IPL 2024, DC vs LSG: ਦਿੱਲੀ ਪਲੇਆਫ ਦੀ ਦੌੜ ਵਿੱਚ ਬਰਕਰਾਰ, ਲਖਨਊ ਦੀ 19 ਦੌੜਾਂ ਨਾਲ ਹਾਰ
DC vs LSG: ਦਿੱਲੀ ਕੈਪੀਟਲਜ਼ ਨੇ ਲਖਨਊ ਸੁਪਰਜਾਇੰਟਸ ਨੂੰ 19 ਦੌੜਾਂ ਨਾਲ ਹਰਾਇਆ। ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਜਿੱਤ ਦਰਜ ਕਰਕੇ ਦਿੱਲੀ ਨੇ ਪਲੇਆਫ ਦੀ ਦੌੜ ਵਿੱਚ ਆਪਣੇ ਆਪ ਨੂੰ ਬਰਕਰਾਰ ਰੱਖਿਆ ਹੈ।
IPL 2024 ਦੇ 64ਵੇਂ ਮੈਚ ਵਿੱਚ ਦਿੱਲੀ ਕੈਪੀਟਲਸ ਨੇ ਲਖਨਊ ਸੁਪਰਜਾਇੰਟਸ ਨੂੰ 19 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਕੈਪੀਟਲਜ਼ ਨੇ 208 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਲਖਨਊ ਸੁਪਰਜਾਇੰਟਸ ਦੀ ਟੀਮ ਸਿਰਫ਼ 189 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਦਿੱਲੀ ਨੇ ਟੂਰਨਾਮੈਂਟ ‘ਚ ਆਪਣੇ ਆਪ ਨੂੰ ਬਰਕਰਾਰ ਰੱਖਿਆ ਹੈ, ਦੂਜੇ ਪਾਸੇ ਲਖਨਊ ਦੀ ਟੀਮ ਦੀਆਂ ਪਲੇਆਫ ‘ਚ ਪਹੁੰਚਣ ਦੀਆਂ ਉਮੀਦਾਂ ਹੁਣ ਚਕਨਾਚੂਰ ਹੁੰਦੀਆਂ ਨਜ਼ਰ ਆ ਰਹੀਆਂ ਹਨ। ਟ੍ਰਿਸਟਨ ਸਟੱਬਸ ਅਤੇ ਅਭਿਸ਼ੇਕ ਪੋਰੇਲ ਦਿੱਲੀ ਦੀ ਜਿੱਤ ਦੇ ਹੀਰੋ ਰਹੇ। ਸਟੱਬਸ ਨੇ 25 ਗੇਂਦਾਂ ਵਿੱਚ ਨਾਬਾਦ 57 ਦੌੜਾਂ ਬਣਾਈਆਂ, ਅਭਿਸ਼ੇਕ ਪੋਰੇਲ ਨੇ 58 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਗੇਂਦਬਾਜ਼ੀ ‘ਚ ਇਸ਼ਾਂਤ ਸ਼ਰਮਾ ਨੇ 3 ਵਿਕਟਾਂ ਲਈਆਂ।
ਪੂਰਨ-ਅਰਸ਼ਦ ਖਾਨ ਦੀ ਮਿਹਨਤ ਬੇਕਾਰ ਗਈ
ਲਖਨਊ ਸੁਪਰਜਾਇੰਟਸ ਦੇ ਚੋਟੀ ਦੇ ਬੱਲੇਬਾਜ਼ ਅਸਫਲ ਰਹੇ। ਡੀ ਕਾਕ 12 ਦੌੜਾਂ ਬਣਾ ਕੇ ਆਊਟ ਹੋਏ, ਕੇਐੱਲ ਰਾਹੁਲ 5 ਦੌੜਾਂ ਬਣਾ ਕੇ ਆਊਟ ਹੋਏ। ਮਾਰਕਸ ਸਟੋਇਨਿਸ ਨੇ ਵੀ 5 ਦੌੜਾਂ ਬਣਾਈਆਂ ਅਤੇ ਦੀਪਕ ਹੁੱਡਾ ਖਾਤਾ ਵੀ ਨਹੀਂ ਖੋਲ੍ਹ ਸਕੇ। ਇਸ ਤੋਂ ਬਾਅਦ ਨਿਕੋਲਸ ਪੂਰਨ ਨੇ 27 ਗੇਂਦਾਂ ਵਿੱਚ 61 ਦੌੜਾਂ ਬਣਾਈਆਂ ਅਤੇ ਅਰਸ਼ਦ ਖਾਨ ਨੇ 33 ਗੇਂਦਾਂ ਵਿੱਚ 58 ਦੌੜਾਂ ਬਣਾ ਕੇ ਲਖਨਊ ਨੂੰ ਜਿੱਤ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਨਹੀਂ ਹੋ ਸਕਿਆ।
ਲਖਨਊ ਦੇ ਗੇਂਦਬਾਜ਼ ਵੀ ਕਾਫੀ ਮਹਿੰਗੇ ਸਾਬਤ ਹੋਏ। ਅਰਸ਼ਦ ਖਾਨ ਨੇ 3 ਓਵਰਾਂ ‘ਚ 45 ਦੌੜਾਂ ਦਿੱਤੀਆਂ। ਨਵੀਨ ਉਲ ਹੱਕ ਨੇ 4 ਓਵਰਾਂ ‘ਚ 51 ਦੌੜਾਂ ਦਿੱਤੀਆਂ। ਰਵੀ ਬਿਸ਼ਨੋਈ ਨੇ 4 ਓਵਰਾਂ ‘ਚ 26 ਦੌੜਾਂ ਦੇ ਕੇ ਟੀਮ ਦੀ ਜਾਨ ਬਚਾਈ ਪਰ ਇਸ ਦੇ ਬਾਵਜੂਦ ਦਿੱਲੀ ਦੀ ਟੀਮ 208 ਦੌੜਾਂ ਦੇ ਵੱਡੇ ਸਕੋਰ ਤੱਕ ਪਹੁੰਚ ਗਈ, ਜੋ ਆਖਿਰਕਾਰ ਲਖਨਊ ਲਈ ਵੱਡਾ ਟੀਚਾ ਸਾਬਤ ਹੋਇਆ।
ਆਈਪੀਐਲ 2024 ਪਲੇਆਫ ਸਮੀਕਰਨ
ਦਿੱਲੀ ਦੀ ਇਸ ਜਿੱਤ ਨਾਲ ਰਾਜਸਥਾਨ ਰਾਇਲਜ਼ ਨੂੰ ਸਭ ਤੋਂ ਵੱਡਾ ਫਾਇਦਾ ਹੋਇਆ ਹੈ। ਰਾਜਸਥਾਨ ਦੀ ਟੀਮ ਪਲੇਆਫ ਲਈ ਕੁਆਲੀਫਾਈ ਕਰ ਚੁੱਕੀ ਹੈ। ਕੋਲਕਾਤਾ ਤੋਂ ਬਾਅਦ ਪਲੇਆਫ ‘ਚ ਪਹੁੰਚਣ ਵਾਲੀ ਇਹ ਦੂਜੀ ਟੀਮ ਹੈ। ਇਸ ਜਿੱਤ ਨਾਲ ਦਿੱਲੀ ਟੀਮ ਟੀਮ ਅੰਕ ਸੂਚੀ ਵਿੱਚ ਪੰਜਵੇਂ ਸਥਾਨ ਤੇ ਪਹੁੰਚ ਗਈ ਹੈ। ਆਰਸੀਬੀ ਛੇਵੇਂ ਸਥਾਨ ‘ਤੇ ਹੈ ਪਰ ਇਸ ਦੀ ਨੈੱਟ ਰਨ ਰੇਟ +0.387 ਹੈ ਅਤੇ ਦਿੱਲੀ ਦੀ ਨੈੱਟ ਰਨ ਰੇਟ ਨੈਗੇਟਿਵ ਹੈ।