Punjab By Election: ਅਕਾਲੀ ਦਲ ਨਹੀਂ ਲੜ ਰਿਹਾ ਜ਼ਿਮਨੀ ਚੋਣ… ਕੀ SAD ਦੀ ਸਿਆਸੀ ਹੋਂਦ ਨੂੰ ਬਚਾ ਸਕਣਗੀਆਂ SGPC ਚੋਣਾਂ?

Updated On: 

25 Oct 2024 11:14 AM IST

Punjab Bypoll: ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੈ। ਪਾਰਟੀ ਨੇ ਇਨ੍ਹਾਂ ਸਾਰੀਆਂ ਸੀਟਾਂ ਤੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਚੋਣਾਂ ਲੜਣ ਤੋਂ ਵੱਧ ਜਰੂਰੀ ਪਾਰਟੀ ਲਈ ਆਪਣੀ ਸਿਆਸੀ ਹੋਂਦ ਬਚਾਉਣਾ ਹੈ। ਇਸ ਕਰਕੇ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪਾਰਟੀ ਲਈ ਸਭਤੋਂ ਜਿਆਦਾ ਅਹਿਮ ਹੋ ਗਈਆਂ ਹਨ। ਇੱਥੇ ਵੀ ਅਕਾਲੀ ਦਲ ਦਾ ਸਾਹਮਣਾ ਉਸਦੇ ਆਪਣੇ ਹੀ ਬਾਗੀ ਧੜੇ ਨਾਲ ਹੋਵੇਗਾ।

Punjab By Election: ਅਕਾਲੀ ਦਲ ਨਹੀਂ ਲੜ ਰਿਹਾ ਜ਼ਿਮਨੀ ਚੋਣ... ਕੀ SAD ਦੀ ਸਿਆਸੀ ਹੋਂਦ ਨੂੰ ਬਚਾ ਸਕਣਗੀਆਂ SGPC ਚੋਣਾਂ?

ਸੁਖਬੀਰ ਸਿੰਘ ਬਾਦਲ

Follow Us On

ਇੱਕ ਵਾਰ ਨਹੀਂ…ਦੋ ਵਾਰ ਨਹੀਂ….ਸਗੋਂ ਪੰਜ-ਪੰਜ ਵਾਰ ਪੰਜਾਬ ਤੇ ਰਾਜ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਅੱਜ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਪਾਰਟੀ ਦੀ ਹਾਲਤ ਇਸ ਹੱਦ ਤੱਕ ਖਰਾਬ ਹੈ ਕਿ ਉਸਨੇ ਪੰਜਾਬ ਵਿਧਾਨ ਸਭਾ ਦੀਆਂ ਜ਼ਿਮਣੀ ਚੋਣਾਂ ਲਈ ਆਪਣੇ ਉਮੀਦਵਾਰ ਉਤਾਰਣ ਤੋਂ ਇਨਕਾਰ ਕਰ ਦਿੱਤਾ ਹੈ। ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਮਣੀ ਚੋਣਾ ਨਾ ਲੜਣ ਦੇ ਐਲਾਨ ਕੀਤਾ ਤਾਂ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਅਹੁਦੇਦਾਰਾਂ ਵੱਲੋਂ ਕਮੇਟੀ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਹੋਂਦ ਨੂੰ ਬਚਾਉਣ ਲਈ ਹੁਣ ਸ਼੍ਰੋਮਣੀ ਕਮੇਟੀ ਚੋਣਾਂ ਕਾਫੀ ਅਹਿਮ ਹੋ ਗਈਆਂ ਹਨ। ਜਦੋਂ ਤੋਂ ਅਕਾਲ ਤਖ਼ਤ ਸਾਹਿਬ ਨੇ ਪਾਰਟੀ ਦੇ ਮੁਖੀ ਰਹੇ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਹੈ, ਉਦੋਂ ਤੋਂ ਹੀ ਬਾਗੀ ਧੜਾ (ਸੁਧਾਰ ਲਹਿਰ) ਉਨ੍ਹਾਂ ਅਤੇ ਅਕਾਲੀ ਦਲ ‘ਤੇ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ। ਅਕਾਲੀ ਦਲ ਦਾ ਦਾਅਵਾ ਹੈ ਕਿ ਹੁਣ ਸਿਆਸੀ ਸਾਜ਼ਿਸ਼ਾਂ ਰਚ ਕੇ ਸ਼੍ਰੋਮਣੀ ਕਮੇਟੀ ‘ਤੇ ਵੀ ਕਬਜ਼ਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਇੱਥੋਂ ਤੱਕ ਕਿ ਪਾਰਟੀ ਦੇ ਸੀਨੀਅਰ ਆਗੂ ਡਾ: ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਸਿੰਘ ਸਾਹਿਬਾਨ ਨੂੰ ਤਨਖਾਹੀਆ ਐਲਾਨੇ ਗਏ ਸੁਖਬੀਰ ਬਾਦਲ ਨੂੰ ਰਾਹਤ ਦੇਣ ਦੀ ਕੀਤੀ ਗਈ ਅਪੀਲ ਵੀ ਬੇਅਸਰ ਹੋ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਤਨਖਾਹੀਆ ਦੀ ਤਨਖ਼ਾਹ ਦਾ ਐਲਾਨ ਨਹੀਂ ਹੁੰਦਾ, ਉਦੋਂ ਤੱਕ ਉਹ ਕਿਸੇ ਵੀ ਕੰਮ ਵਿੱਚ ਸ਼ਾਮਲ ਨਹੀਂ ਹੋ ਸਕਦੇ।

ਹਾਲਾਂਕਿ, ਇਸਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਅਕਾਲ ਤਖ਼ਤ ਸੁਖਬੀਰ ਬਾਦਲ ਨੂੰ ਚੋਣਾਂ ਲੜਣ ਦੀ ਇਜਾਜ਼ਤ ਦੇ ਦੇਵੇਗਾ ਅਤ ਉਹ ਗਿੱਦੜਬਾਹਾ ਤੋਂ ਆਪਣਾ ਭਰ੍ਹਾ ਅਤੇ ਬੀਜੇਪੀ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਤਿੱਖੀ ਚੁਣੌਤੀ ਦੇਣਗੇ। ਪਰ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਾਫ਼ ਸ਼ਬਦਾਂ ਵਿੱਚ ਇਸ ਗੱਲ ਤੋਂ ਇਨਕਾਰ ਕਰ ਦਿੱਤਾ। ਨਾਲ ਹੀ ਉਨ੍ਹਾਂ ਨੇ ਦੀਵਾਲੀ ਤੋਂ ਬਾਅਦ ਸੁਖਬੀਰ ਬਾਦਲ ਨੂੰ ਸਜ਼ਾ ਸੁਣਾਉਣ ਦਾ ਵੀ ਐਲਾਨ ਕਰ ਦਿੱਤਾ।

ਦਿਨ ਬਦਲੇ…ਹਾਲਾਤ ਬਦਲੇ

ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵਿੱਚ ਅੱਜ ਵੀ ਸੁਖਬੀਰ ਬਾਦਲ ਦੀ ਮਜ਼ਬੂਤ ​​ਪਕੜ ਹੈ, ਪਰ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ, ਕੇਂਦਰ ਦੀ ਭਾਜਪਾ ਸਰਕਾਰ ਨਾਲੋਂ ਅਕਾਲੀ ਦਲ ਦਾ ਗਠਜੋੜ ਟੁੱਟਣ ਅਤੇ ਅਕਾਲੀ ਦਲ ਸੁਧਾਰ ਲਹਿਰ ਨਾਂ ਦੇ ਬਾਗੀ ਧੜੇ ਦੇ ਤਿਆਰ ਹੋਣ ਕਰਕੇ ਇਸ ਵਾਰ ਐਸਜੀਪੀਸੀ ਚੋਣਾਂ ਨੂੰ ਲੈ ਕੇ ਹਾਲਾਤ ਬਹੁਤ ਬਦਲੇ ਹੋਏ ਨਜ਼ਰ ਆ ਰਹੇ ਹਨ।

ਸੂਬੇ ਦੀ ਸਿਆਸਤ ਚ ਐਸਜੀਪੀਸੀ ਚੋਣਾਂ ਬਹੁਤ ਅਹਿਮ

ਪੰਜਾਬ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਇਸ ਲਈ ਵੀ ਬਹੁਤ ਅਹਿਮ ਹਨ ਕਿਉਂਕਿ ਇਹ ਸਿੱਖ ਬਹੁਲਤਾ ਵਾਲਾ ਸੂਬਾ ਹੈ ਅਤੇ ਇੱਥੇ ਪੰਥਕ ਮੁੱਦਿਆਂ ਦੀ ਆਪਣੀ ਅਹਿਮੀਅਤ ਹੈ। ਸ਼੍ਰੋਮਣੀ ਅਕਾਲੀ ਦਲ ਦਾ ਜਨਮ ਪੰਥਕ ਮੁੱਦਿਆਂ ਅਤੇ ਸਿੱਖ ਕੌਮ ਦੇ ਅਧਿਕਾਰਾਂ ਦੀ ਉਲੰਘਣਾ ਦੀ ਰਾਖੀ ਲਈ ਹੀ ਹੋਇਆ ਸੀ। ਅਜਿਹੀ ਸਥਿਤੀ ਵਿੱਚ ਜੇਕਰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਚੋਣਾਂ ਤੋਂ ਦੂਰੀ ਬਣਾ ਕੇ ਰੱਖਦਾ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੋਣਾਂ ਵਿੱਚ ਆਪਣੀ ਭਰੋਸੇਯੋਗਤਾ ਸਾਬਤ ਨਹੀਂ ਕਰ ਸਕਿਆ ਤਾਂ ਸੂਬੇ ਵਿੱਚ ਅਕਾਲੀ ਦਲ ਦੀ ਸਿਆਸੀ ਹੋਂਦ ਵੀ ਖ਼ਤਮ ਹੋ ਜਾਵੇਗੀ। ਅਸਲ ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਸੂਬੇ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਹੀ ਨਤੀਜਾ ਹੈ ਕਿ ਅੱਜ ਅਕਾਲੀ ਦਲ ਸੂਬੇ ਵਿੱਚ ਵੋਟ ਬੈਂਕ ਦੀ ਰਾਜਨੀਤੀ ਵਿੱਚ ਭਾਜਪਾ ਨਾਲੋਂ ਵੀ ਕਾਫੀ ਪਛੜ ਗਿਆ ਹੈ।

ਅਕਾਲੀ ਦਲ ਦਾ ਦਾਅਵਾ, SGPC ‘ਤੇ ਕਬਜ਼ਾ ਕਰਨ ਦੀ ਤਿਆਰੀ

ਪਾਰਟੀ ਦੇ ਸੀਨੀਅਰ ਆਗੂ ਡਾ: ਦਲਜੀਤ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਐਸਜੀਪੀਸੀ ਨਾਲ ਜੁੜੇ ਲੋਕਾਂ ਤੋਂ ਕੁਝ ਅਜਿਹੇ ਤੱਥ ਮਿਲੇ ਹਨ, ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਕੇਂਦਰ ਦੀ ਭਾਜਪਾ, ਆਰਐਸਐਸ ਅਤੇ ਆਮ ਆਦਮੀ ਪਾਰਟੀ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਕਰਕੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨ ਦੀ ਤਿਆਰੀ ਵਿੱਚ ਹੈ। ਸ਼੍ਰੋਮਣੀ ਕਮੇਟੀ ਚੋਣਾਂ ਲਈ ਬਾਗੀ ਧੜੇ ਸੁਧਾਰ ਲਹਿਰ ਵੱਲੋਂ ਪ੍ਰਸਤਾਵਿਤ ਬੀਬੀ ਜਗੀਰ ਕੌਰ ਨੂੰ ਕੇਂਦਰ ਅਤੇ ਆਪ ਦੋਵੇਂ ਮਿਲ ਕੇ ਸਮਰਥਨ ਦੇ ਰਹੇ ਹਨ, ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ। ਜਥੇਦਾਰ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਦਾ ਫੈਸਲਾ ਦੀਵਾਲੀ ਤੋਂ ਬਾਅਦ ਲੈਣ ਦੇ ਐਲਾਨ ਨੇ ਸੂਬੇ ਦੀਆਂ ਉਪ ਚੋਣਾਂ ਨੂੰ ਲੈ ਕੇ ਅਕਾਲੀ ਦਲ ਦਾ ਰਾਹ ਹੋਰ ਵੀ ਔਖਾ ਬਣਾ ਦਿੱਤਾ।