ਪੰਜਾਬ ਨਿਊਜ। ਡਿਬਰੂਗੜ੍ਹ ਜੇਲ ਵਿੱਚ ਬੰਦ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ (Amritpal Singh) ਨਾਲ ਉਨਾਂ ਦੀ ਪਤਨੀ ਕਿਰਨਦੀਪ ਕੌਰ ਮੁਲਾਕਾਤ ਕਰਨ ਪਹੁੰਚੀ। ਮੁਲਾਕਾਤ ਤੋਂ ਬਾਅਦ ਉਹ ਮੁੰਹ ਢੱਕ ਕੇ ਜੇਲ੍ਹ ਤੋਂ ਬਾਹਰ ਨਿਕਲੀ ਅਤੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੱਤੇ ਬਿਨ੍ਹਾਂ ਕਾਰ ਵਿੱਚ ਬਹਿ ਕੇ ਉਥੋਂ ਚਲੀ ਗਈ। ਪ੍ਰਸ਼ਾਸਨ ਵੱਲੋਂ ਇਜਾਜ਼ਤ ਮਿਲਣ ਤੋਂ ਬਾਅਦ ਪਤਨੀ ਕਿਰਨਦੀਪ ਕੌਰ ਸੋਮਵਾਰ ਨੂੰ ਹੀ ਘਰੋਂ ਚਲੀ ਗਈ ਸੀ। ਉਨ੍ਹਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਵਕੀਲਾਂ ਦਾ ਇੱਕ ਜੱਥਾ ਵੀ ਡਿਬਰੂਗੜ੍ਹ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਿਰਨਦੀਪ ਕੌਰ (Kirandeep Kaur) ਸੋਮਵਾਰ ਨੂੰ ਹੀ ਸੜਕੀ ਮਾਰਗ ਰਾਹੀਂ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਈ ਸੀ। ਉਹ ਸੋਮਵਾਰ ਸ਼ਾਮ ਤੋਂ ਵੀਰਵਾਰ ਸਵੇਰ ਤੱਕ ਦਿੱਲੀ ‘ਚ ਰਹੀ। ਅਤੇ ਵੀਰਵਾਰ ਸਵੇਰੇ ਹੀ ਦਿੱਲੀ ਤੋਂ ਅਸਾਮ ਲਈ ਰਵਾਨਾ ਹੋਈ ਸੀ।
ਚਾਚਾ ਅਤੇ ਚਚੇਰੇ ਭਰਾ ਨੇ ਵੀ ਕੀਤੀ ਮੁਲਾਕਾਤ
ਦੂਜੇ ਪਾਸੇ ਵੀਰਵਾਰ ਨੂੰ ਚਾਚਾ ਅਤੇ ਚਚੇਰੇ ਭਰਾ ਖਾਲਿਸਤਾਨੀ ਸਮਰਥਕ (Khalistani Supporter) ਨੂੰ ਮਿਲਣ ਆਏ ਸਨ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਭਾਈਚਾਰੇ ਦੇ ਨਾਂਅ ਸੰਦੇਸ਼ ਜਾਰੀ ਕਰਦਿਆਂ ਇਸ ਕੇਸ ਵਿੱਚ ਫਸੇ ਸਿੱਖਾਂ ਨੂੰ ਇੱਕਜੁੱਟ ਹੋ ਕੇ ਕੇਸ ਲੜਨ ਦੀ ਸਲਾਹ ਦਿੱਤੀ। ਅੰਮ੍ਰਿਤਪਾਲ ਸਿੰਘ ਆਪਣੇ ਸਮਰਥਕਾਂ ਸਮੇਤ 18 ਮਾਰਚ ਨੂੰ ਅੰਮ੍ਰਿਤਸਰ ਦੇ ਪਿੰਡ ਜੱਲੂਪੁਰ ਖੇੜਾ ਤੋਂ ਮੋਗਾ ਲਈ ਰਵਾਨਾ ਹੋਇਆ। ਜਿਸ ‘ਤੇ ਜਲੰਧਰ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕਾਰਵਾਈ ਕੀਤੀ ਅਤੇ ਉਹ ਭੱਜਣ ‘ਚ ਕਾਮਯਾਬ ਹੋ ਗਿਆ ਸੀ। ਉਦੋਂ ਤੋਂ ਅੱਜ ਤੱਕ ਪਤਨੀ ਕਿਰਨਦੀਪ ਕੌਰ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਮਿਲੀ ਸੀ।
ਡੇਢ ਮਹੀਨੇ ਬਾਅਦ ਹੋਈ ਪਤੀ ਪਤਨੀ ਦੀ ਮੁਲਾਕਾਤ
ਕਿਰਨਦੀਪ ਕੌਰ ਕਰੀਬ ਡੇਢ ਮਹੀਨੇ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਮਿਲੀ। ਅੰਮ੍ਰਿਤਪਾਲ ਦੀ ਐਨਆਰਆਈ ਪਤਨੀ ਕਿਰਨਦੀਪ ਕੌਰ ਨੂੰ 20 ਅਪ੍ਰੈਲ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰੋਕ ਲਿਆ ਸੀ। ਉਹ ਲੰਡਨ ਜਾ ਰਹੀ ਸੀ। ਕਿਰਨਦੀਪ ਤੋਂ ਅੰਮ੍ਰਿਤਸਰ ਏਅਰਪੋਰਟ ‘ਤੇ 3 ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਉਸਨੂੰ ਵਾਪਸ ਮੋੜ ਦਿੱਤਾ ਗਿਆ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ