IPL 2026: ਸ਼੍ਰੇਅਸ ਅਈਅਰ ਦੇ ਸੈਂਕੜੇ ਨੇ ਪੰਜਾਬ ਨੂੰ ਦਿਵਾਈ ਵੱਡੀ ਜਿੱਤ, ਪਲੇਅ-ਆਫ ‘ਚ ਜਾਣ ਦੀਆਂ ਉਮੀਦਾਂ ਬਰਕਰਾਰ

Updated On: 

23 May 2026 23:59 PM IST

IPL 2026: ਆਈਪੀਐਲ 2026 ਦੇ 68ਵੇਂ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਖਨਊ ਸੁਪਰ ਜਾਇੰਟਸ ਨੂੰ ਇੱਕਪਾਸੜ ਮੈਚ ਵਿੱਚ ਹਰਾ ਦਿੱਤਾ ਹੈ। ਇਸ ਅਹਿਮ ਜਿੱਤ ਦੇ ਨਾਲ ਹੀ ਪੰਜਾਬ ਕਿੰਗਜ਼ ਨੇ ਪਲੇਅ-ਆਫ ਦੀ ਦੌੜ ਵਿੱਚ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ। ਦੂਜੇ ਪਾਸੇ, ਲਖਨਊ ਸੁਪਰ ਜਾਇੰਟਸ ਦੀ ਕਿਸਮਤ ਨੇ ਉਨ੍ਹਾਂ ਦੇ ਆਖਰੀ ਲੀਗ ਮੈਚ ਵਿੱਚ ਵੀ ਸਾਥ ਨਹੀਂ ਦਿੱਤਾ ਅਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

IPL 2026: ਸ਼੍ਰੇਅਸ ਅਈਅਰ ਦੇ ਸੈਂਕੜੇ ਨੇ ਪੰਜਾਬ ਨੂੰ ਦਿਵਾਈ ਵੱਡੀ ਜਿੱਤ, ਪਲੇਅ-ਆਫ ਚ ਜਾਣ ਦੀਆਂ ਉਮੀਦਾਂ ਬਰਕਰਾਰ

Image: (PTI)

ਆਈਪੀਐਲ 2026 ਦੇ 68ਵੇਂ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਖਨਊ ਸੁਪਰ ਜਾਇੰਟਸ ਨੂੰ ਇੱਕਪਾਸੜ ਮੈਚ ਵਿੱਚ ਹਰਾ ਦਿੱਤਾ ਹੈ। ਇਸ ਅਹਿਮ ਜਿੱਤ ਦੇ ਨਾਲ ਹੀ ਪੰਜਾਬ ਕਿੰਗਜ਼ ਨੇ ਪਲੇਅ-ਆਫ ਦੀ ਦੌੜ ਵਿੱਚ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ। ਦੂਜੇ ਪਾਸੇ, ਲਖਨਊ ਸੁਪਰ ਜਾਇੰਟਸ ਦੀ ਕਿਸਮਤ ਨੇ ਉਨ੍ਹਾਂ ਦੇ ਆਖਰੀ ਲੀਗ ਮੈਚ ਵਿੱਚ ਵੀ ਸਾਥ ਨਹੀਂ ਦਿੱਤਾ ਅਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੀ ਇਸ ਜਿੱਤ ਦੇ ਅਸਲੀ ਹੀਰੋ ਸ਼੍ਰੇਅਸ ਅਈਅਰ ਰਹੇ, ਜਿਨ੍ਹਾਂ ਨੇ ਕਪਤਾਨੀ ਪਾਰੀ ਖੇਡਦਿਆਂ 197 ਦੌੜਾਂ ਦੇ ਵੱਡੇ ਟੀਚੇ ਨੂੰ ਬੜੀ ਆਸਾਨੀ ਨਾਲ ਸਰ ਕਰ ਲਿਆ।

ਲਖਨਊ ਨੇ ਖੜ੍ਹਾ ਕੀਤਾ ਸੀ 196 ਦੌੜਾਂ ਦਾ ਵੱਡਾ ਸਕੋਰ

ਮੈਚ ਦੀ ਸ਼ੁਰੂਆਤ ਵਿੱਚ ਲਖਨਊ ਸੁਪਰ ਜਾਇੰਟਸ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੋਰਡ ‘ਤੇ ਇੱਕ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਲਖਨਊ ਵੱਲੋਂ ਨੌਜਵਾਨ ਬੱਲੇਬਾਜ਼ ਆਯੂਸ਼ ਬਡੋਨੀ ਅਤੇ ਜੋਸ਼ ਇੰਗਲਿਸ ਨੇ ਕਾਫ਼ੀ ਹਮਲਾਵਰ ਬੱਲੇਬਾਜ਼ੀ ਕੀਤੀ। ਜੋਸ਼ ਇੰਗਲਿਸ ਨੇ ਪੰਜਾਬ ਦੇ ਗੇਂਦਬਾਜ਼ਾਂ ਦੀ ਰਿਮਾਂਡ ਲੈਂਦਿਆਂ ਮਹਿਜ਼ 44 ਗੇਂਦਾਂ ਵਿੱਚ 77 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ 9 ਚੌਕੇ ਅਤੇ 2 ਸ਼ਾਨਦਾਰ ਛੱਕੇ ਸ਼ਾਮਲ ਸਨ।

ਉੱਥੇ ਹੀ, ਆਯੂਸ਼ ਬਡੋਨੀ ਨੇ ਤੂਫ਼ਾਨੀ ਅੰਦਾਜ਼ ਵਿੱਚ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 18 ਗੇਂਦਾਂ ਵਿੱਚ 238.88 ਦੀ ਸਟ੍ਰਾਈਕ ਰੇਟ ਨਾਲ 43 ਦੌੜਾਂ ਬਣਾਈਆਂ। ਬਡੋਨੀ ਦੀ ਇਸ ਪਾਰੀ ਵਿੱਚ 5 ਚੌਕੇ ਅਤੇ 3 ਗਗਨਚੁੰਬੀ ਛੱਕੇ ਦੇਖਣ ਨੂੰ ਮਿਲੇ। ਅੰਤ ਵਿੱਚ ਅਬਦੁਲ ਸਮਦ ਨੇ ਨਾਬਾਦ 37 ਦੌੜਾਂ ਅਤੇ ਰਿਸ਼ਭ ਪੰਤ ਨੇ 26 ਦੌੜਾਂ ਦਾ ਯੋਗਦਾਨ ਪਾਇਆ, ਜਿਸ ਸਦਕਾ ਲਖਨਊ ਨੇ ਨਿਰਧਾਰਤ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 196 ਦੌੜਾਂ ਬਣਾਈਆਂ। ਪੰਜਾਬ ਕਿੰਗਜ਼ ਵੱਲੋਂ ਮਾਰਕੋ ਯਾਨਸਨ ਅਤੇ ਯੁਜਵੇਂਦਰ ਚਾਹਲ ਸਭ ਤੋਂ ਸਫਲ ਗੇਂਦਬਾਜ਼ ਸਾਬਤ ਹੋਏ। ਇਨ੍ਹਾਂ ਦੋਵਾਂ ਨੇ 2-2 ਬੱਲੇਬਾਜ਼ਾਂ ਨੂੰ ਪੈਵਿਲੀਅਨ ਦਾ ਰਾਹ ਦਿਖਾਇਆ। ਇਸ ਤੋਂ ਇਲਾਵਾ ਅਜ਼ਮਤੁੱਲਾ ਉਮਰਜ਼ਈ ਅਤੇ ਸ਼ਸ਼ਾਂਕ ਸਿੰਘ ਨੇ ਵੀ 1-1 ਵਿਕਟ ਆਪਣੇ ਨਾਮ ਕੀਤੀ।

ਸ਼੍ਰੇਅਸ ਅਈਅਰ ਦਾ ਪਹਿਲਾ IPL ਸ਼ਤਕ

197 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਟੀਮ ਨੇ ਸਿਰਫ਼ 22 ਦੌੜਾਂ ‘ਤੇ ਹੀ ਆਪਣੀਆਂ 2 ਅਹਿਮ ਵਿਕਟਾਂ ਗੁਆ ਦਿੱਤੀਆਂ ਸਨ। ਅਜਿਹੇ ਨਾਜ਼ੁਕ ਮੋੜ ‘ਤੇ ਕਪਤਾਨ ਸ਼੍ਰੇਅਸ ਅਈਅਰ ਨੇ ਮੋਰਚਾ ਸੰਭਾਲਿਆ ਅਤੇ ਮੈਚ ਨੂੰ ਅੰਤ ਤੱਕ ਲੈ ਕੇ ਗਏ। ਅਈਅਰ ਦਾ ਸਾਥ ਪ੍ਰਭਸਿਮਰਨ ਸਿੰਘ ਨੇ ਬਾਖੂਬੀ ਨਿਭਾਇਆ। ਪ੍ਰਭਸਿਮਰਨ ਸਿੰਘ ਨੇ 39 ਗੇਂਦਾਂ ਵਿੱਚ 69 ਦੌੜਾਂ ਦੀ ਤੇਜ਼-ਤਰਾਰ ਪਾਰੀ ਖੇਡੀ।

ਸ਼੍ਰੇਅਸ ਅਈਅਰ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਨਦਾਰ ਸ਼ਾਟ ਲਗਾਉਂਦੇ ਹੋਏ 51 ਗੇਂਦਾਂ ਵਿੱਚ 101 ਦੌੜਾਂ ਬਣਾਈਆਂ ਅਤੇ ਨਾਬਾਦ ਰਹੇ। ਇਹ ਅਈਅਰ ਦੇ ਆਈਪੀਐਲ ਕਰੀਅਰ ਦਾ ਪਹਿਲਾ ਸੈਂਕੜਾ ਵੀ ਹੈ। ਉਨ੍ਹਾਂ ਦੀ ਇਸ ਇਤਿਹਾਸਕ ਪਾਰੀ ਸਦਕਾ ਪੰਜਾਬ ਨੇ 18ਵੇਂ ਓਵਰ ਵਿੱਚ ਹੀ ਸਿਰਫ਼ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ ਅਤੇ ਲਖਨਊ ਨੂੰ ਕਰਾਰੀ ਸ਼ਿਕਸਤ ਦਿੱਤੀ।

Follow Us