ਪੰਜਾਬ ‘ਚ ਹੋ ਰਿਹਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦਾ ਵਿਆਹ, ਪਾਕਿਸਤਾਨ ਮਨਾ ਰਿਹਾ ਜੋਤੀ ਜੋਤ ਦਿਵਸ, ਨਾਨਕ ਸ਼ਾਹੀ ਕੈਲੰਡਰ ‘ਤੇ ਵਿਵਾਦ

Published: 

22 Sep 2023 12:58 PM

ਨਾਨਕਸ਼ਾਹੀ ਕੈਲੰਡਰ 'ਤੇ ਮੁੜ ਵਿਵਾਦ ਸ਼ੁਰੂ ਹੋ ਗਿਆ। ਉਹ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਮਾਗਮ ਅਤੇ ਉਨ੍ਹਾਂ ਦੇ ਜੋਤੀਜੋਤ ਦਿਹਾੜੇ ਨੂੰ ਲੈ ਸਿੱਖਾਂ ਦੇ ਵਿਚਾਰ ਆਪਸ ਚ ਮੇਲ ਨਹੀਂ ਖਾ ਰਹੇ, ਕਿਉਂਕਿ ਪੰਜਾਬ ਵਿੱਚ ਇਸ ਸਮੇਂ ਗੁਰੂ ਸਾਹਿਬ ਦੇ ਵਿਆਹ ਸਮਾਗਮ ਦੀਆਂ ਤਿਆਰੀਆਂ ਚੱਲੀ ਰਹੀਆਂ ਹਨ ਜਦਕਿ ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਮਨਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਹੁਣ ਸਿੱਖ ਜਗਤ ਇਸਦਾ ਮਾਮਲੇ ਦਾ ਜਲਦੀ ਹੱਲ ਕਰਨ ਦੀ ਗੱਲ ਕਹਿ ਰਿਹਾ ਹੈ।

ਪੰਜਾਬ ਚ ਹੋ ਰਿਹਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦਾ ਵਿਆਹ, ਪਾਕਿਸਤਾਨ ਮਨਾ ਰਿਹਾ ਜੋਤੀ ਜੋਤ ਦਿਵਸ, ਨਾਨਕ ਸ਼ਾਹੀ ਕੈਲੰਡਰ ਤੇ ਵਿਵਾਦ
Follow Us On

ਪੰਜਾਬ ਨਿਊਜ। ਸਿੱਖਾਂ ਦੇ ਨਾਨਕਸ਼ਾਹੀ ਕੈਲੰਡਰ ਅਤੇ ਇਸ ਵਿੱਚ ਸੋਧੀਆਂ ਤਰੀਕਾਂ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ। ਅੱਜ ਭਾਰਤ ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦਾ ਵਿਆਹ ਪੁਰਬ 22 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਪਾਕਿਸਤਾਨ ਵਿੱਚ ਇਸ ਦਿਨ ਬਾਬੇ ਨਾਨਕ ਦੀ ਬਰਸੀ ਮਨਾਈ ਜਾ ਰਹੀ ਹੈ। ਇਸ ਸਮੇਂ ਪੈਦਾ ਹੋਈ ਇਹ ਸਥਿਤੀ ਸਿੱਖ ਕੌਮ ਦੇ ਅੰਦਰੂਨੀ ਕਲੇਸ਼ ਦਾ ਨਤੀਜਾ ਹੈ।

ਬੀਤੀ ਸ਼ਾਮ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਤੋਂ ਬਾਬਾ ਨਾਨਕ ਜੀ ਦਾ ਜਲੂਸ ਨਿਕਲਿਆ। ਇਹ ਜਲੂਸ ਅੱਜ ਗੁਰਦੁਆਰਾ ਕੰਧ ਸਾਹਿਬ ਬਟਾਲਾ (Batala) ਪਹੁੰਚਿਆ ਹੈ। 22 ਸਤੰਬਰ ਦਿਨ ਸ਼ੁੱਕਰਵਾਰ ਨੂੰ ਬਾਬਾ ਨਾਨਕ ਜੀ ਦਾ ਵਿਆਹ ਉਨ੍ਹਾਂ ਦੀ ਧਰਮ ਪਤਨੀ ਸੁਲੱਖਣੀ ਨਾਲ ਕਰਨ ਦੀ ਰਸਮ ਅਦਾ ਕੀਤੀ ਜਾਵੇਗੀ। ਅਜੀਬ ਗੱਲ ਇਹ ਹੈ ਕਿ ਇਸੇ ਦਿਨ ਬਾਬਾ ਨਾਨਕ ਜੀ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਇਹ ਉਹੀ ਸਥਾਨ ਹੈ ਜਿੱਥੇ ਬਾਬਾ ਨਾਨਕ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਬਿਤਾਏ ਸਨ।

ਸਿੱਖ ਕੌਮ ਦੇ ਆਗੂ ਨਹੀਂ ਬਣਾ ਸਕੇ ਸਹਿਮਤੀ

ਇਹ ਸਥਿਤੀ ਸਿੱਖ ਭਾਈਚਾਰੇ ਦੇ ਆਗੂਆਂ ਵਿੱਚ ਅਸਹਿਮਤੀ ਕਾਰਨ ਪੈਦਾ ਹੋਈ ਹੈ ਜੋ ਹੁਣ ਤੱਕ ਵੱਖ-ਵੱਖ ਸਿੱਖ ਧਾਰਮਿਕ ਸਮਾਗਮਾਂ ਦੀਆਂ ਤਰੀਕਾਂ ਨੂੰ ਲੈ ਕੇ ਸਹਿਮਤੀ ਬਣਾਉਣ ਵਿੱਚ ਅਸਫਲ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) (ਐਸ.ਜੀ.ਪੀ.ਸੀ.) ਦੁਆਰਾ ਪ੍ਰਕਾਸ਼ਿਤ ਨਾਨਕ ਸ਼ਾਹੀ ਕੈਲੰਡਰ ਅਨੁਸਾਰ, ਬਾਬਾ ਨਾਨਕ ਜੀ ਦਾ ਜੋਤੀ-ਜੋਤਿ ਸਮਾਉਣ ਦੀ ਮਿਤੀ 23 ਅੱਸੂ (ਭਾਵ ਇਸ ਸਾਲ 9 ਅਕਤੂਬਰ) ਅਤੇ ਵਿਆਹ ਪੁਰਬ 6 ਅੱਸੂ (ਭਾਵ ਇਸ ਸਾਲ 22 ਸਤੰਬਰ) ਨੂੰ ਹੈ। ਜਦੋਂ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਨਾਨਕਸ਼ਾਹੀ ਕੈਲੰਡਰ ਅਨੁਸਾਰ ਬਾਬਾ ਨਾਨਕ ਜੀ ਦਾ ਜੋਤੀ ਜੋਤਿ ਸਮਾ 8 ਅੱਸੂ (ਇਸ ਸਾਲ 22 ਸਤੰਬਰ) ਅਤੇ ਵਿਆਹ ਦੀ ਵਰ੍ਹੇਗੰਢ 15 ਬਧਰੋ (ਇਸ ਸਾਲ 30 ਅਗਸਤ) ਨੂੰ ਆਉਂਦੀ ਹੈ।

ਬੁੱਧੀਜੀਵੀਆਂ ਨੇ ਇਸ ਨੂੰ ਅਫਸੋਸਨਾਕ ਦੱਸਿਆ

ਇਸ ਸਥਿਤੀ ਤੇ ਪ੍ਰਤੀਕਰਮ ਦਿੰਦਿਆਂ ਸਿੱਖ ਬੁੱਧੀਜੀਵੀ ਚਰਨਜੀਤ ਸਿੰਘ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਅਸਾਧਾਰਨ ਅਤੇ ਅਫਸੋਸਨਾਕ ਸਥਿਤੀ ਹੈ। ਇਹ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਸਿੱਖ ਕੌਮ ਦੇ ਅੰਦਰੂਨੀ ਕਲੇਸ਼ ਦਾ ਸਿੱਧਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਪਾਲ ਸਿੰਘ ਪੁਰੇਵਾਲ ਵੱਲੋਂ ਲਿਖਿਆ ਮੂਲ ਨਾਨਕਸ਼ਾਹੀ ਕੈਲੰਡਰ 2003 ਵਿੱਚ ਅਪਣਾਇਆ ਗਿਆ ਸੀ ਪਰ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਕਈ ਕਾਰਨਾਂ ਕਰਕੇ ਇਸ ਵਿੱਚ ਸੋਧ ਕੀਤੀ ਗਈ ਹੈ।

ਕਈ ਸਿੱਖ ਆਗੂ ਇਨ੍ਹਾਂ ਤਬਦੀਲੀਆਂ ਨੂੰ ਸਵੀਕਾਰ ਨਹੀਂ ਕਰਦੇ

ਬੁੱਧੀਜੀਵੀ ਚਰਨਜੀਤ ਨੇ ਕਿਹਾ ਕਿ ਇਨ੍ਹਾਂ ਤਬਦੀਲੀਆਂ ਕਾਰਨ ਸਿੱਖਾਂ ਵਿਚ ਮੱਤਭੇਦ ਪੈਦਾ ਹੋਏ ਹਨ, ਜਿਨ੍ਹਾਂ ਵਿਚੋਂ ਕੁਝ ਮੂਲ ਕੈਲੰਡਰ ਦੀ ਪਾਲਣਾ ਕਰਦੇ ਹਨ। ਜਦਕਿ ਦੂਸਰੇ ਨਾਨਕਸ਼ਾਹੀ ਕੈਲੰਡਰ (Nanakshahi Calendar) ਦੇ ਸੋਧੇ ਹੋਏ ਸੰਸਕਰਣ ਅਨੁਸਾਰ ਧਾਰਮਿਕ ਸਮਾਗਮ ਆਯੋਜਿਤ ਕਰਦੇ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਭਵਿੱਖ ਵਿੱਚ ਅਜਿਹੇ ਹਾਲਾਤਾਂ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪੋ ਆਪਣੇ ਨਾਨਕਸ਼ਾਹੀ ਕੈਲੰਡਰ ਬਾਰੇ ਸਿੱਖਾਂ ਵਿੱਚ ਸਹਿਮਤੀ ਬਣਾਉਣ ਲਈ ਗੱਲਬਾਤ ਕਰਨੀ ਚਾਹੀਦੀ ਹੈ। ਸਿੱਖਾਂ ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਮੌਜੂਦਾ ਮਤਭੇਦ ਨੌਜਵਾਨਾਂ ਵਿੱਚ ਭੰਬਲਭੂਸਾ ਪੈਦਾ ਕਰ ਰਹੇ ਹਨ ਅਤੇ ਇਸ ਮੁੱਦੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਇੱਕ ਏਕੀਕ੍ਰਿਤ ਪਹੁੰਚ ਦੀ ਲੋੜ ਹੈ।

ਜਲਦ ਹੋਵੇਗਾ ਇਹ ਮਾਮਲਾ ਹੱਲ

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਵੱਖਰੀ ਹੈ। ਹਾਲਾਂਕਿ ਉਨ੍ਹਾਂ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਪਰ ਉਹ ਅਜਿਹਾ ਨਹੀਂ ਕਰ ਰਹੇ। ਤਰੀਕਾਂ ਨੂੰ ਲੈ ਕੇ ਮਤਭੇਦ ਦੂਰ ਕਰਨ ਲਈ ਦੋਵਾਂ ਕਮੇਟੀਆਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਉਮੀਦ ਹੈ ਕਿ ਜਲਦੀ ਹੀ ਇਸ ‘ਤੇ ਆਪਸੀ ਸਹਿਮਤੀ ਬਣ ਜਾਵੇਗੀ।