ਮੁਆਫ਼ੀ ਮੰਗੋ ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਰਹੋ ਤਿਆਰ… ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ

Updated On: 

29 Sep 2026 13:49 PM IST

Dhirendra Shastri: ਲੁਧਿਆਣਾ ਵਿੱਚ ਸ਼ਾਹੀ ਇਮਾਮ ਨੇ ਧਾਰਮਿਕ ਕਥਾ ਦੌਰਾਨ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੱਲੋਂ ਇਸਲਾਮ ਧਰਮ ਨੂੰ ਲੈ ਕੇ ਕੀਤੀ ਗਈ ਟਿੱਪਣੀ 'ਤੇ ਇਤਰਾਜ਼ ਜਤਾਇਆ ਹੈ। ਸ਼ਾਹੀ ਇਮਾਮ ਪੰਜਾਬ ਮੁਹੰਮਦ ਉਸਮਾਨ ਰਹਮਾਨੀ ਲੁਧਿਆਣਵੀ ਨੇ ਕਿਹਾ ਕਿ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੂੰ ਆਪਣੇ ਬਿਆਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।

ਮੁਆਫ਼ੀ ਮੰਗੋ ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਰਹੋ ਤਿਆਰ... ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ

ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ’ਤੇ ਸ਼ਾਹੀ ਇਮਾਮ ਦਾ ਇਤਰਾਜ਼ Photo Credit : Social Media

ਲੁਧਿਆਣਾ ਵਿੱਚ ਸ਼ਾਹੀ ਇਮਾਮ ਨੇ ਧਾਰਮਿਕ ਕਥਾ ਦੌਰਾਨ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੱਲੋਂ ਇਸਲਾਮ ਧਰਮ ਨੂੰ ਲੈ ਕੇ ਕੀਤੀ ਗਈ ਟਿੱਪਣੀ ‘ਤੇ ਇਤਰਾਜ਼ ਜਤਾਇਆ ਹੈ। ਸ਼ਾਹੀ ਇਮਾਮ ਪੰਜਾਬ ਮੁਹੰਮਦ ਉਸਮਾਨ ਰਹਮਾਨੀ ਲੁਧਿਆਣਵੀ ਨੇ ਕਿਹਾ ਕਿ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੂੰ ਆਪਣੇ ਬਿਆਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ।

ਧੀਰੇਂਦਰ ਸ਼ਾਸਤਰੀ ਨੇ ਕਿਹਾ ਕਿ ਪਹਿਲਾ ਮਨੁੱਖੀ ਜਨਮ, ਦੂਜਾ ਭਾਰਤ ਵਰਗਾ ਵਤਨ ਅਤੇ ਉਸ ‘ਤੇ ਪੰਜਾਬ ‘ਤੇ ਤੀਜਾ ਸਨਾਤਨ ਵਰਗਾ ਧਰਮ ਮਿਲਿਆ। ਹੁਣ ਮੰਨ ਲਓ ਤੁਸੀਂ ਹੁੰਦੇ ਤਾਂ ਭੈਣ ਨੂੰ ਵੀ ਸੈਯਾ ਬਣਾਉਂਦੇ। ਸਮਝ ਗਏ ਅਸੀਂ ਕੀ ਕਹਿਣਾ ਚਾਹ ਰਹੇ ਹਾਂ। ਆਪਣੇ ਮੂੰਹੋਂ ਜ਼ਿਆਦਾ ਨਹੀਂ ਬੋਲਾਂਗੇ। FIR ਥੋੜ੍ਹੀ ਖਾਣੀ ਹੈ। ਪਹਿਲਾਂ ਅਸੀਂ ਉੱਲੂ ਸੀ, ਹੁਣ ਅਸੀਂ ਬਹੁਤ ਸਮਝਦਾਰ ਹੋ ਗਏ ਹਾਂ। ਹਾਂ, ਹੁਣ ਅਸੀਂ ਅਜਿਹਾ ਕਰਦੇ ਹਾਂ ਕਿ ਸੱਪ ਵੀ ਮਰ ਜਾਵੇ ਅਤੇ ਲਾਠੀ ਵੀ ਨਾ ਟੁੱਟੇ। ਇਸ ਲਈ ਵਿਚਾਰ ਕਰੋ ਕਿ ਤੁਹਾਡਾ ਜਨਮ ਕਿੰਨੇ ਅਦਭੁਤ ਧਰਮ ਵਿੱਚ ਹੋਇਆ ਹੈ। ਸਨਾਤਨ ਧਰਮ ਵਿੱਚ ਜਨਮ ਹੋਇਆ ਹੈ।

6 ਪੁਆਇੰਟਾਂ ਵਿੱਚ ਪੜ੍ਹੋ, ਕੀ ਬੋਲੇ ਰਹਮਾਨੀ

ਨਫ਼ਰਤ ਭਰੀਆਂ ਗੱਲਾਂ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ

ਮੁਹੰਮਦ ਉਸਮਾਨ ਰਹਮਾਨੀ ਲੁਧਿਆਣਵੀ ਨੇ ਕਿਹਾ ਕਿ ਅੱਲਾਹ ਤਾਲਾ ਦੇ ਨਾਮ ਨਾਲ ਸ਼ੁਰੂ ਕਰਦਾ ਹਾਂ, ਜੋ ਬਹੁਤ ਮਿਹਰਬਾਨ ਅਤੇ ਨਿਹਾਇਤ ਰਹਿਮ ਕਰਨ ਵਾਲਾ ਹੈ। ਅੱਜ ਦਾ ਇਹ ਸੰਦੇਸ਼ ਲੁਧਿਆਣਾ ਆਏ ਪੰਡਿਤ ਧੀਰੇਂਦਰ ਸ਼ਾਸਤਰੀ ਜੀ ਦੇ ਨਾਮ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਸ਼ਹਿਰ ਦਾ ਭਾਰਤ ਦੀ ਆਜ਼ਾਦੀ ਦੀ ਜੰਗ, ਉਦਯੋਗ ਅਤੇ ਆਪਸੀ ਭਾਈਚਾਰੇ ਵਿੱਚ ਵਿਸ਼ੇਸ਼ ਇਤਿਹਾਸ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਆਉਣ ‘ਤੇ ਉਨ੍ਹਾਂ ਦਾ ਸਵਾਗਤ ਹੈ, ਪਰ ਜਿਸ ਅੰਦਾਜ਼ ਵਿੱਚ ਨਫ਼ਰਤ ਭਰੀਆਂ ਕੁਝ ਗੱਲਾਂ ਕੀਤੀਆਂ ਗਈਆਂ, ਉਹ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ।

ਇਸਲਾਮ ਧਰਮ ਬਾਰੇ ਨਾਪਾਕ ਇਸ਼ਾਰੇ ਕਰਨ ਦਾ ਆਰੋਪ

ਰਹਮਾਨੀ ਨੇ ਕਿਹਾ ਕਿ ਕਿਸੇ ਵੀ ਧਰਮ ਦੇ ਪ੍ਰਚਾਰਕ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਵਿੱਚ ਆਪਸੀ ਭਾਈਚਾਰੇ, ਸਾਂਝ ਅਤੇ ਪਿਆਰ-ਮੁਹੱਬਤ ਦਾ ਸੰਦੇਸ਼ ਦੇਵੇ। ਉਨ੍ਹਾਂ ਆਰੋਪ ਲਗਾਇਆ ਕਿ ਇਸਲਾਮ ਧਰਮ ਬਾਰੇ ਨਾਪਾਕ ਇਸ਼ਾਰੇ ਕੀਤੇ ਗਏ ਅਤੇ ਸਟੇਜ ਤੋਂ ਭਈਆ ਨੂੰ ਸਈਆਂ ਬਣਾ ਲੈਂਦੇ ਹਨ ਵਰਗੀ ਗੱਲ ਕਹੀ ਗਈ। ਰਹਮਾਨੀ ਨੇ ਕਿਹਾ ਕਿ ਇਹ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਇਸਲਾਮ ਵਿੱਚ ਇਸ ਦੀ ਕੋਈ ਗੁੰਜਾਇਸ਼ ਨਹੀਂ ਹੈ।

ਨਫ਼ਰਤ ਫੈਲਾਉਣ ਦੀ ਨਾਕਾਮ ਕੋਸ਼ਿਸ਼

ਲੁਧਿਆਨਵੀ ਨੇ ਕਿਹਾ ਕਿ ਇਹ ਸੁਣ ਕੇ ਹੈਰਾਨੀ ਹੋਈ ਕਿ ਖੁਦ ਨੂੰ ਜ਼ਿੰਮੇਵਾਰ ਕਹਿਣ ਵਾਲਾ ਵਿਅਕਤੀ ਪੰਜਾਬ ਵਰਗੀ ਧਰਤੀ ‘ਤੇ ਆ ਕੇ ਨਫ਼ਰਤ ਦੀ ਗੱਲ ਕਰ ਰਿਹਾ ਹੈ। ਉਨ੍ਹਾਂ ਗੁਰੂ ਨਾਨਕ ਦੇਵ ਜੀ, ਬਾਬਾ ਫਰੀਦ ਸ਼ਕਰਗੰਜ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਨਬੀ ਖਾਂ, ਗਨੀ ਖਾਂ ਅਤੇ ਦੀਵਾਨ ਟੋਡਰ ਮਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਆਪਸੀ ਭਾਈਚਾਰੇ ਅਤੇ ਸਾਂਝ ਦੀ ਮਿਸਾਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਧਰਤੀ ‘ਤੇ ਆ ਕੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਲੁਧਿਆਣੇ ਤੋਂ ਸੂਝਵਾਨ ਲੋਕ ਸ਼ਾਇਦ ਭਾਰਤ ਵਿੱਚ ਕਿਤੇ ਨਹੀਂ

ਉਨ੍ਹਾਂ ਕਿਹਾ ਕਿ ਇਸ ਦੌਰਾਨ ਲੁਧਿਆਣਾ ਦੇ ਪਾਗਲੋ ਵਰਗੀ ਗੱਲ ਵੀ ਕਹੀ ਗਈ। ਰਹਮਾਨੀ ਨੇ ਕਿਹਾ ਕਿ ਹੋ ਸਕਦਾ ਹੈ ਪੰਡਾਲ ਵਿੱਚ ਮੌਜੂਦ ਕਈ ਲੋਕ ਇਸ ਗੱਲ ਨਾਲ ਸਹਿਮਤ ਹੋਣ, ਪਰ ਲੁਧਿਆਣੇ ਤੋਂ ਵੱਧ ਸੂਝਵਾਨ ਅਤੇ ਲੁਧਿਆਣੇ ਨਾਲੋਂ ਵੱਧ ਪਿਆਰ ਕਰਨ ਵਾਲੇ ਲੋਕ ਸ਼ਾਇਦ ਭਾਰਤ ਵਿੱਚ ਕਿਤੇ ਨਹੀਂ ਹਨ। ਉਨ੍ਹਾਂ ਪੰਜਾਬ ਦੀ ਸਾਂਝੀ ਵਿਰਾਸਤ ਦਾ ਜ਼ਿਕਰ ਕਰਦਿਆਂ ਸਾਈਂ ਮੀਆਂ ਮੀਰ ਜੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੇ ਜਾਣ ਦੀ ਗੱਲ ਵੀ ਕਹੀ।

ਚੀਨ ਦੀ ਗੱਲ ਕਰਕੇ ਉਨ੍ਹਾਂ ਦਾ ਮਜ਼ਾਕ ਉਡਾਉਣ ਦਾ ਆਰੋਪ

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅੱਜ ਵੀ ਹਿੰਦੂ ਅਤੇ ਸਿੱਖ ਪਿੰਡਾਂ ਵਿੱਚ ਮਸਜਿਦਾਂ ਬਣਾਉਣ ਲਈ ਜਗ੍ਹਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਧੀਰੇਂਦਰ ਸ਼ਾਸਤਰੀ ਦੇ ਪੰਜਾਬ ਆਉਣ ‘ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਸੀ, ਪਰ ਲੋਕਾਂ ਨੂੰ ਜਿਸ ਅੰਦਾਜ਼ ਵਿੱਚ ਸੰਦੇਸ਼ ਦਿੱਤਾ ਜਾ ਰਿਹਾ ਹੈ, ਉਸ ‘ਤੇ ਇਤਰਾਜ਼ ਹੈ। ਰਹਮਾਨੀ ਨੇ ਕਿਹਾ ਕਿ ਚੀਨ ਦੀ ਗੱਲ ਕਰਕੇ ਉਸ ਦਾ ਮਜ਼ਾਕ ਉਡਾਇਆ ਗਿਆ ਅਤੇ ਕਿਹਾ ਕਿ ਜਿਸ ਕੈਮਰੇ ਸਾਹਮਣੇ ਗੱਲ ਕੀਤੀ ਜਾ ਰਹੀ ਹੈ ਅਤੇ ਜਿਸ ਮਾਧਿਅਮ ਰਾਹੀਂ ਲੋਕ ਸੁਣ ਰਹੇ ਹਨ, ਉਹ ਵੀ ਚੀਨ ਨਾਲ ਜੁੜੇ ਹਨ।

ਚੀਨ ਨਾਲ ਰੋਜ਼ਾਨਾ ਵਪਾਰ ਦਾ ਕੀਤਾ ਜ਼ਿਕਰ

ਰਹਮਾਨੀ ਨੇ ਕਿਹਾ ਕਿ ਭਾਰਤ ਦੇ ਗੁਆਂਢੀ ਦੇਸ਼ ਚੀਨ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨਾਲ ਭਾਰਤ ਦੇ ਲੋਕ ਅਰਬਾਂ ਰੁਪਏ ਦਾ ਵਪਾਰ ਕਰਦੇ ਹਨ। ਉਨ੍ਹਾਂ ਖਾਸ ਤੌਰ ‘ਤੇ ਲੁਧਿਆਣੇ ਦੇ ਕਾਰੋਬਾਰੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਚੀਨ ਦੇ ਲੋਕਾਂ ਨਾਲ ਰੋਜ਼ਾਨਾ ਵਪਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਟਿੱਪਣੀ ‘ਤੇ ਵੀ ਇਤਰਾਜ਼ ਹੈ।

ਕੀ ਬੋਲੇ ਸਨ ਧੀਰੇਂਦਰ ਸ਼ਾਸਤਰੀ, ਵਿਸਥਾਰ ਨਾਲ ਪੜ੍ਹੋ

ਹਲੀ-ਉੱਲਾਹ ਵਾਲਿਆਂ ਕੋਲ ਜਾਣ ਦੀ ਲੋੜ ਹੀ ਕੀ ਹੈ: ਧੀਰੇਂਦਰ ਸ਼ਾਸਤਰੀ ਨੇ ਕਿਹਾ ਕਿ ਭਾਰਤ ਦੇ ਸਨਾਤਨੀਆਂ, ਤੁਹਾਨੂੰ ਇੱਧਰ-ਉੱਧਰ ਭਟਕਣ ਦੀ ਲੋੜ ਨਹੀਂ ਹੈ। ਤੁਹਾਡੇ ਹਨੁਮਾਨ ਜੀ ਕਿਸੇ ਤੋਂ ਘੱਟ ਨਹੀਂ ਹਨ। ਅਜਿਹੀ ਕੋਈ ਗਲੀ ਨਹੀਂ, ਜਿੱਥੇ ਬਜਰੰਗ ਬਲੀ ਦੀ ਚੱਲੀ ਨਹੀਂ। ਜਦੋਂ ਇਨ੍ਹਾਂ ਨੇ ਲੰਕਾ ਵਿੱਚ ਡੰਕਾ ਵਜਾ ਦਿੱਤਾ ਤਾਂ ਇਹ ਤਾਂ ਭਾਰਤ ਹੈ। ਤੁਹਾਨੂੰ ਹਲੀ-ਉੱਲਾਹ ਵਾਲਿਆਂ ਕੋਲ ਜਾਣ ਦੀ ਲੋੜ ਹੀ ਕੀ ਹੈ। ਸਨਾਤਨੀਆਂ ਇੱਕ ਗੱਲ ਪੱਕੀ ਮੰਨਣਾ- ਜੋ ਆਪਣੇ ਬਾਪ ਨੂੰ ਬਾਪ ਨਹੀਂ ਕਹਿੰਦਾ ਅਤੇ ਗੁਆਂਢੀ ਨੂੰ ਬਾਪ ਕਹਿੰਦਾ ਹੈ, ਉਹ ਕਿਸੇ ਕੰਮ ਦਾ ਨਹੀਂ ਹੁੰਦਾ।

ਅਭਿਮਾਨ ਵਿੱਚ ਨਹੀਂ ਬੋਲ ਰਹੇ: ਸ਼ਾਸਤਰੀ ਨੇ ਕਿਹਾ ਕਿ ਸਾਡਾ ਦਰਬਾਰ ਲਗਾਉਣ ਦਾ ਕਾਰਨ ਇਹੀ ਹੈ ਕਿ ਲੋਕ ਸੋਸ਼ਲ ਮੀਡੀਆ ‘ਤੇ ਸਾਡੇ ਖ਼ਿਲਾਫ਼ ਟ੍ਰੋਲਿੰਗ ਕਰਦੇ ਹਨ। ਜਲੂਸ ਕੱਢਦੇ ਹਨ ਅਤੇ ਅੰਦੋਲਨ ਕਰਦੇ ਹਨ, ਕਿਉਂਕਿ ਅਸੀਂ ਉਨ੍ਹਾਂ ਦੀਆਂ ਦੁਕਾਨਾਂ ‘ਤੇ ਤਾਲੇ ਲਗਵਾ ਦਿੱਤੇ। ਅਸੀਂ ਗੱਲ ਤਰਕ ਨਾਲ ਕਹੀ ਹੈ। ਗੀਤਾ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਆਪਣੇ ਧਰਮ ਵਿੱਚ ਮਰਨਾ ਸਹੀ ਹੈ। ਸਾਡੇ ਗੁਰੂ ਨੇ ਜੋ ਸਿੱਖਿਆ ਦਿੱਤੀ ਹੈ, ਅਸੀਂ ਉਸੇ ‘ਤੇ ਚੱਲਾਂਗੇ। ਅਸੀਂ ਅਭਿਮਾਨ ਵਿੱਚ ਨਹੀਂ ਬੋਲ ਰਹੇ, ਅਸੀਂ ਸਵੈ-ਸਨਮਾਨ ਵਿੱਚ ਬੋਲ ਰਹੇ ਹਾਂ। ਅਸੀਂ ਜਦੋਂ ਤੱਕ ਜਿਊਂਦੇ ਰਹਾਂਗੇ, ਉਦੋਂ ਤੱਕ ਧਰਮ ਪਰਿਵਰਤਨ ਵਰਗਾ ਕਾਲਾ ਬਾਜ਼ਾਰ ਨਹੀਂ ਚੱਲਣ ਦੇਵਾਂਗੇ।

ਪੈਂਟ ਗਿੱਲੀ ਕਰਕੇ ਹੀ ਵਾਪਸ ਭੇਜਾਂਗੇ: ਸ਼ਾਸਤਰੀ ਨੇ ਕਿਹਾ ਕਿ ਅਸੀਂ ਇੱਕ ਵਾਰ ਪੰਜਾਬ ਦੇ ਇਸ ਮੰਚ ਤੋਂ ਉਨ੍ਹਾਂ ਹਲੀ-ਉੱਲਾਹ ਵਾਲਿਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਨਾਤਨ ਧਰਮ ਦੇ ਸੰਤਾਂ ਨੂੰ ਛੱਡ ਕੇ, ਗੁਰੂ ਪਰੰਪਰਾਵਾਂ ਨੂੰ ਛੱਡ ਕੇ, ਸਿੱਖ ਪਰੰਪਰਾਵਾਂ ਨੂੰ ਛੱਡ ਕੇ ਦੁਨੀਆ ਵਿੱਚ ਕਿਸੇ ਵਿੱਚ ਤਾਕਤ ਨਹੀਂ ਹੈ ਜੋ ਸਾਡੇ ਦਰਬਾਰ ਦਾ ਸਾਹਮਣਾ ਕਰ ਸਕੇ। ਜਦੋਂ ਤੁਸੀਂ ਸਾਡੇ ਕੋਲ ਆਓਗੇ ਤਾਂ ਤੁਹਾਡੇ ਬਾਰੇ ਇੰਨਾ ਦੱਸਾਂਗੇ ਕਿ ਤੁਸੀਂ ਆਪਣੀ ਲੁਗਾਈ (ਪਤਨੀ) ਨੂੰ ਮੂੰਹ ਨਹੀਂ ਦਿਖਾ ਸਕੋਗੇ। ਪੈਂਟ ਗਿੱਲੀ ਕਰਕੇ ਹੀ ਵਾਪਸ ਭੇਜਾਂਗੇ।

ਭਾਰਤ ਦੇ ਲੋਕਾਂ ਨੂੰ ਉੱਲੂ ਬਣਾਉਂਦੇ ਹੋ: ਉਨ੍ਹਾਂ ਨੇ ਕਿਹਾ ਕਿ ਪਹਿਲਾਂ ਜਦੋਂ ਮੈਂ ਭਾਰਤ ਵਿੱਚ ਦਰਬਾਰ ਲਗਾਉਂਦਾ ਸੀ ਤਾਂ ਲੋਕ ਮੇਰਾ ਮਜ਼ਾਕ ਬਣਾਉਂਦੇ ਸਨ ਕਿ ਭਾਰਤ ਦੇ ਲੋਕਾਂ ਨੂੰ ਉੱਲੂ ਬਣਾਉਂਦੇ ਹੋ। ਅੱਜਕੱਲ੍ਹ ਮੈਂ ਭਾਰਤ ਵਿੱਚ ਦਰਬਾਰ ਘੱਟ ਲਗਾਉਂਦਾ ਹਾਂ, ਅੰਗਰੇਜ਼ਾਂ ਨੂੰ ਜ਼ਿਆਦਾ ਉੱਲੂ ਬਣਾਉਂਦਾ ਹਾਂ। ਹੁਣ ਤਾਂ ਤੁਹਾਨੂੰ ਕੋਈ ਟੈਂਸ਼ਨ ਜਾਂ ਖੁਜਲੀ ਤਾਂ ਨਹੀਂ ਹੋ ਰਹੀ। ਜੇ ਹੋ ਰਹੀ ਹੈ ਤਾਂ ਆਪਣੀ ਠੱਠਰੀ ਭਰੋ।

ਹਨੁਮਾਨ ਜੀ ਨੇ ਜਿਸ ਕੰਮ ਲਈ ਭੇਜਿਆ ਹੈ, ਉਹ ਕਰਕੇ ਜਾਵਾਂਗਾ: ਧੀਰੇਂਦਰ ਸ਼ਾਸਤਰੀ ਨੇ ਕਿਹਾ, ਤੁਹਾਡੀ ਟੈਂਸ਼ਨ ਵਿੱਚ ਅਸੀਂ ਟੈਂਸ਼ਨ ਨਹੀਂ ਲੈਂਦੇ। ਤੁਸੀਂ ਸਾਨੂੰ ਮਿਟਾਉਣ ਲਈ ਲੱਖ ਪਹਿਰੇ ਲਗਾ ਲਓ, ਪਰ ਹਨੁਮਾਨ ਜੀ ਨੇ ਸਾਨੂੰ ਜਿਸ ਕੰਮ ਲਈ ਭੇਜਿਆ ਹੈ, ਉਹ ਕੰਮ ਕਰਕੇ ਹੀ ਜਾਵਾਂਗੇ। ਸਾਡੇ ਵਰਗੇ ਆਦਮੀ ਦਾ ਵਿਵਾਦ ਹੋਣਾ ਲਾਜ਼ਮੀ ਹੈ, ਕਿਉਂਕਿ ਅਸੀਂ ਗੱਲਾਂ ਠੀਕ ਬੋਲਦੇ ਹਾਂ। ਅਸੀਂ ਕੁੱਤੇ ਨੂੰ ਕੁੱਤਾ ਜੀ ਨਹੀਂ ਕਹਿ ਸਕਦੇ। ਨੰਗੇ ਨੂੰ ਨੰਗਾ ਹੀ ਕਹਾਂਗੇ, ਨੰਗਾ ਜੀ ਨਹੀਂ ਕਹਿ ਸਕਦੇ।

ਬਾਬਿਆਂ ਤੋਂ ਲੋਕਾਂ ਦਾ ਭਲਾ ਨਹੀਂ ਹੋਵੇਗਾ: ਉਨ੍ਹਾਂ ਨੇ ਕਿਹਾ, ਮੈਂ ਕੋਈ ਚਮਤਕਾਰ ਦਿਖਾਉਣ ਨਹੀਂ ਆਇਆ ਹਾਂ। ਮੈਂ ਸਿੱਧਾ ਕਹਿੰਦਾ ਹਾਂ ਕਿ ਬਾਬਿਆਂ ਤੋਂ ਲੋਕਾਂ ਦਾ ਭਲਾ ਨਹੀਂ ਹੋਵੇਗਾ। ਭਲਾ ਹੋਣਾ ਹੈ ਤਾਂ ਬਜਰੰਗ ਬਾਬਾ ਤੋਂ ਹੋਣਾ ਹੈ। ਮੇਰੇ ਵੀ ਚੱਕਰ ਵਿੱਚ ਲੋਕ ਨਾ ਪੈਣ। ਮੈਂ ਇਸ ਲਈ ਇੱਥੇ ਨਹੀਂ ਆਇਆ ਕਿ ਮੇਰੇ ਨਾਲ ਜੁੜੋ। ਮੈਂ ਇਸ ਲਈ ਆਇਆ ਹਾਂ ਕਿ ਤੁਸੀਂ ਲੋਕ ਹਨੁਮਾਨ ਦਾਦਾ ਦੀ ਮਹਿਮਾ ਨੂੰ ਸਮਝ ਸਕੋ। ਮੈਂ ਬਿਨਾਂ ਅੰਗਰੇਜ਼ੀ ਦੇ 16 ਦੇਸ਼ਾਂ ਦਾ ਦੌਰਾ ਕਰ ਆਇਆ ਹਾਂ। ਤਿੰਨ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨਾਲ ਮਿਲ ਆਇਆ ਹਾਂ। ਜਦੋਂ ਮੇਰੇ ਵਰਗੇ ਅਨਪੜ੍ਹ ‘ਤੇ ਭਗਵਾਨ ਜੀ ਦੀ ਕਿਰਪਾ ਹੋ ਸਕਦੀ ਹੈ ਤਾਂ ਤੁਸੀਂ ਵੀ ਉਨ੍ਹਾਂ ਦੇ ਬਣ ਜਾਓ।

ਹਸਪਤਾਲ ਵਿੱਚ ਮੰਦਰ ਨਹੀਂ, ਮੰਦਰ ਵਿੱਚ ਹਸਪਤਾਲ ਹੋਣਾ ਚਾਹੀਦਾ: ਧੀਰੇਂਦਰ ਸ਼ਾਸਤਰੀ ਨੇ ਕਿਹਾ ਕਿ ਮੈਂ ਸੰਕਲਪ ਲਿਆ ਹੈ ਕਿ ਮੰਦਰ ਨਹੀਂ ਬਣਾਉਣਾ। ਜੇਕਰ ਬਣ ਗਿਆ ਤਾਂ ਕੋਈ ਬੁਰਾਈ ਵੀ ਨਹੀਂ, ਪਰ ਹੁਣ ਸਨਾਤਨੀਆਂ ਨੂੰ ਇੱਕ ਕ੍ਰਾਂਤੀ ਲਿਆਉਣੀ ਚਾਹੀਦੀ ਹੈ ਕਿ ਹਸਪਤਾਲ ਵਿੱਚ ਮੰਦਰ ਨਹੀਂ, ਸਗੋਂ ਮੰਦਰ ਵਿੱਚ ਹਸਪਤਾਲ ਹੋਣਾ ਚਾਹੀਦਾ ਹੈ। ਜਿੱਥੇ ਦਵਾਈ ਵੀ ਮਿਲੇ ਅਤੇ ਕਿਰਪਾ ਵੀ ਮਿਲੇ।

ਗੁਰਦੁਆਰਾ ਜਿੱਥੇ ਹੋਵੇਗਾ, ਉੱਥੇ ਸੇਵਾ ਹੋਵੇਗੀ: ਅੰਤ ਵਿੱਚ ਸ਼ਾਸਤਰੀ ਨੇ ਕਿਹਾ ਕਿ ਸਾਨੂੰ ਸਿੱਖ ਭਰਾਵਾਂ ਤੋਂ ਸਿੱਖਣਾ ਚਾਹੀਦਾ ਹੈ ਕਿ ਲੰਗਰ ਦੀ ਸੇਵਾ ਕਿਵੇਂ ਹੁੰਦੀ ਹੈ ਅਤੇ ਬੈਠਣ ਦੀ ਵਿਵਸਥਾ ਕਿਵੇਂ ਕੀਤੀ ਜਾਂਦੀ ਹੈ। ਗੁਰਦੁਆਰਾ ਜਿੱਥੇ ਹੋਵੇਗਾ, ਉੱਥੇ ਸੇਵਾ ਹੋਵੇਗੀ। ਸਨਾਤਨੀਆਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ। ਜਿੱਥੇ ਮੰਦਰ ਹੋਵੇ, ਉੱਥੇ ਸੇਵਾ ਹੋਣੀ ਚਾਹੀਦੀ ਹੈ। ਮੈਂ ਕਿਸੇ ਨੂੰ ਚਮਤਕਾਰ ਵਿੱਚ ਫਸਾਉਣ ਨਹੀਂ ਆਇਆ, ਸਗੋਂ ਉਨ੍ਹਾਂ ਨੂੰ ਜਗਾਉਣ ਆਇਆ ਹਾਂ।

ਪਰੇਸ਼ਾਨੀਆਂ ਨੂੰ ਲੈ ਕੇ ਅਰਜ਼ੀਆਂ ਲਗਾ ਰਹੇ ਲੋਕ

ਦੱਸ ਦੇਈਏ ਕਿ ਲੁਧਿਆਣਾ ਵਿੱਚ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੱਲੋਂ ਵਰਧਮਾਨ-ਗਲਾਡਾ ਮੈਦਾਨ ਵਿੱਚ ਸ੍ਰੀ ਹਨੁਮਾਨ ਜੀ ਦੀ ਕਥਾ ਸੁਣਾਈ ਜਾ ਰਹੀ ਹੈ। ਅੱਜ ਕਥਾ ਦਾ ਚੌਥਾ ਦਿਨ ਹੈ। ਰੋਜ਼ਾਨਾ ਹਜ਼ਾਰਾਂ ਲੋਕ ਨਤਮਸਤਕ ਹੋ ਕੇ ਬਾਲਾ ਜੀ ਦਾ ਆਸ਼ੀਰਵਾਦ ਲੈ ਰਹੇ ਹਨ ਅਤੇ ਆਪਣੀਆਂ ਪਰੇਸ਼ਾਨੀਆਂ ਨੂੰ ਲੈ ਕੇ ਅਰਜ਼ੀਆਂ ਲਗਾ ਰਹੇ ਹਨ।

Loading...
Unable to load recommendations.
Follow Us