ਸੁਸ਼ੀਲ ਕੁਮਾਰ ਰਿੰਕੂ ਨੇ ਵੈਲ ‘ਚ ਉਤਰ ਕੇ ਪਾੜੀ ਦਿੱਲੀ ਸਰਵਿਸ ਬਿੱਲ ਦੀ ਕਾਪੀ, ਸਪੀਕਰ ਨੇ ਬਾਕੀ ਸੈਸ਼ਨ ਲਈ ਕੀਤਾ ਮੁਅੱਤਲ

Updated On: 

04 Aug 2023 06:49 AM

ਸੁਸ਼ੀਲ ਰਿੰਕੂ ਨੇ ਕਿਹਾ ਕਿ ਇਹ ਸੰਘੀ ਢਾਂਚੇ 'ਤੇ ਹਮਲਾ ਹੈ। ਕੇਂਦਰ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਰਹੀ ਹੈ। ਦਿੱਲੀ ਦੀ ਚੁਣੀ ਹੋਈ ਸਰਕਾਰ ਤੋਂ ਉਨ੍ਹਾਂ ਦੇ ਹੱਕ ਖੋਹੇ ਜਾ ਰਹੇ ਹਨ।

ਸੁਸ਼ੀਲ ਕੁਮਾਰ ਰਿੰਕੂ ਨੇ ਵੈਲ ਚ ਉਤਰ ਕੇ ਪਾੜੀ ਦਿੱਲੀ ਸਰਵਿਸ ਬਿੱਲ ਦੀ ਕਾਪੀ, ਸਪੀਕਰ ਨੇ ਬਾਕੀ ਸੈਸ਼ਨ ਲਈ ਕੀਤਾ ਮੁਅੱਤਲ
Follow Us On

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ (Sushil Kumar Rinku) ਨੂੰ ਲੋਕ ਸਭਾ ਦੇ ਮਾਨਸੂਨ ਸੈਸ਼ਨ ਦੇ ਬਾਕੀ ਬਚੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਸਪੀਕਰ ਬਿਰਲਾ ਨੇ ਸੁਸ਼ੀਲ ਰਿੰਕੂ ਖਿਲਾਫ ਇਹ ਫੈਸਲਾ ਲੋਕ ਸਭਾ ‘ਚ ਭਾਜਪਾ ਅਤੇ ਭਾਜਪਾ ਸਮਰਥਕਾਂ ਵਲੋਂ ਲਿਆਂਦੇ ਗਏ ਮਤੇ ਤੋਂ ਬਾਅਦ ਲਿਆ ਹੈ। ਰਿੰਕੂ ਨੇ ਲੋਕ ਸਭਾ ਵਿੱਚ ਦਿੱਲੀ ਵਿੱਚ ਲਿਆਂਦੇ ਬਿੱਲ ਦੀ ਕਾਪੀ ਪਾੜ ਕੇ ਇਸਦਾ ਵਿਰੋਧ ਕੀਤਾ ਸੀ ਅਤੇ ਵੈੱਲ ਵਿੱਚ ਜਾ ਕੇ ਬਿੱਲ ਦੀਆਂ ਕਾਪੀਆਂ ਪਾੜ ਦਿੱਤੀਆਂ ਸਨ।

ਦਰਅਸਲ ਦਿੱਲੀ ਅਤੇ ਕੇਂਦਰ ਦੀ ‘ਆਪ’ ਸਰਕਾਰ ਵਿਚਾਲੇ ਚੱਲ ਰਹੇ ਵਿਵਾਦ ਨੂੰ ਲੈ ਕੇ ਅੱਜ ਲੋਕ ਸਭਾ ‘ਚ ਬਿੱਲ ਲਿਆਂਦਾ ਗਿਆ। ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਅਫਸਰਸ਼ਾਹੀ ਨੂੰ ਕਾਬੂ ਕਰਨ ਦਾ ਫੈਸਲਾ ਲਿਆ ਗਿਆ ਹੈ।

ਆਪ ਦਾ ਇੱਕੋ-ਇੱਕ ਐੱਮਪੀ ਮੁਅੱਤਲ

ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ ਇਕਲੌਤੇ ਲੋਕ ਸਭਾ ਮੈਂਬਰ ਹਨ, ਜਿਨ੍ਹਾਂ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਜਿੱਤ ਕੇ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਸੀ। ਦਿੱਲੀ ਸੇਵਾ ਬਿੱਲ ਨੂੰ ਵੈਲ ‘ਚ ਪਾੜ ਕੇ ਹਵਾ ‘ਚ ਉਡਾਉਣ ਕਾਰਨ ਪੂਰੇ ਸੈਸ਼ਨ ਲਈ ਮੁਅੱਤਲ ਕੀਤੇ ਜਾਣ ਤੋਂ ਬਾਅਦ ਹੁਣ ਲੋਕ ਸਭਾ ‘ਚ ਪਾਰਟੀ ਦਾ ਕੋਈ ਮੈਂਬਰ ਨਹੀਂ ਹੈ।

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੂੰ ਵੀ ਰਾਜ ਸਭਾ ਤੋਂ ਮੁਅੱਤਲ ਕੀਤਾ ਹੋਇਆ ਹੈ।

ਪ੍ਰਹਿਲਾਦ ਜੋਸ਼ੀ ਲਿਆਏ ਸਨ ਮਤਾ

ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਵੱਲੋਂ ਬਿੱਲ ਨੂੰ ਵੈੱਲ ਵਿੱਚ ਆ ਕੇ ਸਪੀਕਰ ਦੀ ਕੁਰਸੀ ਨੇੜੇ ਪਾੜ ਕੇ ਹਵਾ ਵਿੱਚ ਉਛਾਲਣ ਤੋਂ ਬਾਅਦ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਸ ਨੂੰ ਸਦਨ ਦਾ ਅਪਮਾਨ ਕਰਾਰ ਦਿੱਤਾ। ਇਸ ‘ਤੇ ਉਨ੍ਹਾਂ ਨੇ ਸਪੀਕਰ ਓਮ ਬਿਰਲਾ ਨੂੰ ਕਿਹਾ ਕਿ ਰਿੰਕੂ ਨੂੰ ਸਦਨ ਤੋਂ ਮੁਅੱਤਲ ਕਰ ਦਿੱਤਾ ਜਾਵੇ। ਇਸ ‘ਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਤੁਸੀਂ ਮਤਾ ਲਿਆਓ। ਇਹ ਵੀ ਕਿਹਾ ਕਿ ਸਦਨ ਵਿੱਚ ਨਵੇਂ ਆਏ ਮਾਣਯੋਗ ਮੈਂਬਰ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮੰਨੇ।

ਇਸ ਤੋਂ ਬਾਅਦ ਪ੍ਰਹਿਲਾਦ ਜੋਸ਼ੀ ਨੇ ਸੰਸਦ ‘ਚ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ ਪੂਰੇ ਮਾਨਸੂਨ ਸੈਸ਼ਨ ਲਈ ਮੁਅੱਤਲ ਕਰਨ ਦਾ ਪ੍ਰਸਤਾਵ ਪੇਸ਼ ਕੀਤਾ। ਜਿਸ ‘ਤੇ ਲੋਕ ਸਭਾ ਦੇ ਸਪੀਕਰ ਨੇ ਸਦਨ ਨੂੰ ਮਤੇ ਦੇ ਪੱਖ ‘ਚ ਹਾਂ ਅਤੇ ਵਿਰੋਧ ‘ਚ ਨਾਂਹ ‘ਚ ਜਵਾਬ ਦੇਣ ਲਈ ਕਿਹਾ। ਪਰ ਜ਼ਿਆਦਾਤਰ ਮੈਂਬਰਾਂ ਨੇ ਹਾਂ ਵਿੱਚ ਜਵਾਬ ਦਿੱਤਾ। ਉਨ੍ਹਾਂ ਸੰਸਦ ਮੈਂਬਰਾਂ ਦੀ ਹਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਉਹ ਸੁਸ਼ੀਲ ਰਿੰਕੂ ਨੂੰ ਮਾਨਸੂਨ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕਰਦੇ ਹਨ।

ਆਪ ਦੀ ਪ੍ਰਸਿੱਧੀ ਤੋਂ ਡਰ ਗਿਆ ਹੈ ਕੇਂਦਰ – ਰਿੰਕੂ

ਉੱਧਰ ਸੁਸ਼ੀਲ ਕੁਮਾਰ ਰਿੰਕੂ ਦਾ ਕਹਿਣਾ ਹੈ ਕਿ ਇਸ ਬਿੱਲ ਨੂੰ ਲੈ ਕੇ ਸੁਪਰੀਮ ਕੋਰਟ ਦੇ ਪੰਜ ਜੱਜਾਂ ਨੇ ਗੈਰ ਸਵਿੰਧਾਨਿਕ ਕਰਾਰ ਦਿੱਤਾ ਹੈ। ਇਸਦੇ ਖਿਲਾਫ ਫੈਸਲਾ ਦਿੱਤਾ ਹੋਇਆ ਹੈ। ਇਸ ਨੂੰ ਮੁੜ ਤੋਂ ਸੰਵਿਧਾਨ ਵਿੱਚ ਸੋਧ ਲਈ ਲਿਆਉਣਾ ਸੰਵਿਧਾਨ ਦਾ ਅਪਮਾਨ ਹੈ, ਡਾਕਟਰ ਭੀਮ ਰਾਵ ਅੰਬੇਡਕਰ ਦਾ ਅਪਮਾਨ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਆਮ ਆਦਮੀ ਪਾਰਟੀ ਦੀ ਵੱਧ ਰਹੀ ਪ੍ਰਸਿੱਧੀ ਤੋਂ ਡਰੀ ਹੋਈ ਹੈ। ਕੇਜਰੀਵਾਲ ਜੀ ਜੋ ਦਿੱਲੀ ਵਿੱਚ ਚੰਗਾ ਕੰਮ ਕਰ ਰਹੇ ਹਨ, ਉਸ ਵਿੱਚ ਅੜੰਗੇ ਪਾਉਣ ਲਈ ਇਹ ਬਿੱਲ ਲਿਆਇੰਦਾ ਗਿਆ ਹੈ।

ਉੱਧਰ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਕੋਈ ਰਾਜ ਨਹੀਂ ਸਗੋਂ ਕੇਂਦਰ ਸ਼ਾਸਤ ਪ੍ਰਦੇਸ਼ ਹੈ। ਫਿਰ ਰਾਜਾਂ ਦੇ ਅਧਿਕਾਰਾਂ ਨੂੰ ਖੋਹਣ ਦੀ ਗੱਲ ਕਿੱਥੋਂ ਆਈ? ਇਹ ਵਿਵਸਥਾ ਸੰਵਿਧਾਨ ਵਿੱਚ ਹੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version