਚ, ਪਾਕਿਸਤਾਨ ਨੂੰ ਭਾਰਤ, ਓਮਾਨ ਤੇ ਯੂਏਈ ਵਰਗੀਆਂ ਟੀਮਾਂ ਦੇ ਨਾਲ ਗਰੁੱਪ ਏ ‘ਚ ਰੱਖਿਆ ਗਿਆ ਹੈ। ਪਾਕਿਸਤਾਨ ਟੂਰਨਾਮੈਂਟ ਦਾ ਆਪਣਾ ਪਹਿਲਾ ਮੈਚ 12 ਸਤੰਬਰ ਨੂੰ ਓਮਾਨ ਵਿਰੁੱਧ ਖੇਡੇਗਾ। ਇਸ ਤੋਂ ਬਾਅਦ, 14 ਸਤੰਬਰ ਨੂੰ ਇਸਦਾ ਸਾਹਮਣਾ ਭਾਰਤ ਨਾਲ ਹੋਵੇਗਾ। 17 ਸਤੰਬਰ ਨੂੰ, ਪਾਕਿਸਤਾਨੀ ਟੀਮ ਯੂਏਈ ਨਾਲ ਖੇਡੇਗੀ।

ਪਾਕਿਸਤਾਨ ਟ੍ਰਾਈ ਸੀਰੀਜ਼ ਖੇਡੇਗਾ

ਏਸ਼ੀਆ ਕੱਪ ਤੋਂ ਪਹਿਲਾਂ, ਪਾਕਿਸਤਾਨ ਟੀਮ UAE ਤੇ ਅਫਗਾਨਿਸਤਾਨ ਨਾਲ ਟ੍ਰਾਈ ਸੀਰੀਜ਼ ਖੇਡੇਗੀ। ਇਸ ‘ਚ ਪਾਕਿਸਤਾਨ ਟੀਮ ਵਧੀਆ ਪ੍ਰਦਰਸ਼ਨ ਕਰਨਾ ਚਾਹੇਗੀ। ਸਾਲ 2023 ‘ਚ ਆਯੋਜਿਤ ਏਸ਼ੀਆ ਕੱਪ ODI ਫਾਰਮੈਟ ‘ਚ ਖੇਡਿਆ ਗਿਆ ਸੀ। ਟੀਮ ਇੰਡੀਆ ਨੇ ਇਹ ਟੂਰਨਾਮੈਂਟ ਜਿੱਤਿਆ ਸੀ। ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਨੇ ਆਖਰੀ ਵਾਰ ਦਸੰਬਰ ‘ਚ ਦੱਖਣੀ ਅਫਰੀਕਾ ਵਿਰੁੱਧ T20I ਸੀਰੀਜ਼ ਖੇਡੀ ਸੀ। ਇਹ ਸੀਰੀਜ ਮੁਹੰਮਦ ਰਿਜ਼ਵਾਨ ਦੀ ਆਖਰੀ T20I ਸੀਰੀਜ਼ ਵੀ ਸੀ। ਇਸ ਤੋਂ ਬਾਅਦ, ਦੋਵਾਂ ਖਿਡਾਰੀਆਂ ਨੂੰ ਇਸ ਛੋਟੇ ਫਾਰਮੈਟ ਤੋਂ ਬਾਹਰ ਕਰ ਦਿੱਤਾ ਗਿਆ ਸੀ।

ਟ੍ਰਾਈ ਸੀਰੀਜ਼ ਅਤੇ ਏਸ਼ੀਆ ਕੱਪ ਲਈ ਪਾਕਿਸਤਾਨੀ ਟੀਮ: ਸਲਮਾਨ ਅਲੀ ਆਗਾ (ਕਪਤਾਨ), ਅਬਰਾਰ ਅਹਿਮਦ, ਫਹੀਮ ਅਸ਼ਰਫ, ਫਖਰ ਜ਼ਮਾਨ, ਹਾਰੀਸ ਰਊਫ, ਹਸਨ ਅਲੀ, ਹਸਨ ਨਵਾਜ਼, ਹੁਸੈਨ ਤਲਤ, ਖੁਸ਼ਦਿਲ ਸ਼ਾਹ, ਮੁਹੰਮਦ ਹੈਰਿਸ (ਵਿਕਟਕੀਪਰ), ਮੁਹੰਮਦ ਨਵਾਜ਼, ਮੁਹੰਮਦ ਵਸੀਮ ਜੂਨੀਅਰ, ਸਾਹਿਬਜ਼ਾਦਾ ਫਰਹਾਨ, ਸੈਮ ਅਯੂਬ, ਸਲਮਾਨ ਮਿਰਜ਼ਾ, ਸ਼ਾਹੀਨ ਸ਼ਾਹ ਅਫ਼ਰੀਦੀ ਤੇ ਸੁਫਿਆਨ ਮੁਕਿਮ।