Janmashtami 2023: ਅੱਜ ਜਾਂ ਕੱਲ, ਕਦੋਂ ਮਨਾਈ ਜਾ ਰਹੀ ਹੈ ਜਨਮ ਅਸ਼ਟਮੀ? 46 ਮਿੰਟ ਦਾ ਹੈ ਪੂਜਾ ਦਾ ਮੁਹੂਰਤ ਸਿਰਫ
ਸ਼੍ਰੀ ਕ੍ਰਿਸ਼ਨ ਦਾ ਜਨਮ ਭਾਦਰਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਰੀਕ ਨੂੰ ਹੋਇਆ ਸੀ। ਇਸ ਸਾਲ ਇਹ ਤਰੀਕ ਦੋ ਦਿਨ ਯਾਨੀ 6 ਅਤੇ 7 ਸਤੰਬਰ ਨੂੰ ਪੈ ਰਹੀ ਹੈ। ਅਜਿਹੇ 'ਚ ਜਨਮ ਅਸ਼ਟਮੀ ਨੂੰ ਲੈ ਕੇ ਲੋਕਾਂ 'ਚ ਕਾਫੀ ਭੰਬਲਭੂਸਾ ਬਣਿਆ ਹੋਇਆ ਹੈ।
ਕ੍ਰਿਸ਼ਣ ਜਨਮ ਅਸ਼ਟਮੀ (Krishna Janamashtmi) ਨੂੰ ਲੈ ਕੇ ਕਾਫੀ ਭੰਬਲਭੂਸੇ ਵਾਲੀ ਸਥਿਤੀ ਹੈ। ਅਸ਼ਟਮੀ ਤਿਥੀ 6 ਸਤੰਬਰ ਯਾਨੀ ਬੁੱਧਵਾਰ ਦੁਪਹਿਰ ਤੋਂ ਸ਼ੁਰੂ ਹੋ ਰਹੀ ਹੈ ਜੋ 7 ਸਤੰਬਰ ਸ਼ਾਮ ਨੂੰ ਸਮਾਪਤ ਹੋਵੇਗੀ। ਅਜਿਹੇ ਵਿੱਚ ਕਈ ਲੋਕ ਅੱਜ ਜਨਮ ਅਸ਼ਟਮੀ ਮਨਾ ਰਹੇ ਹਨ ਅਤੇ ਕਈ ਕੱਲ੍ਹ ਨੂੰ। ਜਨਮ ਅਸ਼ਟਮੀ ਨੂੰ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਅਜਿਹੇ ‘ਚ ਇਸ ਸਾਲ ਜਨਮ ਦਿਨ ਕਦੋਂ ਮਨਾਇਆ ਜਾਵੇਗਾ, ਆਓ ਸਾਰੇ ਭੰਬਲਭੂਸੇ ਨੂੰ ਦੂਰ ਕਰਦੇ ਹਾਂ।
ਜਨਮ ਅਸ਼ਟਮੀ ਹਰ ਸਾਲ ਭਾਦਰਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੇ ਅੱਠਵੇਂ ਦਿਨ ਮਨਾਈ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਸ਼੍ਰੀ ਕ੍ਰਿਸ਼ਨ ਦਾ ਜਨਮ ਇਸ ਅਸ਼ਟਮੀ ਤਿਥੀ ਨੂੰ ਰੋਹਿਣੀ ਨਕਸ਼ਤਰ ਦੀ ਅੱਧੀ ਰਾਤ ਨੂੰ 12 ਵਜੇ ਹੋਇਆ ਸੀ। ਇਸ ਸਾਲ ਅਸ਼ਟਮੀ ਤਿਥੀ ਬੁੱਧਵਾਰ ਨੂੰ ਦੁਪਹਿਰ 3.37 ਵਜੇ ਸ਼ੁਰੂ ਹੋਵੇਗੀ ਅਤੇ 7 ਸਤੰਬਰ ਨੂੰ ਸ਼ਾਮ 4.16 ਵਜੇ ਤੱਕ ਜਾਰੀ ਰਹੇਗੀ। ਇਸ ਤੋਂ ਇਲਾਵਾ ਇਸ ਵਾਰ ਸਾਲਾਂ ਬਾਅਦ ਜਨਮ ਅਸ਼ਟਮੀ ‘ਤੇ ਇੱਕ ਦੁਰਲੱਭ ਸੰਯੋਗ ਬਣਿਆ ਹੈ। ਸ਼੍ਰੀ ਕ੍ਰਿਸ਼ਨ ਦਾ ਜਨਮ ਅਸ਼ਟਮੀ ਤਿਥੀ ਦੀ ਅੱਧੀ ਰਾਤ ਨੂੰ ਰੋਹਿਣੀ ਨਕਸ਼ਤਰ ਵਿੱਚ ਹੋਇਆ ਸੀ। ਇਸ ਵਾਰ ਵੀ 6 ਸਤੰਬਰ ਨੂੰ ਅਸ਼ਟਮੀ ਤਿਥੀ ਦੇ ਨਾਲ ਰੋਹਿਣੀ ਨਛੱਤਰ ਦਾ ਸੰਯੋਗ ਹੈ, ਜੋ ਕਿ ਬਹੁਤ ਸ਼ੁਭ ਹੈ। ਅਜਿਹੇ ‘ਚ ਗ੍ਰਹਿਸਥ ਲੋਕ 6 ਸਤੰਬਰ ਨੂੰ ਹੀ ਜਨਮ ਅਸ਼ਟਮੀ ਮਨਾਉਣਗੇ।
ਸਿਰਫ 46 ਮਿੰਟ ਦੀ ਪੂਜਾ ਦਾ ਮੁਹੂਰਤ
ਵੈਸ਼ਨਵ ਸੰਪਰਦਾ ਵਿੱਚ ਉਦੈਤਿਥੀ ਦਾ ਜ਼ਿਆਦਾ ਮਹੱਤਵ ਹੈ, ਇਸ ਲਈ ਇਹ ਲੋਕ 7 ਸਤੰਬਰ ਨੂੰ ਜਨਮ ਦਿਨ ਮਨਾਉਣਗੇ। ਜਨਮ ਅਸ਼ਟਮੀ ਵਾਲੇ ਦਿਨ ਸਾਰਾ ਦਿਨ ਵਰਤ ਰੱਖਿਆ ਜਾਂਦਾ ਹੈ ਅਤੇ ਰਾਤ ਨੂੰ 12 ਵਜੇ ਲੱਡੂ ਗੋਪਾਲ ਨੂੰ ਚੜ੍ਹਾਵਾ ਦੇ ਕੇ ਭੋਗ ਪਾਇਆ ਜਾਂਦਾ ਹੈ। ਫਿਰ ਪ੍ਰਸਾਦ ਸਾਰਿਆਂ ਵਿੱਚ ਵੰਡਿਆ ਜਾਂਦਾ ਹੈ। ਉਸ ਤੋਂ ਬਾਅਦ ਹੀ ਵਰਤ ਖੋਲਿਆ ਜਾਂਦਾ ਹੈ। 6 ਸਤੰਬਰ ਨੂੰ ਸ਼੍ਰੀ ਕ੍ਰਿਸ਼ਨ ਦੀ ਪੂਜਾ ਕਰਨ ਦਾ ਸ਼ੁਭ ਸਮਾਂ ਸਿਰਫ 46 ਮਿੰਟ ਹੈ। ਪੂਜਾ ਦਾ ਸ਼ੁਭ ਸਮਾਂ ਮੁਹੂਰਤ 11.56 ਵਜੇ ਸ਼ੁਰੂ ਹੋਵੇਗਾ ਅਤੇ 7 ਸਤੰਬਰ ਨੂੰ ਰਾਤ 12.42 ਵਜੇ ਸਮਾਪਤ ਹੋਵੇਗਾ।
ਕੀ ਹੈ ਪੂਜਾ ਵਿਧੀ?
ਜਨਮ ਅਸ਼ਟਮੀ ਦੇ ਦਿਨ ਜਲਦੀ ਉੱਠੋ ਅਤੇ ਸਾਫ਼ ਕੱਪੜੇ ਪਾਓ। ਫਿਰ ਜਿਸ ਜਗ੍ਹਾ ‘ਤੇ ਲੱਡੂ ਗੋਪਾਲ ਦੀ ਮੂਰਤੀ ਸਥਾਪਿਤ ਹੈ, ਉਸ ਨੂੰ ਸਾਫ ਕਰੋ ਅਤੇ ਫੁੱਲਾਂ ਦੇ ਮਾਲਾ ਅਤੇ ਖੁਸ਼ਬੂ ਵਰਗੀਆਂ ਚੀਜ਼ਾਂ ਨਾਲ ਸਜਾਓ। ਤੁਸੀਂ ਇੱਥੇ ਲੱਡੂ ਗੋਪਾਲ ਲਈ ਛੋਟੇ ਬੱਚਿਆਂ ਦੇ ਖਿਡੌਣੇ ਵੀ ਰੱਖ ਸਕਦੇ ਹੋ। ਇਸ ਤੋਂ ਬਾਅਦ ਪੰਘੂੜਾ ਵੀ ਲਗਾਓ। ਇਸ ਤੋਂ ਬਾਅਦ ਪੂਰਾ ਦਿਨ ਵਰਤ ਰੱਖਣ ਤੋਂ ਬਾਅਦ ਅੱਧੀ ਰਾਤ ਨੂੰ ਲੱਡੂ ਗੋਪਾਲ ਨੂੰ ਜਨਮ ਕਰਵਾਓ। ਇਸ ਵਿੱਚ ਸ਼੍ਰੀ ਕ੍ਰਿਸ਼ਨ ਨੂੰ ਪੰਚਾਮ੍ਰਿਤ ਨਾਲ ਇਸ਼ਨਾਨ ਕਰਵਾਓ ਅਤੇ ਮਿੱਠੇ ਪਕਵਾਨ ਮੱਖਣ ਮਿਸ਼ਰੀ ਦਾ ਭੋਗ ਲਗਵਾਓ। ਇਸ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਨੂੰ ਤੁਲਸੀ ਦਲ ਚੜ੍ਹਾਓ ਅਤੇ ਓਮ ਨਮੋ ਭਗਵਤੇ ਵਾਸੁਦੇਵਾਯ ਮੰਤਰ ਦਾ ਜਾਪ ਕਰੋ।