54ਵੇਂ ਆਗਮਨ ਪੁਰਬ ਦਾ ਆਗਾਜ਼, ਜਾਣੋ ਬਾਬਾ ਸ਼ੇਖ ਫਰੀਦ ਜੀ ਦਾ ਇਤਿਹਾਸ
ਫਰੀਦਕੋਟ ਵਿਖੇ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਆਉਣ ਦੇ ਸੰਬੰਧ 'ਚ ਹਰ ਸਾਲ 5 ਰੋਜਾ ਵਿਰਾਸ਼ਤੀ ਮੇਲਾ ਕਰਵਾਇਆ ਜਾਂਦਾ ਹੈ। ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਤੋਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਨਾਲ ਇਹ ਆਰੰਭ ਹੋਇਆ ਹੈ। ਬਾਰਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸੇਖ ਫਰੀਦ ਜੀ ਦਾ ਇਤਿਹਾਸ ਜਾਣੋ...

ਫਰੀਦਕੋਟ ਨਿਊਜ਼। ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਫਰੀਦਕੋਟ ਵਿਖੇ ਆਉਣ ਦੇ ਸੰਬੰਧ ‘ਚ ਹਰ ਸਾਲ ਸਮਾਗਮ ਕਰਵਾਏ ਜਾਂਦੇ ਹਨ। ਇਸ ਸੰਬੰਧ ਵਿੱਚ 5 ਰੋਜਾ ਵਿਰਾਸ਼ਤੀ ਮੇਲੇ ਦਾ ਆਗਾਜ ਅੱਜ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਤੋਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਨਾਲ ਆਰੰਭ ਹੋਇਆ ਹੈ। ਅੱਜ ਜਿਲ੍ਹੇ ਦੇ ਡਿਪਟੀ ਕਮਿਸਨਰ, ਐਸਐਸਪੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਹਲਕਾ ਫਰੀਦਕੋਟ ਦੇ ਵਿਧਾਇਕ ਤੋਂ ਇਲਾਵਾ ਬਾਬਾ ਫਰੀਦ ਜੀ ਵਿਦਿਅਕ ਅਤੇ ਧਾਰਮਿਕ ਸੰਸ਼ਥਾਵਾਂ ਦੇ ਸੰਸਥਾਪਕ ਇੰਦਰਜੀਤ ਸਿੰਘ ਖਾਲਸਾ ਦੀ ਹਾਜਰੀ ਵਿੱਚ ਅੱਜ ਦੇ ਇਸ ਮੇਲੇ ਦਾ ਸ਼ੁਭ ਆਰੰਭ ਹੋਇਆ।
ਪ੍ਰੋਗਰਾਮਾਂ ਦਾ ਵੇਰਵਾ
ਪੰਜ ਦਿਨ ਚੱਲਣ ਵਾਲੇ ਵਿਰਾਸ਼ਤੀ ਮੇਲੇ ‘ਚ ਧਾਰਮਿਕ, ਸੱਭਿਆਚਾਰਕ, ਖੇਡ ਅਤੇ ਸਮਾਜਿਕ ਸਮਾਗਮ ਵੇਖਣ ਨੂੰ ਮਿਲਣਗੇ। ਅੱਜ ਦੇ ਸਮਾਗਮਾਂ ‘ਚ ਜੇਕਰ ਗੱਲ ਕਰੀਏ ਤਾਂ ਸਵੇਰੇ 7:30 ਵਜੇ ਆਗਮਨ ਪੁਰਬ ਦੀ ਸ਼ੁਰੂਆਤ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਤੋਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਨਾਲ ਹੋਈ। ਰਾਤ ਕਰੀਬ 8 ਵਜੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਪੰਜਾਬੀ ਦੇ ਨਾਮਵਰ ਲੋਕ ਗਾਇਕ ਦਰਸ਼ਨਜੀਤ ਵੱਲੋਂ ਆਪਣੀ ਪੇਸ਼ਕਾਰੀ ਪੇਸ਼ ਕੀਤੀ ਜਾਵੇਗੀ।
ਕੋਣ ਸੀ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ
ਬਾਰਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਫਰੀਦਕੋਟ ਵਿਖੇ ਆਮਦ ਦੇ ਸੰਬੰਧੀ ‘ਚ ਬੀਤੇ ਕਰੀਬ 54 ਵਰ੍ਹਿਆਂ ਤੋਂ ਹਰ ਸਾਲ 10 ਤੋਂ 23 ਸਤੰਬਰ ਤੱਕ ਸ਼ੇਖ ਫਰੀਦ ਆਗਮਨ ਪੁਰਬ ਹਰ ਸਾਲ ਜਿਲ੍ਹਾ ਪ੍ਰਸ਼ਾਸਨ, ਬਾਬਾ ਫਰੀਦ ਜੀ ਸੰਸ਼ਥਾਵਾਂ ਦੇ ਪ੍ਰਬੰਧਕਾਂ ਅਤੇ ਸਹਿਰ ਵਾਸੀਆਂ ਵੱਲੋਂ ਸਾਂਝੇਂ ਤੌਰ ‘ਤੇ ਮਨਾਇਆ ਜਾਂਦਾ ਹੈ, ਜਿਸ ਵਿੱਚ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਬਾਬਾ ਫਰੀਦ ਜੀ ਦੇ ਸਥਾਨਾਂ ਨਾਲ ਸੰਬੰਧਿਤ ਗੁਰਦੁਆਰਾ ਗੋਦੜੀ ਟਿੱਲਾ ਬਾਬਾ ਫਰੀਦ ਸੁਸਾਇਟੀ ਵੱਲੋਂ ਵੱਖ-ਵੱਖ ਖੇਡ ਮੁਕਾਬਲੇ ਖੇਡ ਕਲੱਬਾਂ ਵੱਲੋਂ ਥਾਂ-ਥਾਂ ਤੇ ਲੰਗਰਾਂ ਦੇ ਪ੍ਰਬੰਧ ਨੇੜਲੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਅਤੇ ਵਿਰਾਸਤੀ ਅਤੇ ਸੱਭਿਆਚਰਕ ਪ੍ਰੋਗਰਾਮ ਜਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾਂਦੇ ਹਨ।
ਹਰ ਸਾਲ ਇਸ 5 ਰੋਜਾ ਆਗਮਨ ਪੁਰਬ ਮੌਕੇ ਦੇਸ਼ ਦੁਨੀਆਂ ਤੋਂ ਬਾਬਾ ਫਰੀਦ ਜੀ ਦੀਆਂ ਨਾਮ ਲੇਵਾ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਸ਼ਿਰਕਤ ਕਰਦੀਆਂ ਹਨ।
ਮੰਨਿਆ ਜਾਂਦਾ ਕਿ ਬਾਰਵੀਂ ਸਦੀ ਦੇ ਸ਼ੁਰੂਆਤੀ ਸਮੇਂ ਵਿੱਚ ਬਾਬਾ ਫਰੀਦ ਜੀ ਦਿੱਲੀ ਤੋਂ ਪਾਕਪਟਨ (ਅੱਜ ਕੱਲ੍ਹ ਪਾਕਿਸਤਾਨ) ਨੂੰ ਜਾਂਦੇ ਹੋਏ 23 ਸਤੰਬਰ ਦੇ ਫਰੀਦਕੋਟ ਪਹੁੰਚੇ ਸਨ। ਇਤਿਹਾਸਕਾਰਾਂ ਅਤੇ ਟਿੱਲਾ ਬਾਬਾ ਫਰੀਦ ਜੀ ਸੰਸ਼ਥਾਵਾਂ ਦੇ ਮੁਖੀ ਇੰਦਰਜੀਤ ਸਿੰਘ ਖਾਲਸਾ (ਉਘੇ ਵਕੀਲ) ਮੁਤਾਬਿਕ ਬਾਬਾ ਫਰੀਦ ਜੀ ਨੇ ਫਰੀਦਕੋਟ ਤੋਂ ਕਰੀਬ 3 ਕਿਲੋਮੀਟਰ ਦੱਖਣ ਵਾਲੇ ਪਾਸੇ ਇਕ ਮਲ੍ਹੇ ਦੇ ਦਰੱਖਤ ਹੇਠ ਆਪਣਾਂ ਆਸਣ ਲਗਾਇਆ ਸੀ ਅਤੇ ਖਾਣ ਪੀਣ ਦੇ ਸਮਾਨ ਦੀ ਭਾਲ ਵਿੱਚ ਉਹਨਾਂ ਆਪਣੇ ਗੁਰੁ ਬਖਤਿਆਰ ਕਾਕੀ ਵੱਲੋਂ ਦਿੱਤੀ ਹੋਈ ਗੋਦੜੀ (ਪ੍ਰਮਾਤਮਾਂ ਦੀ ਭਗਤੀ ਕਰਨ ਲਈ ਧਰਤੀ ‘ਤੇ ਵਿਛਾਉਣ ਵਾਲੀ ਗੱਦੀ) ਨੂੰ ਮਲ੍ਹੇ ਦੇ ਦਰੱਖਤ ‘ਤੇ ਟੰਗ ਕੇ ਫਰੀਦਕੋਟ ਸਹਿਰ ‘ਚ ਗਏ ਸਨ। ਫਰੀਦਕੋਟ ਸਹਿਰ ‘ਚ ਤਤਕਾਲੀ ਰਾਜਾ ਮੋਕਲ ਸੀ ਵੱਲੋਂ ਫਰੀਦਕੋਟ ਦੇ ਕਿਲ੍ਹੇ ਦੀ ਉਸਾਰੀ ਕਰਵਾਈ ਜਾ ਰਹੀ ਸੀ ਅਤੇ ਰਾਜੇ ਦੇ ਸਿਪਾਹੀ ਸ਼ਹਿਰ ਵਿਚੋਂ ਹਰੇਕ ਇਨਸਾਨ ਨੂੰ ਫੜ੍ਹ ਕੇ ਬੇਗਾਰ ਵਜੋਂ ਕੰਮ ‘ਤੇ ਲਗਾ ਲੈਂਦੇ ਸਨ।
ਅਜਿਹੇ ‘ਚ ਜਦੋਂ ਬਾਬਾ ਫਰੀਦ ਜੀ ਫਰੀਦਕੋਟ ਵਿੱਚ ਪਹੁੰਚੇ ਤਾਂ ਰਾਜੇ ਦੇ ਸਿਪਾਹੀਆਂ ਨੇ ਉਹਨਾਂ ਨੂੰ ਫੜ੍ਹ ਕਿ ਕਿਲੇ ਦੇ ਨਿਰਮਾਣ ਕਾਰਜਾਂ ਵਿੱਚ ਲਗਾ ਲਿਆ ਅਤੇ ਉਹਨਾਂ ਨੂੰ ਗਾਰੇ ਦੀ ਭਰੀ ਹੋਈ ਟੋਕਰੀ (ਤਸਲਾ) ਚੁੱਕਵਾਈ ਗਈ। ਲੋਕਾਂ ਦਾ ਮੰਨਣਾਂ ਹੈ ਕਿ ਗਾਰੇ ਦੀ ਭਰੀ ਹੋਈ ਟੋਕਰੀ ਬਾਬਾ ਫਰੀਦ ਜੀ ਦੇ ਸਿਰ ਤੋਂ 2 ਹੱਥ ਉਪਰ ਹਵਾ ਵਿੱਚ ਉੱਡਦੀ ਲੱਗੀ ਤਾਂ ਇਹ ਸੀਨ ਵੇਖ ਕੇ ਆਸ ਪਾਸ ਦੇ ਲੋਕ ਅਤੇ ਰਾਜੇ ਦੇ ਸਿਪਾਹੀ ਹੈਰਾਨ ਰਹਿ ਗਏ।
ਇਸ ਦਾ ਪਤਾ ਜਦ ਰਾਜੇ ਮੋਕਲ ਸੀ ਨੂੰ ਲੱਗਿਆ ਤਾਂ ਉਹ ਬਾਬਾ ਫਰੀਦ ਜੀ ਕੋਲ ਆਏ ਅਤੇ ਸਤਿਕਾਰ ਨਾਲ ਉਹਨਾਂ ਤੋਂ ਮੁਆਫੀ ਮੰਗੀ। ਦੱਸਿਆ ਜਾਂਦਾ ਕਿ ਬਾਬਾ ਫਰੀਦ ਜੀ ਨੇ ਉਸ ਵਕਤ ਰਾਜੇ ਤੋਂ ਇੰਨੇ ਵੱਡੇ ਕਿਲੇ ਦੀ ਉਸਾਰੀ ਕਰਨ ਦਾ ਕਾਰਨ ਪੁੱਛਿਆ ਸੀ ਤਾਂ ਰਾਜੇ ਮੋਕਲ ਨੇ ਬਾਬਾ ਜੀ ਨੂੰ ਦੱਸਿਆ ਕਿ ਉਹਨਾਂ ਦੇ ਸ਼ਹਿਰ ਨੂੰ ਲੁਟੇਰੇ ਬਹੁਤ ਪੈਂਦੇ ਹਨ ਆਏ ਦਿਨ ਰਾਜ ਅਤੇ ਗਰੀਬ ਲੋਕਾਂ ਦੀ ਪੂੰਜੀ ਲੁਟੇਰੇ ਲੁੱਟ ਕੇ ਲੈ ਜਾਂਦੇ ਹਨ ਇਸ ਲਈ ਇਸ ਕਿਲੇ ਦੀ ਉਸਾਰੀ ਕਰਵਾਈ ਜਾ ਰਹੀ ਹੈ ਤਾਂ ਜੋ ਰਾਜ ਦਾ ਖਜਾਨਾਂ ਅਤੇ ਪਰਜਾ ਦੀ ਪੂੰਜੀ ਨੂੰ ਲੁਟੇਰਿਆਂ ਤੋਂ ਬਚਾਇਆ ਜਾ ਸਕੇ।
ਮੰਨਿਆ ਜਾਂਦਾ ਕਿ ਉਸ ਵਕਤ ਬਾਬਾ ਫਰੀਦ ਜੀ ਨੇ ਰਾਜਾ ਮੋਕਲ ਨੂੰ ਆਪਣੇ ਇਸ ਸ਼ਹਿਰ ਦਾ ਨਾਮ ਬਦਲਣ ਬਾਰੇ ਕਿਹਾ ਗਿਆ ਸੀ ਅਤੇ ਵਰਦਾਨ ਦਿੱਤਾ ਸੀ ਕਿ ਅੱਜ ਤੋਂ ਬਾਅਦ ਇਸ ਸ਼ਹਿਰ ਨੂੰ ਕੋਈ ਉਜਾੜ ਨਹੀਂ ਸਕੇਗਾ। ਫਰੀਦਕੋਟ ਇਲਾਕੇ ਦੇ ਲੋਕਾਂ ਦਾ ਮੰਨਣਾ ਹੈ ਕਿ ਉਸ ਵਕਤ ਤੋਂ ਹੀ ਰਾਜਾ ਮੋਕਲ ਸੀ ਨੇ ਆਪਣੇ ਨਾਮ ਪਰ ਬਣੇ ਮੋਲਹਰ ਸ਼ਹਿਰ ਦਾ ਨਾਮ ਬਦਲ ਕੇ ਫਰੀਦਕੋਟ ਰੱਖ ਦਿੱਤਾ ਸੀ ਜੋ ਅੱਜ ਤੱਕ ਪ੍ਰਚੱਲਤ ਹੈ।
ਫਰੀਦਕੋਟ ‘ਚ ਬਾਬਾ ਫਰੀਦ ਜੀ ਨਾਲ ਸੰਬੰਧਿਤ 3 ਅਹਿਮ ਸਥਾਨ ਦੱਸੇ ਜਾਂਦੇ ਹਨ ਜਿੰਨ੍ਹਾਂ ਵਿਚੋਂ 2 ਅਸਥਾਨਾਂ ‘ਤੇ ਸੁੰਦਰ ਗੁਰਦੁਆਰਾ ਸਾਹਿਬਾਨਾਂ ਦੀ ਇਮਾਰਤ ਬਣੀ ਹੋਈ ਹੈ। ਇੱਕ ਨੂੰ ਗੁਰਦੁਆਰਾ ਗੋਦੜੀ ਸਾਹਿਬ ‘ਤੇ ਇੱਕ ਨੂੰ ਟਿੱਲਾ ਬਾਬਾ ਫਰੀਦ ਜੀ ਦੇ ਨਾਮ ਨਾਲ ਜਾਣਿਆਂ ਜਾਂਦਾ ਅਤੇ ਇਨ੍ਹਾਂ ਸਥਾਨਾਂ ‘ਤੇ ਹਰ ਰੋਜ ਲੋਕ ਨਤਮਸਤਕ ਹੁੰਦੇ ਹਨ ਇਸ ਦੇ ਨਾਲ ਹੀ ਇੱਕ ਸਥਾਨ ਇਥੋਂ ਦੇ ਕਿਲ੍ਹਾ ਮੁਬਾਰਕ ਅੰਦਰ ਬਣਿਆ ਦੱਸਿਆ ਜਾਂਦਾ ਹੈ ਜੋ ਕਿਲੇ ਦੀ ਦਰਸ਼ਨੀ ਡਿਉਢੀ ਦੇ ਨਾਲ ਦੱਖਣ ਵਾਲੇ ਪਾਸੇ ਹੈ।
ਕਿਉਂ ਮਨਾਇਆ ਜਾਂਦਾ ਹੈ ਸ਼ੇਖ ਫਰੀਦ ਆਗਮਨ ਪੁਰਬ
ਬਾਬਾ ਫਰੀਦ ਜੀ ਦੀ ਫਰੀਦਕੋਟ ਵਿਖੇ ਆਮਦ ਨੂੰ ਲੈ ਕੇ ਹਰ ਸਾਲ ਇਥੇ ਸ਼ੇਖ ਫਰੀਦ ਆਗਮਨ ਪੁਰਬ ਮਨਾਇਆ ਜਾਂਦਾ ਹੈ ਜਿਸ ਵਿਚ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੁੰਦੀਆ ਹਨ। ਸਾਲ 2019 ਤੋਂ ਇੱਥੇ ਕਰਾਫਟ ਮੇਲਾ ਵੀ ਲਗਾਇਆ ਜਾਂਦਾ ਹੈ। ਜਿਸ ਵਿੱਚ 10 ਦਿਨਾਂ ਤੋਂ ਦੇਸ਼ ਭਰ ਤੋਂ ਆਏ ਸਿਲਪਕਾਰ ਅਤੇ ਹੋਰ ਉਦਮੀਂ ਆਪਣੀਆ ਵਸਤਾਂ ਦੀ ਪ੍ਰਦਰਸ਼ਨੀ ਲਗਾਉਂਦੇ ਹਨ ਅਤੇ ਲੋਕ ਇਕੋ ਜਗ੍ਹਾ ਤੋਂ ਪੂਰੇ ਦੇਸ਼ ਦੀਆਂ ਮਸ਼ਹੂਰ ਵਸਤਾਂ ਦੀ ਖਰੀਦ ਫਰੋਖਤ ਕਰਦੇ ਹਨ। ਪੰਜ ਰੋਜਾ ਇਸ ਆਗਮਨ ਪੁਰਬ ਦਾ ਸਮਾਪਨ 23 ਸਤੰਬਰ ਵਾਲੇ ਦਿਨ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਜੋ ਸ਼ਹਿਰ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਪਹੁੰਚਦਾ ਹੈ। ਜਿੱਥੇ ਧਾਰਮਿਕ ਸਮਾਗਮਾਂ ਕਰਵਾਏ ਜਾਂਦੇ ਹਨ ਸ਼ੇਖ ਫਰੀਦ ਆਗਮਨ ਪੁਰਬ ਦੇ ਸਮਾਗਮਾਂ ਦੀ ਸੰਪੂਰਨਤਾ ਦਾ ਐਲਾਨ ਕੀਤਾ ਜਾਂਦਾ ਹੈ।