ਰਿਕਾਰਡ ਤੋੜ ਜਿੱਤ ਦੇ ਬਾਵਜੂਦ ਪਾਕਿਸਤਾਨ ‘ਚ ਤਣਾਅ ਦਾ ਮਾਹੌਲ, ਬਾਬਰ ਦੀ ਟੀਮ ਨੂੰ ਸਤਾ ਰਿਹਾ ਡਰ

Updated On: 

11 Oct 2023 21:37 PM

ਪਾਕਿਸਤਾਨ ਨੇ ਵਿਸ਼ਵ ਕੱਪ 2023 ਵਿੱਚ ਆਪਣਾ ਦੂਜਾ ਮੈਚ ਵੀ ਜਿੱਤ ਲਿਆ ਹੈ। ਪਾਕਿਸਤਾਨ ਨੇ ਸ਼੍ਰੀਲੰਕਾ ਦੇ ਸਾਹਮਣੇ 345 ਦੌੜਾਂ ਦਾ ਵੱਡਾ ਟੀਚਾ ਹਾਸਲ ਕੀਤਾ, ਜੋ ਵਿਸ਼ਵ ਕੱਪ ਇਤਿਹਾਸ ਵਿੱਚ ਇੱਕ ਰਿਕਾਰਡ ਹੈ। ਪਰ ਇਸ ਦੇ ਬਾਵਜੂਦ ਪਾਕਿਸਤਾਨ ਦੇ ਦਿੱਗਜ ਖਿਡਾਰੀ ਤਣਾਅ ਦਾ ਸਾਹਮਣਾ ਕਰ ਰਹੇ ਹਨ। ਸ਼ੋਏਬ ਮਲਿਕ, ਵਸੀਮ ਅਕਰਮ ਨੇ ਇਸ 'ਤੇ ਸਵਾਲ ਖੜ੍ਹੇ ਕੀਤੇ ਹਨ।

ਰਿਕਾਰਡ ਤੋੜ ਜਿੱਤ ਦੇ ਬਾਵਜੂਦ ਪਾਕਿਸਤਾਨ ਚ ਤਣਾਅ ਦਾ ਮਾਹੌਲ, ਬਾਬਰ ਦੀ ਟੀਮ ਨੂੰ ਸਤਾ ਰਿਹਾ ਡਰ
Follow Us On

ਵਿਸ਼ਵ ਕੱਪ 2023 ਦੇ 8ਵੇਂ ਮੈਚ ਵਿੱਚ ਕੁਝ ਹੈਰਾਨੀਜਨਕ ਹੋਇਆ। ਪਾਕਿਸਤਾਨ (Pakistan) ਨੇ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ। ਇਹ ਜਿੱਤ ਬਹੁਤ ਖਾਸ ਸੀ ਕਿਉਂਕਿ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਟੀਮ ਨੇ 345 ਦੌੜਾਂ ਦੇ ਵੱਡੇ ਸਕੋਰ ਹਾਸਲ ਕੀਤਾ। ਸ਼੍ਰੀਲੰਕਾ ਦੇ 344 ਦੌੜਾਂ ਦੇ ਜਵਾਬ ‘ਚ ਪਾਕਿਸਤਾਨ ਨੇ 10 ਗੇਂਦਾਂ ਬਾਕੀ ਰਹਿੰਦਿਆਂ ਸਿਰਫ਼ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਜ਼ਾਹਿਰ ਹੈ ਕਿ ਜਦੋਂ ਕੋਈ ਟੀਮ ਇੰਨੀ ਵੱਡੀ ਜਿੱਤ ਹਾਸਲ ਕਰ ਲੈਂਦੀ ਹੈ ਤਾਂ ਹਰ ਖਿਡਾਰੀ ਦਾ ਮਨੋਬਲ ਉੱਚਾ ਹੁੰਦਾ ਹੈ ਪਰ ਪਾਕਿਸਤਾਨ ਦੇ ਸਾਬਕਾ ਖਿਡਾਰੀ ਤਣਾਅ ਮਹਿਸੂਸ ਕਰ ਰਹੇ ਹਨ। ਅਸੀਂ ਗੱਲ ਕਰ ਰਹੇ ਹਾਂ ਸ਼ੋਏਬ ਮਲਿਕ, ਵਸੀਮ ਅਕਰਮ ਵਰਗੇ ਖਿਡਾਰੀਆਂ ਦੀ ਜਿਨ੍ਹਾਂ ਨੇ ਪਾਕਿਸਤਾਨ ਦੀ ਜਿੱਤ ਤੋਂ ਬਾਅਦ ਆਪਣੀ ਚਿੰਤਾ ਜ਼ਾਹਰ ਕੀਤੀ ਹੈ।

ਸ਼ੋਏਬ ਮਲਿਕ ਅਤੇ ਵਸੀਮ ਅਕਰਮ ਲਈ ਚਿੰਤਾ ਦਾ ਸਭ ਤੋਂ ਵੱਡਾ ਕਾਰਨ ਸ਼ਾਹੀਨ ਅਫਰੀਦੀ (Shaheen Afridi) ਹਨ। ਸ਼ੋਏਬ ਮਲਿਕ ਨੇ ਕਿਹਾ ਕਿ ਸ਼ਾਹੀਨ ਆਪਣੀ ਰਫਤਾਰ ਨਾਲ ਗੇਂਦਬਾਜ਼ੀ ਨਾ ਕਰਨਾ ਵੱਡੀ ਚਿੰਤਾ ਦਾ ਵਿਸ਼ਾ ਹੈ। ਉਥੇ ਹੀ ਵਸੀਮ ਅਕਰਮ ਨੂੰ ਲੱਗਦਾ ਹੈ ਕਿ ਸ਼ਾਹੀਨ ਸ਼ਾਇਦ ਆਪਣੀ ਸੱਟ ਤੋਂ ਡਰ ਰਹੇ ਹਨ।

ਸ਼ਾਹੀਨ ‘ਤੇ ਕੀ ਬੋਲੇ ਮਲਿਕ?

ਸ਼ੋਏਬ ਮਲਿਕ ਨੇ ਪਾਕਿਸਤਾਨੀ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਸ਼ਾਹੀਨ ਅਫ਼ਰੀਦੀ ਦੀ ਰਫ਼ਤਾਰ ਕਾਫੀ ਘੱਟ ਗਈ ਹੈ। ਸ਼ਾਹੀਨ ਪਹਿਲੇ ਓਵਰ ‘ਚ 145 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਦੇ ਸਨ, ਪਰ ਹੁਣ ਇਹ ਰਫ਼ਤਾਰ 130 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਸਵਿੰਗ ਵੀ ਕਾਬੂ ਤੋਂ ਬਾਹਰ ਹੈ। ਮਲਿਕ ਮੁਤਾਬਕ ਇਹ ਪਾਕਿਸਤਾਨ ਲਈ ਵੱਡੀ ਚਿੰਤਾ ਦਾ ਕਾਰਨ ਹੈ। ਕਿਉਂਕਿ ਪਾਕਿਸਤਾਨ ਨੂੰ ਅਜੇ ਵਿਸ਼ਵ ਕੱਪ ‘ਚ ਵੱਡੀਆਂ ਟੀਮਾਂ ਖਿਲਾਫ਼ ਖੇਡਣਾ ਹੈ ਅਤੇ ਉੱਥੇ ਸ਼ਾਹੀਨ ਦੀ ਕਮਜ਼ੋਰੀ ਦਾ ਫਾਇਦਾ ਉਠਾਇਆ ਜਾ ਸਕਦਾ ਹੈ।

ਵਸੀਮ ਅਕਰਮ ਨੇ ਚੁੱਕੇ ਸਵਾਲ

ਵਸੀਮ ਅਕਰਮ ਨੇ ਵੀ ਸ਼ਾਹੀਨ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ਾਹੀਨ ਨੂੰ ਡਰ ਹੈ ਕਿ ਉਨ੍ਹਾਂ ਦੇ ਗੋਡੇ ਦੀ ਸੱਟ ਮੁੜ ਉੱਭਰ ਸਕਦੀ ਹੈ। ਨਾਲ ਹੀ ਸ਼੍ਰੀਲੰਕਾ ਦੇ ਖਿਲਾਫ਼ ਰਾਊਂਡ ਦਾ ਵਿਕਟ ‘ਤੇ ਸ਼ਾਹੀਨ ਦੀ ਗੇਂਦਬਾਜ਼ੀ ‘ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਖੱਬੇ ਹੱਥ ਦਾ ਗੇਂਦਬਾਜ਼ ਸ਼ੁਰੂਆਤੀ ਓਵਰਾਂ ‘ਚ ਇਹ ਰਣਨੀਤੀ ਆਪਣਾ ਲੈਂਦਾ ਹੈ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਉਹ ਗੇਂਦ ‘ਤੇ ਕੰਟਰੋਲ ਨਹੀਂ ਕਰ ਰਿਹਾ ਹੈ। ਸ਼ੋਏਬ ਮਲਿਕ ਅਤੇ ਵਸੀਮ ਅਕਰਮ ਹੀ ਨਹੀਂ ਵਿਸ਼ਵ ਕੱਪ ‘ਚ ਕੁਮੈਂਟਰੀ ਕਰ ਰਹੇ ਵਕਾਰ ਯੂਨਿਸ ਨੇ ਵੀ ਕਿਹਾ ਕਿ ਸ਼ਾਹੀਨ ਦੀ ਰਫ਼ਤਾਰ ਕਾਫੀ ਘੱਟ ਗਈ ਹੈ, ਜੋ ਸਹੀ ਨਹੀਂ ਹੈ।