Hukamnama Sri Darbar Sahib 31 July 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 31 ਜੁਲਾਈ 2026

Updated On: 

31 Jul 2026 06:18 AM IST

Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।

Hukamnama Sri Darbar Sahib 31 July 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 31 ਜੁਲਾਈ 2026

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ

ਸੂਹੀ ਮਹਲਾ ੧ ਘਰੁ ੯ ੴ ਸਤਿਗੁਰ ਪ੍ਰਸਾਦਿ ॥ ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ ॥ ਵਿਣੁ ਨਾਵੈ ਭ੍ਰਮਿ ਭੁਲੀਆ ਠਗਿ ਮੁਠੀ ਕੂੜਿਆਰਿ ਜੀਉ ॥ ਸਚੇ ਸੇਤੀ ਰਤਿਆ ਜਨਮੁ ਨ ਦੂਜੀ ਵਾਰ ਜੀਉ ॥੧॥ ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗੁ ਲਾਇ ਜੀਉ ॥ ਰੰਗਣ ਵਾਲਾ ਸੇਵੀਐ ਸਚੇ ਸਿਉ ਚਿਤੁ ਲਾਇ ਜੀਉ ॥੧॥ ਰਹਾਉ ॥

ਪਦ ਅਰਥ: ਭ੍ਰਮਿ = ਭਟਕਣਾ ਵਿਚ (ਪੈ ਕੇ)। ਠਗਿ = ਠੱਗੀ (ਜਾਂਦੀ ਹੈ)। ਮੁਠੀ = ਲੁੱਟੀ (ਜਾਂਦੀ) ਹੈ। ਕੂੜਿਆਰਿ = ਕੂੜ ਦੀ ਵਪਾਰਨ (ਜੀਵ-ਇਸਤ੍ਰੀ)। ਸੇਤੀ = ਨਾਲ।੧। ਕਿਆ ਰੰਗੀਐ = ਕਿਸੇ ਹੋਰ ਰੰਗ ਦੀ ਲੋੜ ਨਹੀਂ ਰਹਿੰਦੀ। ਸਚੇ ਸਿਉ = ਸਦਾ-ਥਿਰ ਪ੍ਰਭੂ ਨਾਲ।੧।ਰਹਾਉ।

ਅਰਥ: ਰਾਗ ਸੂਹੀ, ਘਰ ੯ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਜੀਵ ਮਾਇਆ ਦੇ ਸੁਹਪਣੱ ਨੂੰ ਵੇਖ ਵੇਖ ਕੇ ਫੁੱਲਦਾ ਹੈ, ਪਰ ਇਹ ਮਾਇਆ ਦਾ ਸਾਥ ਕਸੁੰਭੇ ਦੇ ਰੰਗ ਵਰਗਾ ਹੀ ਹੈ) ਕਸੁੰਭੇ ਦੇ ਫੁੱਲ ਦਾ ਰੰਗ ਕੱਚਾ ਹੁੰਦਾ ਹੈ, ਥੋੜਾ ਚਿਰ ਹੀ ਰਹਿੰਦਾ ਹੈ, ਚਾਰ ਦਿਨ ਹੀ ਟਿਕਦਾ ਹੈ। ਮਾਇਆ ਦੀ ਵਪਾਰਨ ਜੀਵ-ਇਸਤ੍ਰੀ ਪ੍ਰਭੂ-ਨਾਮ ਤੋਂ ਖੁੰਝ ਕੇ (ਮਾਇਆ-ਕਸੁੰਭੇ ਦੇ) ਭੁਲੇਖੇ ਵਿਚ ਕੁਰਾਹੇ ਪੈ ਜਾਂਦੀ ਹੈ, ਠੱਗੀ ਜਾਂਦੀ ਹੈ, ਤੇ ਇਸ ਦਾ ਆਤਮਕ ਜੀਵਨ (ਦਾ ਸਰਮਾਇਆ) ਲੁੱਟਿਆ ਜਾਂਦਾ ਹੈ। ਹੇ ਭਾਈ! ਜੇ ਸਦਾ-ਥਿਰ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੇ ਜਾਈਏ, ਤਾਂ ਮੁੜ ਮੁੜ ਜਨਮ (ਦਾ ਗੇੜ) ਮੁੱਕ ਜਾਂਦਾ ਹੈ।੧। ਹੇ ਭਾਈ! ਜੇਹੜੇ ਬੰਦੇ ਪਰਮਾਤਮਾ ਦਾ ਪ੍ਰੇਮ-ਰੰਗ ਲਾ ਕੇ ਰੰਗੇ ਜਾਂਦੇ ਹਨ ਉਹਨਾਂ ਦੇ ਰੰਗੇ ਹੋਏ ਮਨ ਨੂੰ ਕਿਸੇ ਹੋਰ ਰੰਗ ਦੀ ਲੋੜ ਨਹੀਂ ਰਹਿ ਜਾਂਦੀ (ਨਾਮ ਵਿਚ ਰੱਤੇ ਨੂੰ) ਕਿਸੇ ਹੋਰ ਕਰਮ-ਸੁਹਜ ਦੀ ਮੁਥਾਜੀ ਨਹੀਂ ਰਹਿੰਦੀ। (ਪਰ ਇਹ ਨਾਮ-ਰੰਗ ਪਰਮਾਤਮਾ ਆਪ ਹੀ ਦੇਂਦਾ ਹੈ, ਸੋ) ਉਸ ਸਦਾ-ਥਿਰ ਰਹਿਣ ਵਾਲੇ ਨੂੰ ਤੇ (ਜੀਵਾਂ ਦੇ ਮਨ ਨੂੰ ਆਪਣੇ ਪ੍ਰੇਮ-ਰੰਗ ਨਾਲ) ਰੰਗਣ ਵਾਲੇ ਪ੍ਰਭੂ ਨੂੰ ਚਿੱਤ ਲਾ ਕੇ ਸਿਮਰਨਾ ਚਾਹੀਦਾ ਹੈ।੧।ਰਹਾਉ।

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!

Follow Us