Bhagat Kabir Ji: ਜਨਮ ਦੇਕੇ ਮਾਂ ਛੱਡ ਗਈ ਸੀ ਤਲਾਬ ਕਿਨਾਰੇ… ਵੱਡਾ ਹੋਇਆ ਤਾਂ ਬਣ ਗਿਆ ‘ਕਬੀਰ’
Bhagat Kabir Ji: ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 15 ਭਗਤ ਸਹਿਬਾਨਾਂ ਦੀ ਬਾਣੀ ਨੂੰ ਦਰਜ ਕੀਤਾ ਹੈ। ਉਹਨਾਂ 15 ਭਗਤਾਂ ਵਿੱਚੋਂ ਇੱਕ ਨਾਮ ਹੈ ਭਗਤ ਕਬੀਰ ਸਾਹਿਬ। ਲੋਕ ਜਾਤੀ ਦੇ ਤੌਰ ਤੇ ਉਹਨਾਂ ਨੂੰ ਜੁਲਾਹਾ ਬੁਲਾਉਂਦੇ ਹਨ। ਅੱਜ ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਜਾਣਗੇ ਭਗਤ ਕਬੀਰ ਜੀ ਦੇ ਜੀਵਨ ਬਾਰੇ।

ਸਿੱਖ ਧਰਮ ਬੇਸ਼ੱਕ ਸਾਰੇ ਧਰਮਾਂ ਤੋਂ ਵੱਖਰਾ ਹੈ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦੇ ਸਮੇਂ ਗੁਰੂ ਅਰਜਨ ਦੇਵ ਸਾਹਿਬ ਨੇ ਕਈ ਭਗਤਾਂ ਅਤੇ ਗੁਰਸਿੱਖਾਂ ਦੀ ਬਾਣੀ ਨੂੰ ਇਸ ਵਿੱਚ ਸ਼ਾਮਿਲ ਕੀਤਾ। ਉਹਨਾਂ ਵਿੱਚੋਂ 2 ਭਗਤ ਬਾਬਾ ਸ਼ੇਖ ਫ਼ਰੀਦ ਜੀ ਅਤੇ ਭਗਤ ਕਬੀਰ ਜੀ ਮੁਸਲਿਮ ਧਰਮ ਨਾਲ ਸਬੰਧ ਰੱਖਦੇ ਹਨ।
ਪਰ ਭਗਤ ਕਬੀਰ ਜੀ ਜਨਮ ਤੋਂ ਮੁਸਲਮਾਨ ਨਹੀਂ ਸਨ। ਉਹਨਾਂ ਦੇ ਮਾਤਾ ਪਿਤਾ ਹਿੰਦੂ ਧਰਮ ਨਾਲ ਸਬੰਧ ਰੱਖਦੇ ਸਨ। ਭਾਈ ਕਾਨ੍ਹ ਸਿੰਘ ਨਾਭਾ ਆਪਣੇ ਮਹਾਨ ਕੋਸ਼ ਵਿੱਚ ਭਗਤ ਕਬੀਰ ਜੀ ਦੇ ਜਨਮ ਬਾਰੇ ਦੱਸਦੇ ਹਨ। ਭਗਤ ਜੀ ਦਾ ਜਨਮ 1512 ਈਸਵੀ ਵਿੱਚ ਗੋਰਖਪੁਰ ਤੋਂ ਕਰੀਬ 15 ਮੀਲ ਦੀ ਦੂਰੀ ਤੇ ਸਥਿਤ ਮਗਹਰ ਨਾਮ ਦੇ ਸਥਾਨ ਤੇ ਹੋਇਆ।
ਜਨਮ ਦੇਕੇ ਛੱਡ ਗਈ ਸੀ ਮਾਂ
ਭਗਤ ਕਬੀਰ ਜੀ ਦੇ ਮਾਤਾ ਇੱਕ ਵਿਧਵਾ ਬ੍ਰਾਹਮਣੀ ਸਨ। ਉਹਨਾਂ ਨੇ ਕਿਸੇ ਕਾਰਨ ਬੱਚੇ ਨੂੰ ਜਨਮ ਦੇਕੇ ਬਾਲ ਅਵਸਥਾ ਵਿੱਚ ਬਨਾਰਸ ਨੇੜੇ ‘ਲਹਿਰ ਤਲਾਬ’ ਦੇ ਕਿਨਾਰੇ ਛੱਡ ਦਿੱਤਾ। ਉਸੀਂ ਤਲਾਬ ਦੇ ਨੇੜਿਓ ਲੰਘ ਰਹੇ ਇੱਕ ਰਾਹੀਂ ਦੀ ਨਜ਼ਰ ਉਸ ਬੱਚੇ ਤੇ ਪਈ। ਉਸ ਵਿਅਕਤੀ ਦਾ ਨਾਮ ਅਲੀ (ਨੀਰੂ) ਸੀ ਅਤੇ ਉਹ ਜੁਲਾਹੇ ਦਾ ਕੰਮ ਕਰਦਾ ਸੀ।
ਅਲੀ ਜੀ ਉਸ ਬੱਚੇ ਨੂੰ ਆਪਣੇ ਨਾਲ ਘਰ ਲੈ ਗਏ ਅਤੇ ਆਪਣੀ ਪਤਨੀ ਨੂੰ ਸੌਂਪ ਦਿੱਤਾ। ਅਲੀ ਜੀ ਦੇ ਪਰਿਵਾਰ ਨੇ ਕਾਜ਼ੀ ਨੂੰ ਬੁਲਾਕੇ ਉਸ ਬੱਚੇ ਦਾ ਨਾਮ ਰੱਖਵਾਇਆ ਅਤੇ ਉਹ ਬੱਚਾ ਕਬੀਰ ਦੇ ਨਾਮ ਨਾਲ ਵੱਡਾ ਹੋਇਆ। ਭਗਤ ਕਬੀਰ ਜੀ ਅੰਧ ਵਿਸ਼ਾਵਾਸ ਦੇ ਸਖ਼ਤ ਵਿਰੋਧੀ ਸਨ। ਉਹਨਾਂ ਦੀ ਬਾਣੀ ਵਿੱਚ ਅਜਿਹੇ ਸੰਕੇਤ ਮਿਲਦੇ ਹਨ। ਉਹਨਾਂ ਉੱਪਰ ਵੈਰਾਗੀਆਂ, ਜੋਗੀਆਂ ਅਤੇ ਸੂਫ਼ੀਆਂ ਦੀ ਸੰਗਤ ਦਾ ਵੀ ਅਸਰ ਦਿਖਾਈ ਦਿੰਦਾ ਹੈ।
ਭਗਤ ਕਬੀਰ ਜੀ ਨੇ ਸਾਰੀ ਜਿੰਦਗੀ ਸਿਰਫ਼ ਹਿੰਦੂ ਧਰਮ ਦੇ ਕਰਮਕਾਂਡਾ ਦਾ ਹੀ ਵਿਰੋਧ ਨਹੀਂ ਕੀਤਾ ਸਗੋਂ ਬਾਬਾ ਬੁਲ੍ਹੇ ਸ਼ਾਹ ਵਾਂਗ ਉਹਨਾਂ ਨੇ ਰੋਜ਼ੇ ਰੱਖਣ ਦੇ ਢੌਂਗ ਕਰਨ ਦਾ ਵੀ ਸਖ਼ਤ ਵਿਰੋਧ ਕੀਤਾ। ਆਪਣੀ ਬਾਣੀ ਵਿੱਚ ਭਗਤ ਜੀ ਲਿਖਦੇ ਹਨ।
ਇਹ ਵੀ ਪੜ੍ਹੋ
ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥
ਕਬੀਰ ਜੀ ਦੀ ਪ੍ਰੇਮਾਂ ਭਗਤੀ
ਕਬੀਰ ਜੀ ਰੱਬ ਦੀ ਪ੍ਰਾਮਤਮਾ ਲਈ ਪ੍ਰੇਮ-ਮਾਰਗ ਹੀ ਅਸਲੀ ਮਾਰਗ ਮੰਨਦੇ ਹਨ। ਉਹਨਾਂ ਨੇ ਜਿੰਦਗੀ ਭਰ ਸਮਾਜ ਦੀਆਂ ਮਨੁੱਖ ਵਿਰੋਧੀ ਰੀਤਾਂ ਰਸਮਾਂ ਦਾ ਵਿਰੋਧ ਕੀਤਾ। ਧਰਮਿਕ ਕਰਮ ਕਾਂਡਾ ਦੇ ਧੁਰ ਵਿਰੋਧੀ ਸਨ। ਆਪ ਜੀ ਪੂਜਾ, ਬਲੀ, ਨਮਾਜ, ਹੱਜ ਤੇ ਤੀਰਥ ਯਾਤਰਾਵਾਂ ਨੂੰ ਨਿਹਫਲ ਆਖਦੇ ਹਨ।
ਜਿੰਦਗੀ ਭਰ ਤੋੜਦੇ ਰਹੇ ਅੰਧ ਵਿਸ਼ਵਾਸ
ਭਗਤ ਕਬੀਰ ਜੀ ਕਾਫ਼ੀ ਸਮਾਂ ਕਾਸ਼ੀ (ਬਨਾਰਸ) ਵਿੱਚ ਰਹੇ। ਉਸ ਸਮੇਂ ਇੱਕ ਮਾਨਤਾ ਚੱਲਦੀ ਸੀ ਕਿ ਜੇਕਰ ਕਿਸੇ ਦੀ ਮੌਤ ਕਾਸ਼ੀ ਵਿੱਚ ਹੁੰਦੀ ਹੈ ਤਾਂ ਮਰਨ ਵਾਲਾ ਸਿੱਧਾ ਸਵਰਗ ਲੋਕ ਜਾਂਦਾ ਹੈ। ਇਸ ਲਈ ਲੋਕ ਦੂਰੋਂ ਦੂਰੋਂ ਕਾਸ਼ੀ ਆਉਣਾ ਚਾਹੁੰਦੇ ਸਨ। ਪਰ ਭਗਤ ਕਬੀਰ ਜੀ ਨੇ ਇਸ ਦੇ ਬਿਲਕੁਲ ਉਲਟ ਕੀਤਾ। ਉਹ ਆਪਣੇ ਅੰਤਲੇ ਸਮੇਂ ਕਾਸ਼ੀ ਦੀ ਭੂਮੀ ਛੱਡ ਆਪਣੀ ਜਨਮ ਭੂਮੀ ਮਗਹਰ ਗਏ ਅਤੇ 1632 ਈਸਵੀ ਨੂੰ ਅਕਾਲ ਚਲਾਣਾ ਕਰ ਗਏ। ਭਗਤ ਜੀ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਸੱਚੇ ਮਾਰਗ ਤੇ ਚੱਲਣ ਵਾਲੇ ਲੋਕਾਂ ਨੂੰ ਕਿਸੇ ਧਾਰਮਿਕ ਅਸਥਾਨਾਂ ਤੇ ਮੱਥੇ ਰਗੜਣ ਦੀ ਲੋੜ ਨਹੀਂ ਹੁੰਦੀ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਸਾਹਿਬ
ਸ਼੍ਰੀ ਗੁਰੂ ਅਰਜਨ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੀ ਦੇ 225 ਸ਼ਬਦ, ਇੱਕ ਥਿਤੀ, ਇੱਕ ਸਤਵਾਰਾ, ਇੱਕ ਬਾਵਨ ਅੱਖਰੀ ਅਤੇ 243 ਸਲੋਕ ਸ਼ਾਮਿਲ ਕੀਤੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਵੀ ਭਗਤ ਕਰੀਬ ਜੀ ਦੀ ਕੁੱਝ ਬਾਣੀ ਮਿਲਦੀ ਹੈ ਪਰ ਉਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲਦੀ ਕਿ ਉਹ ਸੁੱਧ ਭਗਤ ਜੀ ਦੀ ਬਾਣੀ ਹੈ ਜਾਂ ਉਸ ਵਿੱਚ ਕਿਸੇ ਹੋਰ ਲਿਖਾਰੀ ਨੇ ਸਹਿਯੋਗ ਦਿੱਤਾ ਹੈ।