football I League: ਪੰਜਾਬ ਵਿੱਚ ਫੁੱਟਬਾਲ ਦੇ ਵਿਕਾਸ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ, ਖੇਡ ਵਿਭਾਗ ਨੇ ਕੀਤਾ ਸਮਝੌਤਾ
ਖੇਡ ਵਿਭਾਗ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਵਿੱਚ ਪ੍ਰਤਿਭਾ ਨੂੰ ਪ੍ਰਫੁੱਲਤ ਕਰਨ ਅਤੇ ਖਿਡਾਰੀਆਂ ਨੂੰ ਸਹੂਲਤਾਂ ਅਤੇ ਪਲੇਟਫਾਰਮ ਪ੍ਰਦਾਨ ਕਰਨ ਲਈ ਵਚਨਬੱਧ ਹੈ। ਮਾਹਿਲਪੁਰ, ਜਿਸ ਨੂੰ ਭਾਰਤੀ ਫੁੱਟਬਾਲ ਦਾ ਮੱਕਾ ਜਾਂ ਨਰਸਰੀ ਕਿਹਾ ਜਾਂਦਾ ਹੈ, ਆਜ਼ਾਦੀ ਤੋਂ ਪਹਿਲਾਂ ਤੋਂ ਹੀ ਫੁੱਟਬਾਲ ਦੀ ਵਿਰਾਸਤ ਨੂੰ ਸੰਭਾਲਦਾ ਹੈ।
ਪੰਜਾਬ ਦੇ ਖੇਡ ਵਿਭਾਗ ਨੇ ਮਾਣ ਨਾਲ ਐਲਾਨ ਕੀਤਾ ਹੈ ਕਿ ਮਿਨਰਵਾ ਫੁੱਟਬਾਲ ਅਕੈਡਮੀ ਵੱਲੋਂ ਦਿੱਲੀ ਐੱਫ.ਸੀ. ਨਾਲ ਕੀਤੇ ਸਮਝੌਤਾ ਪੱਤਰ (ਐੱਮ.ਓ.ਯੂ.) ਤਹਿਤ ਕਲੱਬ ਨੂੰ ਆਗਾਮੀ ਆਈ-ਲੀਗ ਸੀਜ਼ਨ ਦੇ ਮੈਚ ਮਾਹਿਲਪੁਰ (ਜ਼ਿਲ੍ਹਾ) ਵਿਖੇ ਨਵੇਂ ਬਣੇ ਖੇਡ ਸਟੇਡੀਅਮ ਵਿਖੇ ਖੇਡਣ ਦੀ ਮਨਜ਼ੂਰੀ ਦਿੱਤੀ ਹੈ। ਇਹ ਕਦਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਖੇਡਾਂ ਦੇ ਵਿਕਾਸ ਅਤੇ ਨੌਜਵਾਨਾਂ ਵਿੱਚ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ।
ਇਹ ਸਮਝੌਤਾ ਨਾ ਸਿਰਫ਼ ਆਈ-ਲੀਗ ਮੈਚਾਂ ਦਾ ਆਯੋਜਨ ਕਰਕੇ ਪੰਜਾਬ ਦੇ ਖੇਡ ਢਾਂਚੇ ਨੂੰ ਮਜ਼ਬੂਤ ਕਰੇਗਾ, ਸਗੋਂ ਫੁੱਟਬਾਲ ਵਿੱਚ ਆਪਣਾ ਕਰੀਅਰ ਬਣਾਉਣ ਦੇ ਚਾਹਵਾਨ ਨੌਜਵਾਨ ਖਿਡਾਰੀਆਂ ਨੂੰ ਵੀ ਸਹਾਇਤਾ ਪ੍ਰਦਾਨ ਕਰੇਗਾ। ਇਸ ਆਈ-ਲੀਗ ਸੀਜ਼ਨ ਦੀ ਸ਼ੁਰੂਆਤ 19 ਦਸੰਬਰ 2024 ਤੋਂ ਹੋਵੇਗੀ ਅਤੇ ਅਪ੍ਰੈਲ 2025 ਦੇ ਅੰਤ ਤੱਕ ਕੁੱਲ 12 ਮੈਚਾਂ ਨਾਲ ਸਮਾਪਤੀ ਹੋਵੇਗੀ।
ਕਈ ਸੂਬਿਆਂ ਤੋਂ ਆਉਣਗੇ ਖਿਡਾਰੀ
ਫੁੱਟਬਾਲ ਦੀ ਨਰਸਰੀ ਵਜੋਂ ਜਾਣੇ ਜਾਂਦੇ ਮਾਹਿਲਪੁਰ ਵਿੱਚ ਹੋਣ ਵਾਲੇ ਇਨ੍ਹਾਂ ਸਾਰੇ ਮੈਚਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਸ਼ੰਸਕਾਂ ਦੇ ਪਹੁੰਚਣ ਦੀ ਉਮੀਦ ਹੈ, ਜਿਨ੍ਹਾਂ ਵਿੱਚੋਂ ਕੁਝ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਵੀ ਆਉਣਗੇ। ਇਸ ਸੀਜ਼ਨ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ 12 ਟੀਮਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੇਗੀ, ਜਿਸ ਵਿੱਚ ਡੈਂਪੋ ਸਪੋਰਟਿੰਗ ਕਲੱਬ ਵਰਗੇ ਅਨੁਭਵੀ ਕਲੱਬ ਅਤੇ ਚਰਚਿਲ ਬ੍ਰਦਰਜ਼ ਵਰਗੇ ਰਵਾਇਤੀ ਕਲੱਬ ਸ਼ਾਮਲ ਹਨ।
ਇਸ ਸੀਜ਼ਨ ਦੇ ਆਈ-ਲੀਗ ਮੈਚਾਂ ਨੂੰ ਯੂਰੋ ਸਪੋਰਟਸ ਇੰਡੀਆ ਅਤੇ ਲਾਈਵਟੀਵੀ ‘ਤੇ ਟੈਲੀਕਾਸਟ ਕੀਤਾ ਜਾਵੇਗਾ, ਜਦਕਿ ਫੈਨ ਕੋਡ ਪਲੇਟਫਾਰਮ ‘ਤੇ ਔਨਲਾਈਨ ਸਟ੍ਰੀਮਿੰਗ ਵੀ ਉਪਲਬਧ ਹੋਵੇਗੀ। ਇਸ ਨਾਲ ਮਾਹਿਲਪੁਰ ਰਾਸ਼ਟਰੀ ਪੱਧਰ ‘ਤੇ ਫੁੱਟਬਾਲ ਦੇ ਮੁੱਖ ਮੰਚ ‘ਤੇ ਉਭਰੇਗਾ।
ਮਿਨਰਵਾ ਫੁਟਬਾਲ ਅਕੈਡਮੀ ਦੇ ਸੀਈਓ ਰਣਜੀਤ ਬਜਾਜਾ ਨੇ ਕਿਹਾ ਕਿ ਸਾਰੇ ਖੇਡ ਪ੍ਰੇਮੀ ਇਸ ਉਪਰਾਲੇ ਤੋਂ ਬਹੁਤ ਉਤਸ਼ਾਹਿਤ ਹਨ ਅਤੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਡ ਵਿਭਾਗ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ
ਮਹਿਲਪੁਰ ਨੇ ਪੈਦਾ ਕੀਤੇ ਕੌਮਾਂਤਰੀ ਖਿਡਾਰੀ
ਖੇਡ ਵਿਭਾਗ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਵਿੱਚ ਪ੍ਰਤਿਭਾ ਨੂੰ ਪ੍ਰਫੁੱਲਤ ਕਰਨ ਅਤੇ ਖਿਡਾਰੀਆਂ ਨੂੰ ਸਹੂਲਤਾਂ ਅਤੇ ਪਲੇਟਫਾਰਮ ਪ੍ਰਦਾਨ ਕਰਨ ਲਈ ਵਚਨਬੱਧ ਹੈ। ਮਾਹਿਲਪੁਰ, ਜਿਸ ਨੂੰ ਭਾਰਤੀ ਫੁੱਟਬਾਲ ਦਾ ਮੱਕਾ ਜਾਂ ਨਰਸਰੀ ਕਿਹਾ ਜਾਂਦਾ ਹੈ, ਆਜ਼ਾਦੀ ਤੋਂ ਪਹਿਲਾਂ ਤੋਂ ਹੀ ਫੁੱਟਬਾਲ ਦੀ ਵਿਰਾਸਤ ਨੂੰ ਸੰਭਾਲਦਾ ਹੈ। ਮਾਹਿਲਪੁਰ ਨੇ ਬਹੁਤ ਸਾਰੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਕੀਤੇ ਹਨ ਅਤੇ ਹੁਸ਼ਿਆਰਪੁਰ ਜ਼ਿਲ੍ਹਾ ਨਾ ਸਿਰਫ਼ ਫੁੱਟਬਾਲ ਬਲਕਿ ਹੋਰ ਕਈ ਖੇਡਾਂ ਵਿੱਚ ਵੀ ਪੰਜਾਬ ਦੇ ਖੇਡ ਸੱਭਿਆਚਾਰ ਵਿੱਚ ਮੋਹਰੀ ਰਿਹਾ ਹੈ, ਜਿਸ ਨਾਲ ਇਸ ਨੂੰ ਮੈਚਾਂ ਦੀ ਮੇਜ਼ਬਾਨੀ ਲਈ ਢੁਕਵਾਂ ਸਥਾਨ ਬਣਾਇਆ ਗਿਆ ਹੈ।
ਮਾਹਿਲਪੁਰ ਦੀ ਇਸ ਸਮਰੱਥਾ ਨੂੰ ਪਛਾਣਦਿਆਂ ਪੰਜਾਬ ਸਰਕਾਰ ਇਸ ਦੇ ਇਤਿਹਾਸਕ ਖੇਡ ਵਿਰਸੇ ਨੂੰ ਮੁੜ ਸੁਰਜੀਤ ਕਰਨ ਦੇ ਉਦੇਸ਼ ਨਾਲ ਅਜਿਹੀਆਂ ਸਕੀਮਾਂ ਰਾਹੀਂ ਇਸ ਨੂੰ ਨਵਾਂ ਜੀਵਨ ਦੇਣ ਦਾ ਯਤਨ ਕਰ ਰਹੀ ਹੈ।
ਸਾਲ 2022 ਤੋਂ, ਪੰਜਾਬ ਸਰਕਾਰ ਖੇਡਾਂ ਦੇ ਵਿਕਾਸ ਲਈ ਕਈ ਕਦਮ ਚੁੱਕ ਰਹੀ ਹੈ, ਜਿਨ੍ਹਾਂ ਵਿੱਚੋਂ ਪ੍ਰਮੁੱਖ ਹੈ ਖੇਡਾਂ ਵਤਨ ਪੰਜਾਬ ਦੀਆਂ ਪਹਿਲਕਦਮੀ, ਜਿਸ ਤਹਿਤ 2022 ਵਿੱਚ 4,45,070 ਖਿਡਾਰੀਆਂ ਨੇ ਵੱਖ-ਵੱਖ ਉਮਰ ਵਰਗਾਂ ਅਤੇ ਖੇਡਾਂ ਵਿੱਚ ਭਾਗ ਲਿਆ ਹੈ। ਇਸ ਸਾਲ ਪਹਿਲੀ ਵਾਰ “ਖੇਡਾਂ ਵਤਨ ਪੰਜਾਬ ਦੀ” ਤਹਿਤ ਪੈਰਾ ਸਪੋਰਟਸ ਵੀ ਕਰਵਾਈਆਂ ਜਾ ਰਹੀਆਂ ਹਨ।