Hukamnama Sri Darbar Sahib 29 July 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 29 ਜੁਲਾਈ 2026
Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ
ਬਿਲਾਵਲੁ ॥ ਬਿਦਿਆ ਨ ਪਰਉ ਬਾਦੁ ਨਹੀ ਜਾਨਉ ॥ ਹਰਿ ਗੁਨ ਕਥਤ ਸੁਨਤ ਬਉਰਾਨੋ ॥੧॥ ਮੇਰੇ ਬਾਬਾ ਮੈ ਬਉਰਾ ਸਭ ਖਲਕ ਸੈਆਨੀ ਮੈ ਬਉਰਾ ॥ ਮੈ ਬਿਗਰਿਓ ਬਿਗਰੈ ਮਤਿ ਅਉਰਾ ॥੧॥ ਰਹਾਉ ॥ ਆਪਿ ਨ ਬਉਰਾ ਰਾਮ ਕੀਓ ਬਉਰਾ ॥ ਸਤਿਗੁਰੁ ਜਾਰਿ ਗਇਓ ਭ੍ਰਮੁ ਮੋਰਾ ॥੨॥ ਮੈ ਬਿਗਰੇ ਅਪਨੀ ਮਤਿ ਖੋਈ ॥ ਮੇਰੇ ਭਰਮਿ ਭੂਲਉ ਮਤਿ ਕੋਈ ॥੩॥ ਸੋ ਬਉਰਾ ਜੋ ਆਪੁ ਨ ਪਛਾਨੈ ॥ ਆਪੁ ਪਛਾਨੈ ਤ ਏਕੈ ਜਾਨੈ ॥੪॥ ਅਬਹਿ ਨ ਮਾਤਾ ਸੁ ਕਬਹੁ ਨ ਮਾਤਾ ॥ ਕਹਿ ਕਬੀਰ ਰਾਮੈ ਰੰਗਿ ਰਾਤਾ ॥੫॥੨॥
ਪਦ ਅਰਥ: ਪਰਉ—ਨ ਪਰਉਂ, ਮੈਂ ਨਹੀਂ ਪੜ੍ਹਦਾ। ਬਾਦੁ—ਝਗੜਾ, ਬਹਿਸ। ਜਾਨਉ—ਜਾਨਉਂ, ਮੈਂ ਜਾਣਦਾ। ਬਉਰਾਨੋ—ਕਮਲਾ ਜਿਹਾ।1। ਸੈਆਨੀ—ਸਿਆਣੀ। ਬਿਗਰਿਓ—ਵਿਗੜ ਗਿਆ ਹਾਂ। ਮਤਿ—ਮਤਾਂ। ਅਉਰਾ—ਕੋਈ ਹੋਰ।1। ਰਹਾਉ। ਜਾਰਿ ਗਇਓ—ਸਾੜ ਗਿਆ ਹੈ। ਭ੍ਰਮੁ—ਭਰਮ, ਭੁਲੇਖਾ।2। ਮਤਿ—ਅਕਲ। ਖੋਈ—ਗੁਆ ਲਈ ਹੈ। ਮਤਿ ਭੂਲਉ—ਕੋਈ ਨਾਹ ਭੁੱਲੇ (ਨੋਟ:- ਲਫ਼ਜ਼ ਭੂਲਉ ਵਿਆਕਰਣ ਅਨੁਸਾਰ ਹੁਕਮੀ ਭਵਿੱਖਤ, ਅੱਨ-ਪੁਰਖ, ਇਕ-ਵਚਨ ਹੈ)।3। ਆਪੁ—ਆਪਣੇ ਆਪ ਨੂੰ, ਆਪਣੇ ਅਸਲੇ ਨੂੰ। ਏਕੈ—ਇੱਕ ਪ੍ਰਭੂ ਨੂੰ ਹੀ।4। ਅਬਹਿ—ਹੁਣ ਹੀ, ਇਸ ਜਨਮ ਵਿਚ ਹੀ। ਮਾਤਾ—ਮਸਤ। ਰਾਮੈ ਰੰਗਿ—ਰਾਮ ਦੇ ਹੀ ਰੰਗ ਵਿਚ। ਰਾਤਾ—ਰੱਤਾ ਹੋਇਆ, ਰੰਗਿਆ ਹੋਇਆ।5।
ਅਰਥ: (ਬਹਿਸਾਂ ਦੀ ਖ਼ਾਤਰ) ਮੈਂ (ਤੁਹਾਡੀ ਬਹਿਸਾਂ ਵਾਲੀ) ਵਿੱਦਿਆ ਨਹੀਂ ਪੜ੍ਹਦਾ, ਨਾਹ ਹੀ ਮੈਂ (ਧਾਰਮਿਕ) ਬਹਿਸਾਂ ਕਰਨੀਆਂ ਜਾਣਦਾ ਹਾਂ (ਭਾਵ, ਆਤਮਕ ਜੀਵਨ ਵਾਸਤੇ ਮੈਂ ਕਿਸੇ ਵਿਦਵਤਾ-ਭਰੀ ਧਾਰਮਿਕ ਚਰਚਾ ਦੀ ਲੋੜ ਨਹੀਂ ਸਮਝਦਾ)। ਮੈਂ ਤਾਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਸੁਣਨ ਵਿਚ ਮਸਤ ਰਹਿੰਦਾ ਹਾਂ।1। ਹੇ ਪਿਆਰੇ ਸੱਜਣ! (ਲੋਕਾਂ ਦੇ ਭਾਣੇ) ਮੈਂ ਕਮਲਾ ਹਾਂ। ਲੋਕ ਸਿਆਣੇ ਹਨ ਤੇ ਮੈਂ ਕਮਲਾ ਹਾਂ। (ਲੋਕਾਂ ਦੇ ਖ਼ਿਆਲ ਵਿਚ) ਮੈਂ ਕੁਰਾਹੇ ਪੈ ਗਿਆ ਹਾਂ (ਕਿਉਂਕਿ ਮੈਂ ਆਪਣੇ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦਾ ਭਜਨ ਕਰਦਾ ਹਾਂ), (ਪਰ ਲੋਕ ਆਪਣਾ ਧਿਆਨ ਰੱਖਣ, ਇਸ) ਕੁਰਾਹੇ ਹੋਰ ਕੋਈ ਨਾਹ ਪਏ।1। ਰਹਾਉ। ਮੈਂ ਆਪਣੇ ਆਪ (ਇਸ ਤਰ੍ਹਾਂ ਦਾ) ਕਮਲਾ ਨਹੀਂ ਬਣਿਆ, ਇਹ ਤਾਂ ਮੈਨੂੰ ਮੇਰੇ ਪ੍ਰਭੂ ਨੇ (ਆਪਣੀ ਭਗਤੀ ਵਿਚ ਜੋੜ ਕੇ) ਕਮਲਾ ਕਰ ਦਿੱਤਾ ਹੈ, ਤੇ ਮੇਰੇ ਗੁਰੂ ਨੇ ਮੇਰਾ ਭਰਮ-ਵਹਿਮ ਸਭ ਸਾੜ ਦਿੱਤਾ ਹੈ।2। (ਜੇ) ਮੈਂ ਕੁਰਾਹੇ ਪਏ ਹੋਏ ਨੇ ਆਪਣੀ ਅਕਲ ਗੁਆ ਲਈ ਹੈ (ਤਾਂ ਲੋਕਾਂ ਨੂੰ ਭਲਾ ਕਿਉਂ ਮੇਰਾ ਇਤਨਾ ਫ਼ਿਕਰ ਹੈ?) ਕੋਈ ਹੋਰ ਧਿਰ ਮੇਰੇ ਵਾਲੇ ਇਸ ਭੁਲੇਖੇ ਵਿਚ ਬੇਸ਼ਕ ਨਾਹ ਪਏ।3। (ਪਰ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਪ੍ਰਭੂ ਦੀ ਭਗਤੀ ਕਰਨ ਵਾਲਾ ਬੰਦਾ ਝੱਲਾ ਹੁੰਦਾ ਹੈ) ਝੱਲਾ ਉਹ ਬੰਦਾ ਹੈ ਜੋ ਆਪਣੇ ਅਸਲੇ ਦੀ ਪਛਾਣ ਨਹੀਂ ਕਰਦਾ। ਜੋ ਆਪਣੇ ਆਪ ਨੂੰ ਪਛਾਣਦਾ ਹੈ ਉਹ ਹਰ ਥਾਂ ਇੱਕ ਪਰਮਾਤਮਾ ਨੂੰ ਵੱਸਦਾ ਜਾਣਦਾ ਹੈ।4। ਕਬੀਰ ਆਖਦਾ ਹੈ—ਪਰਮਾਤਮਾ ਦੇ ਪਿਆਰ ਵਿਚ ਰੰਗੀਜ ਕੇ ਜੋ ਮਨੁੱਖ ਇਸ ਜੀਵਨ ਵਿਚ ਮਤਵਾਲਾ ਨਹੀਂ ਬਣਦਾ, ਉਸ ਨੇ ਕਦੇ ਭੀ ਨਹੀਂ ਬਣਨਾ (ਤੇ, ਉਹ ਜੀਵਨ ਅਜਾਈਂ ਗੰਵਾ ਜਾਇਗਾ)।5।2। ਸ਼ਬਦ ਦਾ ਭਾਵ:- ਆਤਮਕ ਜੀਵਨ ਵਾਸਤੇ ਕਿਸੇ ਚੁੰੰਚ-ਗਿਆਨਤਾ ਦੀ ਲੋੜ ਨਹੀਂ ਪੈਂਦੀ। ਅਸਲੀ ਲੋੜ ਇਹ ਹੈ ਕਿ ਮਨੁੱਖ ਆਪਣੇ ਅਸਲੇ ਨੂੰ ਪਛਾਣ ਕੇ ਪਰਮਾਤਮਾ ਦੀ ਭਗਤੀ ਵਿਚ ਰੱਤਾ ਰਹੇ।
ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!
