Hukamnama Sri Darbar Sahib 17 August 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 17 ਅਗਸਤ 2026

Updated On: 

17 Aug 2026 06:21 AM IST

Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।

Hukamnama Sri Darbar Sahib 17 August 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 17 ਅਗਸਤ 2026

ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 17 ਅਗਸਤ 2026

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ

ਸਲੋਕੁ ਮ: ੩ ॥ ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰੁ ॥ ਐਥੈ ਮਿਲਨਿ ਵਡਿਆਈਆ ਦਰਗਹ ਮੋਖ ਦੁਆਰੁ ॥ ਸਚੀ ਕਾਰ ਕਮਾਵਣੀ ਸਚੁ ਪੈਨਣੁ ਸਚੁ ਨਾਮੁ ਅਧਾਰੁ ॥ ਸਚੀ ਸੰਗਤਿ ਸਚਿ ਮਿਲੈ ਸਚੈ ਨਾਇ ਪਿਆਰੁ ॥ ਸਚੈ ਸਬਦਿ ਹਰਖੁ ਸਦਾ ਦਰਿ ਸਚੈ ਸਚਿਆਰੁ ॥ ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਨੋ ਨਦਰਿ ਕਰੈ ਕਰਤਾਰੁ ॥੧॥

ਪਦ ਅਰਥ: ਸਾਰੁ = ਤੱਤ, ਨਿਚੋੜ। ਸੁਖੀ ਹੂੰ ਸੁਖ = ਚੰਗੇ ਤੋਂ ਚੰਗੇ ਸੁਖ ਦਾ। ਐਥੈ = ਜਗਤ ਵਿਚ।੧।

ਅਰਥ: ਗੁਰੂ ਦੀ ਦੱਸੀ ਸੇਵਾ ਚਾਕਰੀ ਕਰਨੀ ਚੰਗੇ ਤੋਂ ਚੰਗੇ ਸੁਖ ਦਾ ਤੱਤ ਹੈ (ਗੁਰੂ ਦੀ ਦੱਸੀ ਸੇਵਾ ਕੀਤਿਆਂ) ਜਗਤ ਵਿਚ ਆਦਰ ਮਿਲਦਾ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂਈ ਦਾ ਦਰਵਾਜ਼ਾ। (ਗੁਰ-ਸੇਵਾ ਦੀ ਇਹੀ) ਸੱਚੀ ਕਾਰ ਕਮਾਉਣ-ਜੋਗ ਹੈ, (ਇਸ ਨਾਲ) ਮਨੁੱਖ ਨੂੰ (ਪੜਦੇ ਕੱਜਣ ਲਈ) ਸੱਚਾ ਨਾਮ-ਰੂਪ ਪੁਸ਼ਾਕਾ ਮਿਲ ਜਾਂਦਾ ਹੈ, ਸੱਚਾ ਨਾਮ-ਰੂਪ ਆਸਰਾ ਮਿਲ ਜਾਂਦਾ ਹੈ, ਸੱਚੀ ਸੰਗਤਿ ਦੀ ਪ੍ਰਾਪਤੀ ਹੁੰਦੀ ਹੈ, ਸੱਚੇ ਨਾਮ ਵਿਚ ਪਿਆਰ ਪੈਂਦਾ ਹੈ ਤੇ ਸੱਚੇ ਪ੍ਰਭੂ ਵਿਚ ਸਮਾਈ ਹੋ ਜਾਂਦੀ ਹੈ। (ਗੁਰੂ ਦੇ) ਸੱਚੇ ਸ਼ਬਦ ਦੀ ਬਰਕਤਿ ਨਾਲ (ਮਨੁੱਖ ਦੇ ਮਨ ਵਿਚ) ਸਦਾ ਖ਼ੁਸ਼ੀ ਬਣੀ ਰਹਿੰਦੀ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਮਨੁੱਖ ਸੁਰਖ਼-ਰੂ ਹੋ ਜਾਂਦਾ ਹੈ। ਪਰ, ਹੇ ਨਾਨਕ! ਸਤਿਗੁਰੂ ਦੀ ਦੱਸੀ ਹੋਈ ਕਾਰ ਉਹੀ ਮਨੁੱਖ ਕਰਦਾ ਹੈ, ਜਿਸ ਉਤੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰਦਾ ਹੈ।੧।

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!

Loading...
Unable to load recommendations.
Follow Us