Akshay Navami 2026: ਅਕਸ਼ੈ ਨਵਮੀ ਕਿਉਂ ਮਨਾਈ ਜਾਂਦੀ ਹੈ? ਜਾਣੋ ਆਂਵਲੇ ਦੇ ਰੁੱਖ ਹੇਠਾਂ ਭੋਜਨ ਕਰਨ ਦੀ ਖ਼ਾਸ ਪਰੰਪਰਾ

Updated On: 

15 Nov 2026 17:44 PM IST

ਹਿੰਦੂ ਧਰਮ ਵਿੱਚ ਕੱਤਕ ਦੇ ਮਹੀਨੇ ਦੀ ਵਿਸ਼ੇਸ਼ ਮਹੱਤਤਾ ਮੰਨੀ ਜਾਂਦੀ ਹੈ। ਇਸ ਪਵਿੱਤਰ ਮਹੀਨੇ ਵਿੱਚ ਕਈ ਵੱਡੇ ਵਰਤ ਅਤੇ ਤਿਉਹਾਰ ਮਨਾਏ ਜਾਂਦੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਹੈ 'ਅਕਸ਼ੈ ਨਵਮੀ', ਜਿਸ ਨੂੰ 'ਆਂਵਲਾ ਨਵਮੀ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਿਨ ਆਂਵਲੇ ਦੇ ਰੁੱਖ ਦੀ ਪੂਜਾ ਕਰਨ ਅਤੇ ਉਸ ਦੇ ਹੇਠਾਂ ਬੈਠ ਕੇ ਪਰਿਵਾਰ ਸਮੇਤ ਭੋਜਨ ਕਰਨ ਦੀ ਖ਼ਾਸ ਪਰੰਪਰਾ ਹੈ।

Akshay Navami 2026: ਅਕਸ਼ੈ ਨਵਮੀ ਕਿਉਂ ਮਨਾਈ ਜਾਂਦੀ ਹੈ? ਜਾਣੋ ਆਂਵਲੇ ਦੇ ਰੁੱਖ ਹੇਠਾਂ ਭੋਜਨ ਕਰਨ ਦੀ ਖ਼ਾਸ ਪਰੰਪਰਾ

ਹਿੰਦੂ ਧਰਮ ਵਿੱਚ ਕੱਤਕ ਦੇ ਮਹੀਨੇ ਦੀ ਵਿਸ਼ੇਸ਼ ਮਹੱਤਤਾ ਮੰਨੀ ਜਾਂਦੀ ਹੈ। ਇਸ ਪਵਿੱਤਰ ਮਹੀਨੇ ਵਿੱਚ ਕਈ ਵੱਡੇ ਵਰਤ ਅਤੇ ਤਿਉਹਾਰ ਮਨਾਏ ਜਾਂਦੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਹੈ ‘ਅਕਸ਼ੈ ਨਵਮੀ’, ਜਿਸ ਨੂੰ ‘ਆਂਵਲਾ ਨਵਮੀ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਿਨ ਆਂਵਲੇ ਦੇ ਰੁੱਖ ਦੀ ਪੂਜਾ ਕਰਨ ਅਤੇ ਉਸ ਦੇ ਹੇਠਾਂ ਬੈਠ ਕੇ ਪਰਿਵਾਰ ਸਮੇਤ ਭੋਜਨ ਕਰਨ ਦੀ ਖ਼ਾਸ ਪਰੰਪਰਾ ਹੈ। ਧਾਰਮਿਕ ਮਾਨਤਾ ਹੈ ਕਿ ਅਜਿਹਾ ਕਰਨ ਨਾਲ ਘਰ ਵਿੱਚ ਸੁੱਖ-ਖੁਸ਼ਹਾਲੀ ਆਉਂਦੀ ਹੈ ਅਤੇ ਪਰਿਵਾਰ ‘ਤੇ ਭਗਵਾਨ ਵਿਸ਼ਨੂੰ ਦੀ ਅਪਾਰ ਕਿਰਪਾ ਬਣੀ ਰਹਿੰਦੀ ਹੈ।

ਅਕਸ਼ੈ ਨਵਮੀ ਦਾ ਦਿਨ ਪੂਜਾ-ਪਾਠ ਦੇ ਨਾਲ-ਨਾਲ ਦਾਨ-ਪੁੰਨ ਕਰਨ ਲਈ ਵੀ ਬੇਹੱਦ ਉੱਤਮ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਮੁਤਾਬਕ, ਇਸ ਦਿਨ ਕੀਤੇ ਗਏ ਸ਼ੁਭ ਕਾਰਜਾਂ ਦਾ ਫਲ ਕਦੇ ਵੀ ਖ਼ਤਮ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਇਸ ਦਿਨ ਸ਼ਰਧਾਲੂ ਆਂਵਲੇ ਦੇ ਰੁੱਖ ਦੀ ਪੂਜਾ ਕਰਦੇ ਹਨ, ਉਸ ਦੀ ਪਰਿਕਰਮਾ ਕਰਦੇ ਹਨ ਅਤੇ ਲੋੜਵੰਦਾਂ ਨੂੰ ਅੰਨ ਤੇ ਵਸਤਰਾਂ ਦਾ ਦਾਨ ਕਰਦੇ ਹਨ।

ਕਦੋਂ ਹੈ ਅਕਸ਼ੈ ਨਵਮੀ 2026?

ਸਾਲ 2026 ਵਿੱਚ ਅਕਸ਼ੈ ਨਵਮੀ ਦਾ ਪਵਿੱਤਰ ਤਿਉਹਾਰ ਬੁੱਧਵਾਰ, 18 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਦਿਨ ਨਵਮੀ ਤਿਥੀ ਸਵੇਰ ਤੋਂ ਸ਼ੁਰੂ ਹੋ ਕੇ ਅਗਲੇ ਦਿਨ ਤੱਕ ਰਹੇਗੀ।

  • ਨਵਮੀ ਤਿਥੀ ਆਰੰਭ: 18 ਨਵੰਬਰ 2026 ਨੂੰ ਸਵੇਰੇ 06:04 ਵਜੇ ਤੋਂ
  • ਨਵਮੀ ਤਿਥੀ ਸਮਾਪਤ: 19 ਨਵੰਬਰ 2026 ਨੂੰ ਸਵੇਰੇ 07:05 ਵਜੇ ਤੱਕ
  • ਪੂਜਾ ਦਾ ਸ਼ੁਭ ਮਹੂਰਤ: 18 ਨਵੰਬਰ ਨੂੰ ਸਵੇਰੇ 06:46 ਵਜੇ ਤੋਂ ਦੁਪਹਿਰ 12:06 ਵਜੇ ਤੱਕ

ਅਕਸ਼ੈ ਨਵਮੀ ਕਿਉਂ ਮਨਾਈ ਜਾਂਦੀ ਹੈ?

ਅਕਸ਼ੈ ਨਵਮੀ ਹਰ ਸਾਲ ਕੱਤਕ ਮਹੀਨੇ ਦੇ ਸ਼ੁਕਲ ਪੱਖ ਦੀ ਨਵਮੀ ਤਿਥੀ ਨੂੰ ਮਨਾਈ ਜਾਂਦੀ ਹੈ। ‘ਅਕਸ਼ੈ’ ਦਾ ਸ਼ਾਬਦਿਕ ਅਰਥ ਹੁੰਦਾ ਹੈ—ਜਿਸ ਦਾ ਕਦੇ ਨਾਸ਼ ਨਾ ਹੋਵੇ ਜਾਂ ਜੋ ਹਮੇਸ਼ਾ ਕਾਇਮ ਰਹੇ। ਧਾਰਮਿਕ ਮਾਨਤਾ ਹੈ ਕਿ ਇਸ ਦਿਨ ਕੀਤੇ ਗਏ ਪੂਜਾ-ਪਾਠ, ਜਪ, ਤਪ ਅਤੇ ਦਾਨ-ਪੁੰਨ ਦਾ ਫਲ ਕਦੇ ਸਮਾਪਤ ਨਹੀਂ ਹੁੰਦਾ। ਇਸੇ ਵਿਸ਼ੇਸ਼ਤਾ ਕਾਰਨ ਇਸ ਨੂੰ ਅਕਸ਼ੈ ਨਵਮੀ ਕਿਹਾ ਜਾਂਦਾ ਹੈ।

ਸਤਯੁੱਗ ਦੀ ਸ਼ੁਰੂਆਤ ਨਾਲ ਜੁੜਿਆ ਹੈ ਇਤਿਹਾਸ

ਧਾਰਮਿਕ ਗ੍ਰੰਥਾਂ ਅਤੇ ਮਾਨਤਾਵਾਂ ਅਨੁਸਾਰ, ਕੱਤਕ ਸ਼ੁਕਲ ਨਵਮੀ ਵਾਲੇ ਦਿਨ ਹੀ ਸਤਯੁੱਗ ਦੀ ਸ਼ੁਰੂਆਤ ਹੋਈ ਸੀ। ਇਸੇ ਵਜ੍ਹਾ ਕਰਕੇ ਅਕਸ਼ੈ ਨਵਮੀ ਨੂੰ ‘ਸੱਤਯੁੱਗਾਦੀ ਨਵਮੀ’ ਵੀ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਪੂਜਾ-ਪਾਠ ਅਤੇ ਨੇਕ ਕੰਮ ਕਰਨ ਨਾਲ ਮਨੁੱਖ ਨੂੰ ਵਿਸ਼ੇਸ਼ ਪੁੰਨ ਦੀ ਪ੍ਰਾਪਤੀ ਹੁੰਦੀ ਹੈ। ਇਸ ਦਿਨ ਜਗਤ ਦੇ ਪਾਲਣਹਾਰ ਭਗਵਾਨ ਵਿਸ਼ਨੂੰ ਦੀ ਅਰਾਧਨਾ ਕਰਨ ਦਾ ਵੀ ਖ਼ਾਸ ਮਹੱਤਵ ਹੈ।

ਮਾਤਾ ਲਕਸ਼ਮੀ ਅਤੇ ਭਗਵਾਨ ਵਿਸ਼ਨੂੰ ਨਾਲ ਜੁੜੀ ਪੌਰਾਣਿਕ ਕਥਾ

ਪੌਰਾਣਿਕ ਕਥਾ ਅਨੁਸਾਰ, ਇੱਕ ਵਾਰ ਮਾਤਾ ਲਕਸ਼ਮੀ ਧਰਤੀ ‘ਤੇ ਭ੍ਰਮਣ ਕਰਨ ਲਈ ਆਏ। ਇਸ ਦੌਰਾਨ ਉਨ੍ਹਾਂ ਦੇ ਮਨ ਵਿੱਚ ਭਗਵਾਨ ਵਿਸ਼ਨੂੰ ਅਤੇ ਭਗਵਾਨ ਸ਼ਿਵ ਦੀ ਇੱਕੋ ਸਮੇਂ ਇਕੱਠਿਆਂ ਪੂਜਾ ਕਰਨ ਦੀ ਇੱਛਾ ਜਾਗੀ। ਤਦ ਉਨ੍ਹਾਂ ਨੇ ਆਂਵਲੇ ਦੇ ਰੁੱਖ ਹੇਠਾਂ ਬੈਠ ਕੇ ਦੋਵਾਂ ਦੇਵਤਿਆਂ ਦੀ ਵਿਧੀ-ਵਿਧਾਨ ਨਾਲ ਪੂਜਾ ਕੀਤੀ। ਮਾਨਤਾ ਹੈ ਕਿ ਭਗਵਾਨ ਵਿਸ਼ਨੂੰ ਅਤੇ ਭੋਲੇਨਾਥ ਨੇ ਆਂਵਲੇ ਦੇ ਰੁੱਖ ਵਿੱਚ ਇੱਕਠੇ ਦਰਸ਼ਨ ਦਿੱਤੇ ਸਨ। ਇਸ ਤੋਂ ਬਾਅਦ ਮਾਤਾ ਲਕਸ਼ਮੀ ਨੇ ਉਸੇ ਰੁੱਖ ਹੇਠਾਂ ਭੋਜਨ ਤਿਆਰ ਕੀਤਾ ਅਤੇ ਭਗਵਾਨ ਨੂੰ ਭੋਗ ਲਗਾਇਆ। ਉਦੋਂ ਤੋਂ ਹੀ ਅਕਸ਼ੈ ਨਵਮੀ ‘ਤੇ ਆਂਵਲੇ ਦੇ ਰੁੱਖ ਹੇਠਾਂ ਭੋਜਨ ਬਣਾਉਣ ਅਤੇ ਪਰਿਵਾਰ ਨਾਲ ਬੈਠ ਕੇ ਖਾਣ ਦੀ ਪਰੰਪਰਾ ਸ਼ੁਰੂ ਹੋਈ।

ਆਂਵਲੇ ਦੇ ਰੁੱਖ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ?

ਧਾਰਮਿਕ ਮਾਨਤਾਵਾਂ ਮੁਤਾਬਕ, ਆਂਵਲੇ ਦੇ ਰੁੱਖ ਵਿੱਚ ਸਾਖਿਆਤ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦਾ ਵਾਸ ਹੁੰਦਾ ਹੈ। ਇਹੀ ਕਾਰਨ ਹੈ ਕਿ ਅਕਸ਼ੈ ਨਵਮੀ ਵਾਲੇ ਦਿਨ ਇਸ ਪਵਿੱਤਰ ਰੁੱਖ ਦੀ ਪੂਜਾ ਕੀਤੀ ਜਾਂਦੀ ਹੈ। ਸ਼ਰਧਾਲੂ ਰੁੱਖ ਹੇਠਾਂ ਦੀਵਾ ਜਗਾਉਂਦੇ ਹਨ, ਜਲ ਅਤੇ ਸੰਧੂਰ (ਰੋਲੀ) ਚੜ੍ਹਾਉਂਦੇ ਹਨ ਅਤੇ ਇਸ ਦੀ ਪਰਿਕਰਮਾ ਕਰਦੇ ਹਨ। ਕਈ ਥਾਵਾਂ ‘ਤੇ ਔਰਤਾਂ ਰੁੱਖ ਦੇ ਤਣੇ ਦੁਆਲੇ ਕੱਚਾ ਸੂਤ ਜਾਂ ਮੌਲੀ ਲਪੇਟ ਕੇ ਆਪਣੇ ਪਰਿਵਾਰ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੀਆਂ ਹਨ। ਕੁਝ ਥਾਵਾਂ ‘ਤੇ 108 ਵਾਰ ਪਰਿਕਰਮਾ ਕਰਨ ਦੀ ਵੀ ਪਰੰਪਰਾ ਪ੍ਰਚਲਿਤ ਹੈ।

ਰੁੱਖ ਹੇਠਾਂ ਭੋਜਨ ਕਰਨ ਦੀ ਖ਼ਾਸ ਮਾਨਤਾ

ਅਕਸ਼ੈ ਨਵਮੀ ‘ਤੇ ਆਂਵਲੇ ਦੇ ਰੁੱਖ ਹੇਠਾਂ ਬੈਠ ਕੇ ਭੋਜਨ ਕਰਨਾ ਇਸ ਤਿਉਹਾਰ ਦੀਆਂ ਸਭ ਤੋਂ ਪ੍ਰਮੁੱਖ ਪਰੰਪਰਾਵਾਂ ਵਿੱਚੋਂ ਇੱਕ ਹੈ। ਇਸ ਦਿਨ ਲੋਕ ਰੁੱਖ ਹੇਠਾਂ ਖਾਣਾ ਬਣਾਉਂਦੇ ਹਨ ਅਤੇ ਭਗਵਾਨ ਨੂੰ ਭੋਗ ਲਗਾਉਣ ਉਪਰੰਤ ਪੂਰੇ ਪਰਿਵਾਰ ਸਮੇਤ ਬੈਠ ਕੇ ਪ੍ਰਸ਼ਾਦ ਗ੍ਰਹਿਣ ਕਰਦੇ ਹਨ। ਕਈ ਘਰਾਂ ਵਿੱਚ ਖੀਰ, ਪੂੜੀਆਂ ਅਤੇ ਹੋਰ ਰਵਾਇਤੀ ਪਕਵਾਨ ਤਿਆਰ ਕੀਤੇ ਜਾਂਦੇ ਹਨ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਘਰ ਵਿੱਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਭਗਵਾਨ ਵਿਸ਼ਨੂੰ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।

ਦਾਨ-ਪੁੰਨ ਦਾ ਅਕਸ਼ੈ ਮਹੱਤਵ

ਇਸ ਪਵਿੱਤਰ ਦਿਹਾੜੇ ‘ਤੇ ਪੂਜਾ-ਪਾਠ ਤੋਂ ਇਲਾਵਾ ਲੋੜਵੰਦਾਂ ਦੀ ਸਹਾਇਤਾ ਕਰਨਾ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਅਕਸ਼ੈ ਨਵਮੀ ‘ਤੇ ਅੰਨ, ਵਸਤਰ ਅਤੇ ਧਨ ਦਾ ਦਾਨ ਕਰਨ ਨਾਲ ਮਿਲਣ ਵਾਲਾ ਪੁੰਨ ਕਦੇ ਖ਼ਤਮ ਨਹੀਂ ਹੁੰਦਾ। ਇਸ ਲਈ ਲੋਕ ਆਪਣੀ ਸ਼ਰਧਾ ਅਤੇ ਸਮਰੱਥਾ ਅਨੁਸਾਰ ਗਰੀਬਾਂ ਅਤੇ ਲੋੜਵੰਦਾਂ ਨੂੰ ਭੋਜਨ ਕਰਵਾਉਂਦੇ ਹਨ ਅਤੇ ਲੋੜੀਂਦੀਆਂ ਵਸਤੂਆਂ ਦਾਨ ਕਰਦੇ ਹਨ।

ਅਕਸ਼ੈ ਨਵਮੀ ਤੋਂ ਸ਼ੁਰੂ ਹੁੰਦੀ ਹੈ ਬ੍ਰਜ ਦੀ ਚੌਰਾਸੀ ਕੋਸ ਪਰਿਕਰਮਾ

ਅਕਸ਼ੈ ਨਵਮੀ ਦਾ ਬ੍ਰਜ ਖੇਤਰ ਵਿੱਚ ਵੀ ਵਿਸ਼ੇਸ਼ ਧਾਰਮਿਕ ਮਹੱਤਵ ਹੈ। ਮਾਨਤਾ ਅਨੁਸਾਰ, ਇਸੇ ਦਿਨ ਤੋਂ ਬ੍ਰਜ ਦੀ ਪ੍ਰਸਿੱਧ ‘ਚੌਰਾਸੀ ਕੋਸ ਪਰਿਕਰਮਾ’ ਦਾ ਆਗਾਜ਼ ਹੁੰਦਾ ਹੈ। ਇਸ ਦੌਰਾਨ ਸ਼ਰਧਾਲੂ ਭਗਵਾਨ ਸ੍ਰੀ ਕ੍ਰਿਸ਼ਨ ਨਾਲ ਜੁੜੇ ਮਥੁਰਾ, ਵਰਿੰਦਾਵਨ ਅਤੇ ਆਸ-ਪਾਸ ਦੇ ਪਵਿੱਤਰ ਧਾਰਮਿਕ ਸਥਾਨਾਂ ਦੀ ਯਾਤਰਾ ਕਰਦੇ ਹਨ। ਵੱਡੀ ਗਿਣਤੀ ਵਿੱਚ ਭਗਤ ਇਸ ਪਰਿਕਰਮਾ ਵਿੱਚ ਸ਼ਾਮਲ ਹੋ ਕੇ ਭਗਵਾਨ ਸ੍ਰੀ ਕ੍ਰਿਸ਼ਨ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ।

Loading...
Unable to load recommendations.
Follow Us