Maghi Mela: 40 ਮੁਕਤਿਆਂ ਦੀ ਯਾਦ ਵਿੱਚ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਜਾਏ ਗਏ ਨਗਰ ਕੀਰਤਨ, ਸਮਾਪਤ ਹੋਇਆ ਮਾਘੀ ਮੇਲਾ
Sri Muktsar Sahib: ਮਾਘੀ ਦਾ ਮੇਲਾ ਜਿੱਥੇ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਤਾਂ ਉੱਥੇ ਹੀ ਇਹ ਜ਼ਿਲ੍ਹਾ ਪ੍ਰਸ਼ਾਸਨ ਲਈ ਵੀ ਅਹਿਮ ਮੌਕਾ ਹੁੰਦਾ ਹੈ। ਇਸ ਕਰਕੇ ਵੱਡੇ ਪੁਲਿਸ ਅਧਿਕਾਰੀ ਸੰਗਤਾਂ ਦੀ ਸੁਰੱਖਿਆ ਲਈ ਖੁਦ ਸੜਕਾਂ ਉੱਪਰ ਉੱਤਰੇ ਨਜ਼ਰ ਆਏ। ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਵੱਲੋਂ ਮੋਟਰਸਾਇਕਲਾਂ ਰਾਹੀਂ ਨਗਰ ਕੀਤਰਨ ਦੀ ਸੁਰੱਖਿਆ ਕੀਤੀ ਗਈ।
ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ 40 ਮੁਕਤਿਆਂ ਦੀ ਯਾਦ ਵਿੱਚ ਮਨਾਇਆ ਜਾਣ ਵਾਲਾ ਮਾਘੀ ਮੇਲਾ ਅੱਜ ਨਗਰ ਕੀਰਤਨ ਨਾਲ ਸਮਾਪਤ ਹੋ ਗਿਆ। ਇਸ ਦੌਰਾਨ ਗੱਤਕਾ ਪਾਰਟੀ ਨੇ ਕਰਤੱਬ ਦਿਖਾਏ। ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਲੰਗਰ ਲਗਾਏ ਗਏ।
ਇਹ ਨਗਰ ਕੀਰਤਨ, ਜੋ ਕਿ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ 4 ਤੋਂ ਸ਼ੁਰੂ ਹੋਇਆ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੱਢਿਆ ਗਿਆ। ਹੈੱਡ ਗ੍ਰੰਥੀ ਬਲਵਿੰਦਰ ਸਿੰਘ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨ ਉਪਰੰਤ ਨਗਰ ਕੀਰਤਨ ਸ਼ੁਰੂ ਹੋਇਆ। ਰਾਗੀ ਜਥਿਆਂ ਅਤੇ ਢਾਡੀਆਂ ਨੇ ਸੰਗਤ ਨੂੰ ਸਤਿਗੁਰੂ ਦੇ ਨਾਮ ਨਾਲ ਜੋੜਿਆ।
ਆਰਮੀ ਬੈਂਡ ਰਿਹਾ ਖਿੱਚ ਦਾ ਕੇਂਦਰ
ਨਗਰ ਕੀਰਤਨ ਦੌਰਾਨ ਆਰਮੀ ਬੈਂਡ ਮੇਲੇ ਵਿੱਚ ਆਈਆਂ ਸੰਗਤਾਂ ਦੀ ਖਿੱਚ ਦਾ ਕੇਂਦਰ ਰਿਹਾ। ਬਠਿੰਡਾ ਦੇ ਫਤਿਹ ਆਰਮੀ ਬੈਂਡ ਵੱਲੋਂ ਧਾਰਮਿਕ ਧੁਨਾਂ ਵਜਾਈਆਂ ਗਈਆਂ। ਇਸ ਤੋਂ ਇਲਾਵਾ ਨਿਹੰਗ ਸਿੰਘਾਂ ਅਤੇ ਨੌਜਵਾਨਾਂ ਵੱਲੋਂ ਆਪਣੇ ਹੁਨਰ ਦਾ ਵੀ ਪ੍ਰਦਰਸ਼ਨ ਕੀਤਾ ਗਿਆ।
ਨਿਹੰਗ ਸਿੰਘਾਂ ਨੇ ਦਿਖਾਏ ਕਲਾ ਦਾ ਜੋਹਰ
ਇਸ ਮੌਕੇ ਨਿਹੰਗ ਸਿੰਘਾਂ ਨੇ ਘੁੜਦੌੜ ਅਤੇ ਤਲਵਾਰਬਾਜ਼ੀ ਸਮੇਤ ਕਈ ਤਰ੍ਹਾਂ ਦੇ ਕਲਾ ਦੇ ਜੌਹਰ ਦਿਖਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਬਹਾਦਰੀ ਭਰੇ ਪ੍ਰਦਰਸ਼ਨ ਨੂੰ ਵੇਖਣ ਲਈ ਪਹੁੰਚੇ ਸਨ।
40 ਮੁਕਤਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਦੂਰੋਂ ਦੂਰੋ ਆਈਆਂ ਸੰਗਤਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਕੀਰਤਨ ਦੇ ਰਾਹ ਦੀ ਸਫਾਈ ਕੀਤੀ ਅਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਵਿਸ਼ਾਲ ਲੰਗਰ ਦਾ ਪ੍ਰਬੰਧ ਕੀਤਾ। ਭਾਵੇਂ ਮੇਲਾ ਮਾਘੀ ਰਸਮੀ ਤੌਰ ‘ਤੇ ਖਤਮ ਹੋ ਗਿਆ ਹੈ, ਪਰ ਮੇਲੇ ਨੂੰ ਮਨਾਉਣ ਲਈ ਲਗਾਏ ਗਏ ਬਾਜ਼ਾਰਾਂ ਵਿੱਚ ਖਰੀਦਦਾਰੀ ਅਤੇ ਵੇਚਣ ਦੀਆਂ ਗਤੀਵਿਧੀਆਂ ਕੁਝ ਹੋਰ ਦਿਨਾਂ ਤੱਕ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ
ਇਸ ਸ਼ੁਭ ਮੌਕੇ ‘ਤੇ, ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਾਨਕ ਸੰਗਤ ਵੱਲੋਂ ਕੀਰਤਨ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ, ਜਿਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਹ ਸਮਾਗਮ ਸਿੱਖ ਭਾਈਚਾਰੇ ਦੇ ਵਿਸ਼ਵਾਸ ਅਤੇ ਏਕਤਾ ਦੇ ਪ੍ਰਤੀਕ ਵਜੋਂ ਉਭਰ ਕੇ ਸਾਹਮਣੇ ਆਇਆ।
ਸੁਰੱਖਿਆ ਦੇ ਕੀਤੇ ਗਏ ਪੁਖਤਾ ਪ੍ਰਬੰਧ
ਮਾਘੀ ਦਾ ਮੇਲਾ ਜਿੱਥੇ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਤਾਂ ਉੱਥੇ ਹੀ ਇਹ ਜ਼ਿਲ੍ਹਾ ਪ੍ਰਸ਼ਾਸਨ ਲਈ ਵੀ ਅਹਿਮ ਮੌਕਾ ਹੁੰਦਾ ਹੈ। ਇਸ ਕਰਕੇ ਵੱਡੇ ਪੁਲਿਸ ਅਧਿਕਾਰੀ ਸੰਗਤਾਂ ਦੀ ਸੁਰੱਖਿਆ ਲਈ ਖੁਦ ਸੜਕਾਂ ਉੱਪਰ ਉੱਤਰੇ ਨਜ਼ਰ ਆਏ। ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਵੱਲੋਂ ਮੋਟਰਸਾਇਕਲਾਂ ਰਾਹੀਂ ਨਗਰ ਕੀਤਰਨ ਦੀ ਸੁਰੱਖਿਆ ਕੀਤੀ ਗਈ।