(Pic Credit: tv9hindi.com)
ਵਿਸ਼ਵ ਕੱਪ-2023 ਦਾ ਟਾਈਟਲ ਮੈਚ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਹ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ। ਟੀਮ ਇੰਡੀਆ ਸੈਮੀਫਾਈਨਲ ‘ਚ ਨਿਊਜ਼ੀਲੈਂਡ ਨੂੰ ਹਰਾ ਕੇ ਫਾਈਨਲ ‘ਚ ਪਹੁੰਚੀ ਸੀ, ਜਦਕਿ ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ ਹਰਾਇਆ ਅਤੇ ਫਾਈਨਲ ‘ਚ ਜਗ੍ਹਾ ਪੱਕੀ ਕੀਤੀ। ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ 20 ਸਾਲ ਬਾਅਦ ਵਿਸ਼ਵ ਕੱਪ ਦੇ ਫਾਈਨਲ ‘ਚ ਆਹਮੋ-ਸਾਹਮਣੇ ਹੋਣਗੀਆਂ। 2003 ‘ਚ ਜਦੋਂ ਦੋਵੇਂ ਟੀਮਾਂ ਆਪਸ ‘ਚ ਭਿੜੀਆਂ ਤਾਂ ਆਸਟ੍ਰੇਲੀਆ ਨੇ ਜਿੱਤ ਦਰਜ਼ ਕੀਤੀ। ਟੀਮ ਇੰਡੀਆ ਦੀ ਨਜ਼ਰ 20 ਸਾਲ ਪਹਿਲਾਂ ਮਿਲੀ ਇਸ ਹਾਰ ਦਾ ਬਦਲਾ ਲੈਣ ‘ਤੇ ਹੋਵੇਗੀ।
ਜੇਕਰ ਟੀਮ ਇੰਡੀਆ ਇਹ ਮੈਚ ਜਿੱਤ ਜਾਂਦੀ ਹੈ ਤਾਂ ਉਹ ਤੀਜੀ ਵਾਰ ਵਿਸ਼ਵ ਕੱਪ ਟਰਾਫੀ ਜਿੱਤ ਲਵੇਗੀ। ਇਸ ਤੋਂ ਪਹਿਲਾਂ ਉਹ 1983 ਅਤੇ 2011 ‘ਚ ਚੈਂਪੀਅਨ ਬਣ ਚੁੱਕੀ ਹੈ। ਟੀਮ ਇੰਡੀਆ ਨੇ ਕੀਵੀ ਟੀਮ ਨੂੰ ਹਰਾ ਕੇ ਵਿਸ਼ਵ ਕੱਪ ਤੋਂ ਬਾਹਰ ਕਰ ਦਿੱਤਾ ਹੈ ਪਰ ਫਾਈਨਲ ‘ਚ ਉਸ ਨੂੰ ਹੁਣ ਇੱਕ ਸਾਬਕਾ ਖਿਡਾਰੀ ਨੂੰ ਪਛਾੜਨਾ ਹੋਵੇਗਾ। ਇਹ ਦਿੱਗਜ ਆਸਟ੍ਰੇਲੀਆਈ ਟੀਮ ਦਾ ਅਹਿਮ ਹਿੱਸਾ ਹੈ। ਉਹ ਆਸਟ੍ਰਲੀਆ ਦਾ ਸਪਿਨ ਗੇਂਦਬਾਜ਼ੀ ਕੋਚ ਹੈ।
ਅਸੀਂ ਗੱਲ ਕਰ ਰਹੇ ਹਾਂ ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਡੇਨੀਅਲ ਵਿਟੋਰੀ ਦੀ। ਵਿਟੋਰੀ ਨੇ ਮਈ 2022 ਵਿੱਚ ਆਸਟ੍ਰੇਲੀਆ ਦੇ ਸਪਿਨ ਗੇਂਦਬਾਜ਼ੀ ਕੋਚ ਦੀ ਜ਼ਿੰਮੇਵਾਰੀ ਸੰਭਾਲੀ ਸੀ। ਵਿਟੋਰੀ ਆਪਣੇ ਸਮੇਂ ਦੇ ਮਹਾਨ ਆਲਰਾਊਂਡਰਾਂ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਨੇ 17 ਸਾਲ ਤੱਕ ਅੰਤਰਰਾਸ਼ਟਰੀ ਕ੍ਰਿਕਟ ਖੇਡੀ। ਵਿਟੋਰੀ ਨੇ ਨਿਊਜ਼ੀਲੈਂਡ ਲਈ ਟੈਸਟ ‘ਚ 362, ਵਨਡੇ ‘ਚ 305 ਅਤੇ ਟੀ-20 ‘ਚ 38 ਵਿਕਟਾਂ ਲਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਟੈਸਟ ‘ਚ 4531 ਦੌੜਾਂ, ਵਨਡੇ ‘ਚ 2253 ਦੌੜਾਂ ਅਤੇ ਟੀ-20 ‘ਚ 205 ਦੌੜਾਂ ਬਣਾਈਆਂ ਹਨ।
ਵਿਟੋਰੀ ਨੇ 18 ਸਾਲ ਦੀ ਉਮਰ ਵਿੱਚ ਕੀਵੀ ਟੀਮ ਲਈ ਡੈਬਿਊ ਕੀਤਾ ਸੀ। 2007 ਵਿੱਚ ਉਨ੍ਹਾਂ ਨੇ ਟੀਮ ਦੀ ਕਮਾਨ ਵੀ ਸੰਭਾਲੀ ਸੀ। ਉਨ੍ਹਾਂ ਦੀ ਕਪਤਾਨੀ ਵਿੱਚ ਕੀਵੀ ਟੀਮ 2009 ਦੀ ਚੈਂਪੀਅਨਸ ਟਰਾਫੀ ਦੇ ਫਾਈਨਲ ਵਿੱਚ ਪਹੁੰਚੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 2007 ਟੀ-20 ਵਿਸ਼ਵ ਸੈਮੀਫਾਈਨਲ ਅਤੇ 2011 ਵਿਸ਼ਵ ਕੱਪ ਸੈਮੀਫਾਈਨਲ ਵੀ ਖੇਡਿਆ ਸੀ।
ਵਿਟੋਰੀ ਨੇ 2015 ਵਿਸ਼ਵ ਕੱਪ ਫਾਈਨਲ ਵਿੱਚ ਆਸਟ੍ਰੇਲੀਆ ਤੋਂ ਹਾਰਨ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਉਹ ਆਸਟ੍ਰੇਲੀਆ ਤੋਂ ਪਹਿਲਾਂ ਬੰਗਲਾਦੇਸ਼ ਟੀਮ ਦੇ ਕੋਚ ਵੀ ਰਹਿ ਚੁੱਕੇ ਹਨ। ਵਿਟੋਰੀ ਦਾ ਦੇਸ਼ ਨਿਊਜ਼ੀਲੈਂਡ ਇਸ ਵਿਸ਼ਵ ਕੱਪ ‘ਚ ਕੁਝ ਕਮਾਲ ਨਹੀਂ ਕਰ ਸਕਿਆ ਅਤੇ ਸੈਮੀਫਾਈਨਲ ‘ਚ ਹਾਰ ਕੇ ਬਾਹਰ ਹੋ ਗਿਆ। ਕੀਵੀ ਟੀਮ ਲੀਗ ਪੜਾਅ ‘ਚ ਚੌਥੇ ਸਥਾਨ ‘ਤੇ ਰਹੀ। ਉਨ੍ਹਾਂ ਦਾ ਸਾਹਮਣਾ ਨੰਬਰ ਇਕ ਭਾਰਤੀ ਟੀਮ ਨਾਲ ਹੋਇਆ ਸੀ।