ਬਹਿਬਲ ਕਲਾਂ ਗੋਲੀਕਾਂਡ ਵਿੱਚ ਸੁਖਬੀਰ ਬਾਦਲ ਤਲਬ, 11 ਸਤੰਬਰ ਨੂੰ ਚੰਡੀਗੜ੍ਹ ਵਿੱਚ ਹੋਵੇਗੀ ਪੁੱਛਗਿੱਛ
Sukhbir Badal : ਇਸਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਬਿਆਨ ਤੋਂ ਬਾਅਦ ਸੁਖਬੀਰ ਬਾਦਲ ਨੂੰ ਐਸਆਈਟੀ ਨੇ ਸੰਮਨ ਜਾਰੀ ਕੀਤਾ ਸੀ। ਉਨ੍ਹਾਂ ਨੇ ਐਸਆਈਟੀ ਸਾਹਮਣੇ ਬਿਆਨ ਦਰਜ ਕਰਵਾਇਆ ਸੀ ਕਿ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਬਹਿਬਲ ਕਲਾਂ ਗੋਲੀ ਕਾਂਡ ਦੀ ਜ਼ਿੰਮੇਵਾਰੀ ਕਬੂਲ ਕੀਤੀ ਸੀ।
File Photo
ਵਿਸ਼ੇਸ਼ ਜਾਂਚ ਟੀਮ (SIT) ਨੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ (SAD) ਦੇ ਆਗੂ ਸੁਖਬੀਰ ਸਿੰਘ ਬਾਦਲ ਨੂੰ 2015 ਦੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਪੁੱਛਗਿੱਛ ਲਈ ਤਲਬ ਕੀਤਾ ਹੈ। ਉਨ੍ਹਾਂ ਨੂੰ 11 ਸਤੰਬਰ ਨੂੰ ਚੰਡੀਗੜ੍ਹ ਵਿੱਚ SIT ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਇਸਤੋਂ ਪਹਿਲਾਂ ਵੀ ਸੁਖਬੀਰ ਬਾਦਲ SIT ਸਾਹਮਣੇ ਪੇਸ਼ ਹੋ ਚੁੱਕੇ ਹਨ ਅਤੇ ਉਹ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਜਦੋਂ ਵੀ ਜਾਂਚ ਟੀਮ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਏਗੀ ਤਾਂ ਉਹ ਪੇਸ਼ ਹੋਣਗੇ। ਹਾਲਾਂਕਿ, ਅਕਾਲੀ ਦਲ ਸੂਬਾ ਸਰਕਾਰ ਦੇ ਕਈ ਤਰ੍ਹਾਂ ਦੇ ਆਰੋਪ ਵੀ ਲਗਾ ਰਿਹਾ ਹੈ, ਪਰ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਐਸਆਈਟੀ ਆਪਣੀ ਕਾਰਵਾਈ ਕਰ ਰਹੀ ਹੈ, ਸਰਕਾਰ ਦਾ ਇਸ ਵਿੱਚ ਕੋਈ ਹੱਥ ਨਹੀਂ ਹੈ।
ਕੀ ਹੈ ਬਹਿਬਲ ਕਲਾਂ ਮਾਮਲਾ?
ਅਕਤੂਬਰ 2015 ‘ਚ, ਪੁਲਿਸ ਨੇ ਫਰੀਦਕੋਟ ਜ਼ਿਲ੍ਹੇ ਦੇ ਬਹਿਬਲ ਕਲਾਂ ਵਿਖੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀਬਾਰੀ ਕੀਤੀ ਸੀ। ਉਸ ਸਮੇਂ, ਲੋਕ ਬਹਿਬਲ ਕਲਾਂ, ਕੋਟਕਪੂਰਾ ਤੇ ਹੋਰ ਥਾਵਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਬੰਧਤ ਬੇਅਦਬੀ ਦੀਆਂ ਘਟਨਾਵਾਂ ਦਾ ਵਿਰੋਧ ਕਰ ਰਹੇ ਸਨ। ਪੁਲਿਸ ਗੋਲੀਬਾਰੀ ‘ਚ ਦੋ ਲੋਕਾਂ ਦੀ ਜਾਨ ਚਲੀ ਗਈ, ਜਦੋਂ ਕਿ ਕਈ ਹੋਰ ਜ਼ਖਮੀ ਹੋਏ ਸਨ।
ਸੁਖਬੀਰ ਬਾਦਲ ਕੋਲ ਸੀ ਗ੍ਰਹਿ ਮੰਤਰਾਲਾ
ਘਟਨਾ ਸਮੇਂ, ਸੁਖਬੀਰ ਸਿੰਘ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਸਨ ਤੇ ਗ੍ਰਹਿ ਵਿਭਾਗ ਦਾ ਚਾਰਜ ਵੀ ਸੰਭਾਲ ਰਹੇ ਸਨ। ਕਿਉਂਕਿ ਪੁਲਿਸ ਪ੍ਰਸ਼ਾਸਨ ਗ੍ਰਹਿ ਵਿਭਾਗ ਦੇ ਅਧਿਕਾਰ ਖੇਤਰ ‘ਚ ਆਉਂਦਾ ਹੈ, ਇਸ ਲਈ ਵਿਰੋਧੀ ਪਾਰਟੀਆਂ, ਪੀੜਤਾਂ ਦੇ ਪਰਿਵਾਰਾਂ ਤੇ ਵੱਖ-ਵੱਖ ਸੰਗਠਨਾਂ ਨੇ ਗੋਲੀਬਾਰੀ ਦੀ ਘਟਨਾ ਲਈ ਤਤਕਾਲੀ ਸਰਕਾਰ ਤੇ ਇਸ ਦੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ। ਵਿਸ਼ੇਸ਼ ਜਾਂਚ ਟੀਮ (SIT) ਇਸ ਮਾਮਲੇ ਸਬੰਧੀ ਸੁਖਬੀਰ ਬਾਦਲ ਤੋਂ ਕਈ ਵਾਰ ਪੁੱਛਗਿੱਛ ਕਰ ਚੁੱਕੀ ਹੈ ਤੇ ਜਾਂਚ ਪ੍ਰਕਿਰਿਆ ਅਜੇ ਵੀ ਜਾਰੀ ਹੈ।
SAD ਦਾ ਸਿਆਸੀ ਬਦਲਾਖੋਰੀ ਦੀ ਕਾਰਵਾਈ ਦਾ ਆਰੋਪ
ਸ਼੍ਰੋਮਣੀ ਅਕਾਲੀ ਦਲ ਨੇ ਐਸਆਈਟੀ ਦੀਆਂ ਕਾਰਵਾਈਆਂ ਨੂੰ ਰਾਜਨੀਤਿਕ ਬਦਲਾਖੋਰੀ ਦੀ ਕਾਰਵਾਈ ਦੱਸਿਆ ਹੈ। ਪਾਰਟੀ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਦਾ ਬਹਿਬਲ ਕਲਾਂ ਗੋਲੀਬਾਰੀ ਦੀ ਘਟਨਾ ਨਾਲ ਕੋਈ ਸਬੰਧ ਨਹੀਂ। ਪਾਰਟੀ ਦਾ ਕਹਿਣਾ ਕਿ ਉਹ ਜਾਂਚ ਲਈ ਐਸਆਈਟੀ ਨਾਲ ਪੂਰਾ ਸਹਿਯੋਗ ਕਰਨਗੇ।
