ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਈ ਮੇਲ ਜ਼ਰੀਏ ਮਿਲੀ ਧਮਕੀ, ਧਮਕੀ ਦੇਣ ਵਾਲੇ ਇੱਕ ਨਾਬਾਲਗ ਗ੍ਰਿਫ਼ਤਾਰ
ਮਾਨਸਾ ਨਿਊਜ਼ : ਸਿੱਧੂ ਮੂਸੇਵਾਲਾ
(Sidhu Moosewala) ਦੇ ਮਾਤਾ ਪਿਤਾ ਨੂੰ ਈ ਮੇਲ ਜ਼ਰੀਏ ਧਮਕੀਆਂ ਦੇਣ ਵਾਲੇ ਇੱਕ ਨਾਬਾਲਗ ਨੂੰ ਮਾਨਸਾ ਪੁਲਿਸ ਨੇ ਗ੍ਰਿਫ਼ਤਾਰ ਕਰ ਮਾਮਲੇ ਦੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਨਾਨਕ ਸਿੰਘ ਨੇ ਪ੍ਰੈਸ ਕਾਨਫਰੰਸ ਕਰ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਪਿਤਾ ਨੂੰ ਧਮਕੀਆਂ ਦੇਣ ਵਾਲੇ ਰਾਜਸਥਾਨ ਦੇ 14 ਸਾਲਾ ਨਾਬਾਲਗ ਬੱਚੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ 10ਵੀਂ ਕਲਾਸ ਦਾ ਵਿਦਿਆਰਥੀ ਹੈ। ਜਿਸ ਨੂੰ ਜੁਵੇਨਾਈਲ ਕੋਰਟ ਵਿੱਚ ਪੇਸ਼ ਕਰ ਕਾਰਵਾਈ ਕੀਤੀ ਜਾ ਰਹੀ ਹੈ।
ਐਸਐਸਪੀ ਨੇ ਪ੍ਰੈਸ ਕਾਨਫਰੰਸ ਕਰ ਸਾਂਝੀ ਕੀਤੀ ਜਾਣਕਾਰੀ
ਐਸਐਸਪੀ ਨੇ ਦੱਸਿਆ ਕਿ ਹੁਣ ਤੱਕ ਪੁਲਿਸ ਵੱਲੋਂ ਬੱਬੂ ਮਾਨ, ਮਨਕੀਰਤ ਔਲਖ, ਦਿਲਪ੍ਰੀਤ ਢਿੱਲੋਂ, ਪਰਮ ਔਲਖ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਮਾਮਲੇ ਵਿੱਚ 40 ਲੋਕਾਂ ਨੂੰ ਨਾਮਜਦ ਕੀਤਾ ਗਿਆ ਹੈ। ਜਦ ਕਿ 29 ਲੋਕਾਂ ਦਾ ਚਲਾਣ ਪੇਸ਼ ਕੀਤਾ ਗਿਆ ਹੈ। ਇਸ ਮਾਮਲੇ ਨਾਲ ਸਬੰਧਿਤ 2 ਮੁਲਜ਼ਮ ਅੰਮ੍ਰਿਤਸਰ ਵਿੱਚ ਇਨਕਾਊਂਟਰ ਦੌਰਾਨ ਮਾਰੇ ਗਏ ਹਨ ਅਤੇ 6 ਵਿਦੇਸ਼ ਵਿੱਚ ਹਨ। ਜਿਨ੍ਹਾਂ ਨੂੰ ਲਿਆਉਣ ਲਈ ਕੰਮ ਤੇਜੀ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋ ਗੋਲਡੀ ਬਰਾੜ, ਸਚਿਨ ਬਿਸ਼ਨੋਈ ਵਰਗੇ
ਗੈਂਗਸਟਰਾਂ (Gangsters) ਨੂੰ ਫੜਨ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਭਰੋਸੇ ਤੋਂ ਬਾਅਦ ਸਿੱਧੂ ਦੇ ਮਾਪਿਆਂ ਨੇ ਚੁੱਕਿਆ ਧਰਨਾ
ਮਰਹੂਮ ਪੰਜਾਬੀ ਗਾਇਕ
ਸਿੱਧੂ ਮੂਸੇਵਾਲਾ ( Punjabi Singer Sidhu Moosewala)ਦਾ ਕਤਲ ਹੋਏ 10 ਮਹੀਨੇ ਬੀਤ ਚੁੱਕੇ ਹਨ ਪਰ ਹਾਲੇ ਤੱਕ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਨੂੰ ਇਨਸਾਫ਼ ਨਹੀਂ ਮਿਲਿਆ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਆਪਣੇ ਪੁੱਤਰ ਦੇ ਕਤਲ ਦੇ ਇਨਸਾਫ ਦੀ ਮੰਗ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨੇ ‘ਤੇ ਬੈਠ ਗਏ। ਧਰਨੇ ਦੀ ਸੂਚਨਾ ਮਿਲਦੇ ਹੀ
ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਪਹੁੰਚ ਗਏ। ਸਿੱਧੂ ਮੁਸੇਵਾਲਾ ਦੇ ਮਾਪਿਆਂ ਨੇ ਕੈਬਨਿਟ ਮੰਤਰੀ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੂੰ ਕਦੋ ਤੱਕ ਇਨਸਾਫ ਮਿਲੇਗਾ। ਉਨ੍ਹਾਂ ਕਿਹਾ ਕਿ 18 ਤੋਂ 28 ਫਰਵਰੀ ਤੱਕ ਉਨ੍ਹਾਂ ਨੂੰ ਤਿੰਨ ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਕੈਬਨਿਟ ਮੰਤਰੀ ਦੇ ਭਰੋਸਾ ਦੇਣ ਤੋਂ ਬਾਅਦ ਸਿੱਧੂ ਦੇ ਮਾਪਿਆਂ ਨੇ ਧਰਨਾ ਚੁੱਕ ਦਿੱਤਾ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ