Akali Dal: ਨਵੇਂ ਸਾਲ ਵਿੱਚ ਵੀ ਨਹੀਂ ਰੁਕੇਗੀ ਅਕਾਲੀ ਦਲ ਚ ਬਗਾਵਤ, ਸੁਖਬੀਰ ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ
ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹ ਲੱਗਣ ਤੋਂ ਬਾਅਦ ਬਾਗੀ ਧੜ੍ਹੇ ਦੀਆਂ ਨਜ਼ਰਾਂ ਇਸ ਗੱਲ ਉੱਪਰ ਟਿਕੀਆਂ ਹੋਣੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਸੁਖਬੀਰ ਬਾਦਲ ਵੱਲੋਂ ਦਿੱਤਾ ਗਿਆ ਅਸਤੀਫਾ ਕਦੋਂ ਮਨਜ਼ੂਰ ਕੀਤਾ ਜਾਵੇਗਾ। ਫਿਲਹਾਲ ਬਲਵਿੰਦਰ ਸਿੰਘ ਭੂੰਦੜ ਕਾਰਜਕਾਰੀ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਨਵੇਂ ਸਾਲ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਅੰਦਰਲੀ ਬਗਾਵਤ ਸਾਂਤ ਨਹੀਂ ਹੋ ਰਹੀ। ਹਾਲਾਂਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਵਿੱਚ ਕਿਹਾ ਗਿਆ ਸੀ ਕਿ ਅਕਾਲੀ ਦਲ ਦੇ ਸਾਰੇ ਬਾਗੀ ਅਤੇ ਸੁਖਬੀਰ ਬਾਦਲ ਧੜ੍ਹੇ ਦੇ ਲੀਡਰ ਇਕੱਠੇ ਹੋਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਕੰਮ ਕਰਨਗੇ। ਪਰ ਨਵੇਂ ਸਾਲ ਦੀ ਸ਼ੁਰੂਆਤ ਨਾਲ ਹੀ ਬਾਗੀ ਲੀਡਰਾਂ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਾਗੀ ਧੜ੍ਹੇ ਦੇ ਲੀਡਰ ਜਲਦ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰ ਸਕਦੇ ਹਨ। ਜਿਸ ਵਿੱਚ ਉਹਨਾਂ ਵੱਲੋਂ ਸਿੰਘ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਜਿਸ ਵਿੱਚ ਸੁਖਬੀਰ ਸਿੰਘ ਬਾਦਲ ਦੇ ਪੈਂਡਿੰਗ ਪਏ ਅਸਤੀਫੇ ਸਬੰਧੀ ਹੁਕਮ ਦੇਣ ਦੀ ਮੰਗ ਕੀਤੀ ਜਾ ਸਕਦੀ ਹੈ।
ਦਰਅਸਲ, ਸੁਖਬੀਰ ਸਿੰਘ ਬਾਦਲ ਨੇ 16 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਨੇ ਹੁਕਮਨਾਮਾ ਜਾਰੀ ਕਰਦੇ ਹੋਏ ਕਿਹਾ ਸੀ ਕਿ ਜਿਹੜੇ ਆਗੂਆਂ ਨੇ ਅਸਤੀਫੇ ਦਿੱਤੇ ਹਨ। ਉਹਨਾਂ ਨੂੰ ਸਵੀਕਾਰ ਕਰ ਲਿਆ ਜਾਵੇ। ਇਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਜੱਥੇਦਾਰ ਨੂੰ ਅਸਤੀਫਿਆਂ ਨੂੰ ਸਵੀਕਾਰ ਕਰਨ ਸਬੰਧੀ ਸਮਾਂ ਮੰਗਿਆ ਸੀ।
ਅਕਾਲੀ ਲੀਡਰਾਂ ਵੱਲੋਂ ਹਵਾਲਾ ਦਿੱਤਾ ਗਿਆ ਸੀ ਕਿ ਅਜੇ ਨਵੇਂ ਪ੍ਰਧਾਨ ਦੀ ਚੋਣ ਕਰਨ ਵਿੱਚ ਸਮਾਂ ਲੱਗ ਜਾਵੇਗਾ। ਜਿਸ ਤੋਂ ਬਾਅਦ ਜੱਥੇਦਾਰ ਵੱਲੋਂ ਲੀਡਰਸ਼ਿਪ ਨੂੰ ਹੋਰ ਸਮਾਂ ਦੇ ਦਿੱਤਾ ਸੀ।
ਬਾਗੀ ਚਾਹੁੰਦੇ ਹਨ ਸੁਖਬੀਰ ਦਾ ਅਸਤੀਫਾ
ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜ੍ਹਾ (ਪਹਿਲਾਂ ਸੁਧਾਰ ਲਹਿਰ) ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਲਦੀ ਤੋਂ ਜਲਦੀ ਸਵੀਕਾਰ ਕਰਨ ਦੀ ਮੰਗ ਕਰ ਕਿਹਾ ਹੈ। ਕਿਉਂਕਿ ਜਦੋਂ ਤੱਕ ਸੁਖਬੀਰ ਸਿੰਘ ਦਾ ਅਸਤੀਫਾ ਮਨਜ਼ੂਰ ਨਹੀਂ ਹੁੰਦਾ ਉਦੋਂ ਤੱਕ ਉਹਨਾਂ ਦੀ ਪਕੜ ਪਾਰਟੀ ਲੀਡਰਸ਼ਿਪ ਅਤੇ ਫੈਸਲਿਆਂ ਤੇ ਬਣੀ ਰਹੇਗੀ। ਇਸ ਕਰਕੇ ਬਾਗੀ ਧੜ੍ਹਾ ਜਲਦੀ ਤੋਂ ਜਲਦੀ ਸੁਖਬੀਰ ਬਾਦਲ ਨੂੰ ਲਾਂਭੇ ਕਰਕੇ ਨਵੀਂ ਲੀਡਰਸ਼ਿਪ ਚਾਹੁੰਦਾ ਹੈ ਜਿਸ ਵਿੱਚ ਉਹਨਾਂ ਦੀ ਵੀ ਅਹਿਮ ਹਿੱਸੇਦਾਰੀ ਹੋਵੇਗੀ।
ਇਹ ਵੀ ਪੜ੍ਹੋ
ਹੁਣ ਦੇਖਣਾ ਇਹ ਹੋਵੇਗਾ ਕਿ ਬਾਗੀ ਧੜ੍ਹੇ ਦੇ ਲੀਡਰਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਆਖਿਰ ਕਦੋਂ ਮਿਲਣ ਲਈ ਸਮਾਂ ਦਿੰਦੇ ਹਨ ਅਤੇ ਕਦੋਂ ਮੁਲਾਕਾਤ ਹੁੰਦੀ ਹੈ।