Hukamnama Sri Darbar Sahib 11 July 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 11 ਜੁਲਾਈ 2026

Published: 

11 Jul 2026 06:18 AM IST

Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।

Hukamnama Sri Darbar Sahib 11 July 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 11 ਜੁਲਾਈ 2026

ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 11 ਜੁਲਾਈ 2026

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ

ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥

ਪਦ ਅਰਥ: ਹਮ ਸਰਿ = ਮੇਰੇ ਵਰਗਾ। ਸਰਿ = ਵਰਗਾ, ਬਰਾਬਰ ਦਾ। ਦੀਨੁ = ਨਿਮਾਣਾ, ਕੰਗਾਲ। ਅਬ =ਹੁਣ। ਪਤੀਆਰੁ = (ਹੋਰ) ਪਰਤਾਵਾ। ਕਿਆ ਕੀਜੈ = ਕੀਹ ਕਰਨਾ ਹੋਇਆ? ਕਰਨ ਦੀ ਲੋੜ ਨਹੀਂ। ਬਚਨੀ ਤੋਰ = ਤੇਰੀਆਂ ਗੱਲਾਂ ਕਰ ਕੇ। ਮੋਰ = ਮੇਰਾ। ਮਾਨੈ = ਮੰਨ ਜਾਏ, ਪਤੀਜ ਜਾਏ। ਪੂਰਨ = ਪੂਰਨ ਭਰੋਸਾ।੧। ਰਮਈਆ ਕਾਰਨੇ = ਸੋਹਣੇ ਰਾਮ ਤੋਂ। ਕਵਨ = ਕਿਸ ਕਾਰਨ? ਅਬੋਲ = ਨਹੀਂ ਬੋਲਦਾ।ਰਹਾਉ। ਮਾਧਉ = ਹੇ ਮਾਧੋ! ਤੁਮ੍ਹ੍ਹਾਰੇ ਲੇਖੇ = (ਭਾਵ,) ਤੇਰੀ ਯਾਦ ਵਿਚ ਬੀਤੇ। ਕਹਿ = ਕਹੇ, ਆਖਦਾ ਹੈ ॥੨॥੧॥

ਅਰਥ: (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧। ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ। ਰਵਿਦਾਸ ਆਖਦਾ ਹੈ-ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ ॥੨॥੧॥ ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!

Follow Us