ਸਟੇਟ ਹਿਊਮਨ ਰਾਈਟਸ ਦੇ ਏਆਈਜੀ ਮਾਲਵਿੰਦਰ ਗ੍ਰਿਫਤਾਰ, ਵਿਜੀਲੈਂਸ ਅਧਿਕਾਰੀਆਂ ਨਾਲ ਦੁਰਵਿਵਹਾਰ ਦਾ ਇਲਜ਼ਾਮ
ਏਆਈਜੀ 'ਤੇ ਵਿਜੀਲੈਂਸ ਹੈੱਡਕੁਆਰਟਰ 'ਤੇ ਅਧਿਕਾਰੀਆਂ ਨਾਲ ਦੁਰਵਿਵਹਾਰ ਕਰਨ ਅਤੇ ਧੱਕੇਸ਼ਾਹੀ ਕਰਨ ਦਾ ਇਲਜ਼ਾਮ ਹੈ। ਪਰਿਵਾਰਕ ਮੈਂਬਰਾਂ ਨੇ ਹੈੱਡਕੁਆਰਟਰ ਦੇ ਬਾਹਰ ਹੰਗਾਮਾ ਕੀਤਾ ਅਤੇ ਕਿਹਾ ਕਿ ਵਿਜੀਲੈਂਸ ਅਧਿਕਾਰੀ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਐਸਐਸਪੀ ਮੁਹਾਲੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਵਿਜੀਲੈਂਸ ਦੇ ਡੀਐਸਪੀ ਵਰਿੰਦਰ ਸਿੰਘ ਦੀ ਸ਼ਿਕਾਇਤ ਤੇ ਮਾਲਵਿੰਦਰ ਸਿੰਘ ਦੇ ਖਿਲਾਫ ਇਹ ਕਾਰਾਵਈ ਕੀਤੀ ਗਈ ਹੈ।
ਪੰਜਾਬ ਨਿਊਜ। ਪੰਜਾਬ ਪੁਲਿਸ ਦੇ ਵਧੀਕ ਇੰਸਪੈਕਟਰ ਜਨਰਲ ਆਫ਼ ਪੁਲਿਸ (ਏਆਈਜੀ) ਮਨੁੱਖੀ ਅਧਿਕਾਰ ਮਾਲਵਿੰਦਰ ਸਿੰਘ ਸਿੱਧੂ (Malvinder Singh Sidhu) ਨੂੰ ਮੁਹਾਲੀ ਪੁਲਿਸ ਨੇ ਬੁੱਧਵਾਰ ਦੇਰ ਸ਼ਾਮ ਵਿਜੀਲੈਂਸ ਹੈੱਡਕੁਆਰਟਰ ਤੋਂ ਗ੍ਰਿਫਤਾਰ ਕੀਤਾ ਹੈ। ਉਸ ‘ਤੇ ਵਿਜੀਲੈਂਸ ਹੈੱਡਕੁਆਰਟਰ ਵਿਖੇ ਅਧਿਕਾਰੀਆਂ ਨਾਲ ਦੁਰਵਿਵਹਾਰ ਕਰਨ ਅਤੇ ਧੱਕਾ-ਮੁੱਕੀ ਕਰਕੇ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਦਾ ਦੋਸ਼ ਹੈ। ਉਨ੍ਹਾਂ ਨੇ ਕੁਝ ਦਸਤਾਵੇਜ਼ਾਂ ਨੂੰ ਵੀ ਨੁਕਸਾਨ ਪਹੁੰਚਾਇਆ।
ਐੱਸਐੱਸਪੀ (SSP) ਮੁਹਾਲੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਵਿਜੀਲੈਂਸ ਦੇ ਡੀਐਸਪੀ ਵਰਿੰਦਰ ਸਿੰਘ ਦੀ ਸ਼ਿਕਾਇਤ ਤੇ ਫੇਜ਼-8 ਵਿੱਚ ਏਆਈਜੀ ਖ਼ਿਲਾਫ਼ ਆਈਪੀਸੀ ਦੀ ਕੇਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਨੇ ਹੈੱਡਕੁਆਰਟਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਇਲਜ਼ਾਮ ਸੀ ਕਿ ਏਆਈਜੀ ਨੂੰ ਸਵੇਰੇ ਪੁੱਛਗਿੱਛ ਲਈ ਬੁਲਾਇਆ ਗਿਆ ਅਤੇ ਸ਼ਾਮ ਤੱਕ ਰਿਹਾਅ ਨਹੀਂ ਕੀਤਾ ਗਿਆ। ਉਨ੍ਹਾਂ ਦੇ ਫੋਨ ਵੀ ਬੰਦ ਰਹੇ। ਉਨ੍ਹਾਂ ਕਿਹਾ ਕਿ ਏਆਈਜੀ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ
ਵਿਜੀਲੈਂਸ ਬਿਊਰੋ ਲੰਬੇ ਸਮੇਂ ਤੋਂ ਏਆਈਜੀ ਮਾਲਵਿੰਦਰ ਸਿੰਘ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਅਤੇ ਫਿਰੌਤੀ ਨਾਲ ਸਬੰਧਤ ਸ਼ਿਕਾਇਤਾਂ ਦੀ ਜਾਂਚ ਕਰ ਰਿਹਾ ਸੀ। ਬੁੱਧਵਾਰ ਨੂੰ ਵਿਜੀਲੈਂਸ ਨੇ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਜਦੋਂ ਏਆਈਜੀ ਵਿਜੀਲੈਂਸ (Vigilance) ਹੈੱਡਕੁਆਰਟਰ ਪੁੱਜੇ ਤਾਂ ਉਥੇ ਤਾਇਨਾਤ ਅਧਿਕਾਰੀਆਂ ਨੇ ਕਿਹਾ ਕਿ ਉਹ ਪੁੱਛ-ਪੜਤਾਲ ਦੌਰਾਨ ਫ਼ੋਨ ਨਾਲ ਨਹੀਂ ਲੈ ਸਕਦਾ, ਹਾਲਾਂਕਿ ਉਨ੍ਹਾਂ ਕੋਲ ਦੋ ਫ਼ੋਨ ਸਨ। ਇਹ ਸੁਣ ਕੇ ਏਆਈਜੀ ਉਨ੍ਹਾਂ ਅਫ਼ਸਰਾਂ ਤੇ ਗੁੱਸੇ ਵਿੱਚ ਆ ਗਏ। ਉਨ੍ਹਾਂ ਦਲੀਲ ਦਿੱਤੀ ਕਿ ਉਹ ਐਸਐਸਪੀ ਪੱਧਰ ਦਾ ਅਧਿਕਾਰੀ ਹੈ। ਜਾਂਚ ਦੌਰਾਨ ਉਹ ਫੋਨ ਆਪਣੇ ਨਾਲ ਲੈ ਜਾ ਸਕਦਾ ਹੈ ਪਰ ਵਿਜੀਲੈਂਸ ਅਧਿਕਾਰੀ ਅੜੇ ਰਹੇ।
ਸਥਿਤੀ ਧੱਕਾ-ਮੁੱਕੀ ਅਤੇ ਗਾਲ੍ਹਾਂ ਤੱਕ ਪਹੁੰਚ ਗਈ
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਜਾਂਚ ਪ੍ਰਭਾਵਿਤ ਹੋਵੇਗੀ। ਇਸ ਦੌਰਾਨ ਕਾਫੀ ਦੇਰ ਤੱਕ ਮਾਹੌਲ ਗਰਮ ਰਿਹਾ। ਸਥਿਤੀ ਧੱਕਾ-ਮੁੱਕੀ ਅਤੇ ਗਾਲ੍ਹਾਂ ਤੱਕ ਪਹੁੰਚ ਗਈ। ਇਸ ਦੌਰਾਨ ਡੀਐਸਪੀ ਵਰਿੰਦਰ ਸਿੰਘ ਦੀ ਐਨਕ ਦੇ ਸ਼ੀਸ਼ੇ ਵੀ ਟੁੱਟ ਗਏ। ਬਾਅਦ ਵਿੱਚ ਵਿਜੀਲੈਂਸ ਨੂੰ ਬਾਹਰ ਰੱਖੇ ਏਆਈਜੀ ਦੇ ਫੋਨ ਮਿਲੇ ਪਰ ਇਸ ਤੋਂ ਬਾਅਦ ਵਿਜੀਲੈਂਸ ਨੂੰ ਸ਼ੱਕ ਹੋਇਆ ਕਿ ਉਸ ਕੋਲ ਕੋਈ ਹੋਰ ਫੋਨ ਹੋ ਸਕਦਾ ਹੈ।
ਪੁਲਿਸ ਨੇ ਕਾਫੀ ਦੇਰ ਤੱਕ ਸਿੱਧੂ ਨੂੰ ਸਮਝਾਇਆ
ਇਲਜ਼ਾਮ ਹੈ ਕਿ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕੱਪੜਿਆਂ ‘ਚ ਛੁਪਾਇਆ ਹੋਇਆ ਰਿਕਾਰਡਰ ਮਿਲਿਆ। ਇਸ ਤੋਂ ਬਾਅਦ ਮਾਮਲਾ ਤੁਰੰਤ ਉੱਚ ਅਧਿਕਾਰੀਆਂ ਨਾਲ ਸਾਂਝਾ ਕੀਤਾ ਗਿਆ। ਇਸ ਸਬੰਧੀ ਥਾਣਾ ਫੇਜ਼-8 ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਕਾਫੀ ਦੇਰ ਤੱਕ ਉਨਾਂ ਨੂੰ ਸਮਝਾਇਆ ਪਰ ਉਹ ਨਹੀਂ ਮੰਨਿਆ। ਅਖੀਰ ਪੁਲਿਸ ਨੇ ਉਸਦੇ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਥਾਣੇ ਲੈ ਗਈ।
ਇਹ ਵੀ ਪੜ੍ਹੋ
ਵਿਜੀਲੈਂਸ ਬਿਊਰੋ ਦੇ ਏਆਈਜੀ ‘ਤੇ ਲਗਾਏ ਗੰਭੀਰ ਇਲਜ਼ਾਮ
ਝੂਠੇ ਕੇਸ ਵਿੱਚ ਫਸਾਉਣ ਦੇ ਦੋਸ਼ ਹੇਠ ਏਆਈਜੀ ਮਾਲਵਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਮੁਹਾਲੀ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ। ਜਿੱਥੇ ਉਸ ਨੇ ਵਿਜੀਲੈਂਸ ਬਿਊਰੋ ਦੇ ਏਆਈਜੀ ਮਨਮੋਹਨ ਸਿੰਘ ਦੇ ਰੀਡਰ ਰਣਜੀਤ ਸਿੰਘ ਤੇ ਦੋਸ਼ ਲਾਇਆ ਸੀ ਕਿ ਉਹ ਉਸ ਨੂੰ ਝੂਠੇ ਕੇਸ ਵਿੱਚ ਫਸਾਉਣਾ ਚਾਹੁੰਦਾ ਹੈ। ਦੂਜੇ ਪਾਸੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਅਨੁਸਾਰ ਮਾਲਵਿੰਦਰ ਸਿੰਘ ਸਿੱਧੂ ਖ਼ਿਲਾਫ਼ ਪਟਿਆਲਾ ਜ਼ਿਲ੍ਹੇ ਵਿੱਚ ਵਿਜੀਲੈਂਸ ਦੇ ਏਆਈਜੀ ਹੁੰਦਿਆਂ ਅਧਿਕਾਰੀਆਂ ਤੋਂ ਰਿਕਾਰਡ ਲੈ ਕੇ ਜਾਅਲੀ ਜਾਇਦਾਦ ਬਣਾਉਣ ਦੀ ਸੂਚਨਾ ਹੈ। ਕਈ ਅਫਸਰਾਂ ‘ਤੇ ਪ੍ਰੇਸ਼ਾਨ ਕਰਨ ਦਾ ਵੀ ਦੋਸ਼ ਹੈ। ਇਸ ਕਾਰਨ ਵਿਜੀਲੈਂਸ ਨੇ ਉਸ ਖਿਲਾਫ ਸੋਰਸ ਰਿਪੋਰਟ ਤਿਆਰ ਕਰ ਲਈ ਹੈ। ਇਹ ਡੀਜੀਪੀ ਤੋਂ ਮਨਜ਼ੂਰੀ ਲਈ ਹੈ।
ਤਿੰਨ ਵਾਰ ਜਾਂਚ ਲਈ ਬੁਲਾਇਆ ਗਿਆ
ਵਿਜੀਲੈਂਸ ਨੇ ਉਸ ਨੂੰ ਪਹਿਲਾਂ ਵੀ ਤਿੰਨ ਵਾਰ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਹੈ। ਇਸ ਦੇ ਲਈ ਉਸ ਨੂੰ ਤਿੰਨ ਵਾਰ ਸੰਮਨ ਜਾਰੀ ਕੀਤੇ ਗਏ ਸਨ ਪਰ ਉਹ ਜਾਂਚ ਵਿਚ ਸ਼ਾਮਲ ਹੋਣ ਲਈ ਨਹੀਂ ਆਇਆ। ਇਸ ਕਾਰਨ ਵਿਜੀਲੈਂਸ ਨੂੰ ਜਾਂਚ ਨੂੰ ਅੱਗੇ ਵਧਾਉਣ ਵਿੱਚ ਦਿੱਕਤ ਆ ਰਹੀ ਸੀ। ਇਸ ਦੇ ਨਾਲ ਹੀ ਏਆਈਜੀ ਸ਼ੁਰੂ ਤੋਂ ਹੀ ਆਪਣੇ ਆਪ ਨੂੰ ਬੇਕਸੂਰ ਦੱਸਦੇ ਆ ਰਹੇ ਹਨ।