ਪਾਕਿਸਤਾਨ ‘ਚ ਗ੍ਰਿਫ਼ਤਾਰ ਸ਼ਰਨਦੀਪ ਨਹੀਂ ਆਉਣਾ ਚਾਹੁੰਦਾ ਵਾਪਸ ਪੰਜਾਬ, ਯੂਟਿਊਬਰ ਨਾਸਿਰ ਢਿੱਲੋਂ ਦਾ ਵੱਡਾ ਦਾਅਵਾ
Nasir Dhillon on Sharan Deep Singh: ਇਸ ਮਾਮਲੇ ਵਿੱਚ ਪਾਕਿਸਤਾਨੀ ਯੂਟਿਊਬਰ ਨਾਸਿਰ ਢਿੱਲੋਂ ਸ਼ਰਨ ਦੀਪ ਦੀ ਮਦਦ ਲਈ ਅੱਗੇ ਆਏ। ਨਾਸਿਰ ਨੇ ਲਾਹੌਰ ਦੇ ਮਸ਼ਹੂਰ ਵਕੀਲ ਐਡਵੋਕੇਟ ਬਾਜਵਾ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਐਡਵੋਕੇਟ ਬਾਜਵਾ ਨੇ ਸ਼ਰਨ ਦੀਪ ਸਿੰਘ ਦਾ ਕੇਸ ਲੜਨ ਦਾ ਫੈਸਲਾ ਕੀਤਾ। ਅੱਜ ਨਾਸਿਰ ਢਿੱਲੋਂ ਅਤੇ ਐਡਵੋਕੇਟ ਬਾਜਵਾ ਵੱਲੋਂ ਕਸੂਰ ਥਾਣੇ ਪਹੁੰਚ ਕੇ ਦਰਜ ਕੀਤੀ ਗਈ ਐਫ਼ਆਈਆਰ ਦੀ ਜਾਂਚ ਕੀਤੀ ਗਈ।
Nasir dhillon
ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਇਲਾਕੇ ਦੇ ਪਿੰਡ ਭੋਏਪੁਰ ਦਾ ਰਹਿਣ ਵਾਲਾ ਸ਼ਰਨ ਦੀਪ ਸਿੰਘ ਕੁਝ ਦਿਨ ਪਹਿਲਾਂ ਤਰਨ ਤਾਰਨ ਦੇ ਬਾਰਡਰ ਇਲਾਕੇ ਰਾਹੀਂ ਗਲਤੀ ਨਾਲ ਪਾਕਿਸਤਾਨ ਵਿੱਚ ਦਾਖ਼ਲ ਹੋ ਗਿਆ ਸੀ। ਇਸ ਦੌਰਾਨ ਪਾਕਿਸਤਾਨ ਰੇਂਜਰਜ਼ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਾਕਿਸਤਾਨ ਰੇਂਜਰਜ਼ ਵੱਲੋਂ ਕੀਤੀ ਗਈ ਸ਼ੁਰੂਆਤੀ ਪੁੱਛਗਿੱਛ ਦੌਰਾਨ ਸ਼ਰਨ ਦੀਪ ਸਿੰਘ ਕੋਲੋਂ ਕੋਈ ਵੀ ਸ਼ੱਕੀ ਸਮੱਗਰੀ ਜਾਂ ਗਤੀਵਿਧੀ ਸਾਹਮਣੇ ਨਹੀਂ ਆਈ। ਇਸ ਤੋਂ ਬਾਅਦ ਰੇਂਜਰਜ਼ ਨੇ ਉਸ ਨੂੰ ਕਸੂਰ ਥਾਣੇ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿੱਥੇ ਸ਼ਰਨ ਦੀਪ ਦੇ ਖ਼ਿਲਾਫ਼ ਐਫ਼ਆਈਆਰ ਦਰਜ ਕੀਤੀ ਗਈ।
ਨਾਸਿਰ ਢਿੱਲੋਂ ਬਣੇ ਮਦਦਗਾਰ, ਵਕੀਲ ਨੇ ਲਿਆ ਕੇਸ
ਇਸ ਮਾਮਲੇ ਵਿੱਚ ਪਾਕਿਸਤਾਨੀ ਯੂਟਿਊਬਰ ਨਾਸਿਰ ਢਿੱਲੋਂ ਸ਼ਰਨ ਦੀਪ ਦੀ ਮਦਦ ਲਈ ਅੱਗੇ ਆਏ। ਨਾਸਿਰ ਨੇ ਲਾਹੌਰ ਦੇ ਮਸ਼ਹੂਰ ਵਕੀਲ ਐਡਵੋਕੇਟ ਬਾਜਵਾ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਐਡਵੋਕੇਟ ਬਾਜਵਾ ਨੇ ਸ਼ਰਨ ਦੀਪ ਸਿੰਘ ਦਾ ਕੇਸ ਲੜਨ ਦਾ ਫੈਸਲਾ ਕੀਤਾ। ਅੱਜ ਨਾਸਿਰ ਢਿੱਲੋਂ ਅਤੇ ਐਡਵੋਕੇਟ ਬਾਜਵਾ ਵੱਲੋਂ ਕਸੂਰ ਥਾਣੇ ਪਹੁੰਚ ਕੇ ਦਰਜ ਕੀਤੀ ਗਈ ਐਫ਼ਆਈਆਰ ਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਦੋਹਾਂ ਨੇ ਜੇਲ੍ਹ ਵਿੱਚ ਬੰਦ ਸ਼ਰਨ ਦੀਪ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਸ ਦੀ ਜਮਾਨਤ ਲਈ ਜ਼ਰੂਰੀ ਦਸਤਾਵੇਜ਼ ਤਿਆਰ ਕੀਤੇ ਗਏ, ਜਿਨ੍ਹਾਂ ਤੇ ਸ਼ਰਨ ਦੀਪ ਦੇ ਦਸਤਖ਼ਤ ਲਏ ਗਏ।
15 ਦਿਨਾਂ ਵਿੱਚ ਜਮਾਨਤ ਦੀ ਸੰਭਾਵਨਾ
ਨਾਸਿਰ ਢਿੱਲੋਂ ਨੇ ਦੱਸਿਆ ਕਿ ਸ਼ਰਨ ਦੀਪ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਲਗਭਗ 15 ਦਿਨਾਂ ਵਿੱਚ ਜਮਾਨਤ ਤੇ ਜੇਲ੍ਹ ਤੋਂ ਬਾਹਰ ਆ ਸਕਦਾ ਹੈ, ਪਰ ਉਸ ਦੀ ਭਾਰਤ ਅਤੇ ਪੰਜਾਬ ਵਾਪਸੀ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਇਸ ਦੌਰਾਨ ਨਾਸਿਰ ਢਿੱਲੋਂ ਨੇ ਇੱਕ ਹੈਰਾਨੀਜਨਕ ਖੁਲਾਸਾ ਕਰਦੇ ਹੋਏ ਦੱਸਿਆ ਕਿ ਸ਼ਰਨ ਦੀਪ ਸਿੰਘ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਉਹ ਪੰਜਾਬ ਵਾਪਸ ਨਹੀਂ ਜਾਣਾ ਚਾਹੁੰਦਾ। ਸ਼ਰਨ ਦੀਪ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਉਸ ਦੇ ਖ਼ਿਲਾਫ਼ ਪਹਿਲਾਂ ਤੋਂ ਹੀ ਕਈ ਕੇਸ ਦਰਜ ਹਨ ਅਤੇ ਕੁਝ ਲੋਕਾਂ ਨਾਲ ਉਸ ਦੀ ਪੁਰਾਣੀ ਰੰਜਿਸ਼ ਵੀ ਚੱਲ ਰਹੀ ਹੈ।
ਜਲੰਧਰ ਵਿੱਚ ਹੋ ਚੁੱਕਾ ਹੈ ਹਮਲਾ
ਸ਼ਰਨ ਦੀਪ ਸਿੰਘ ਨੇ ਦੱਸਿਆ ਕਿ ਜਾਲੰਧਰ ਵਿੱਚ ਪਹਿਲਾਂ ਉਸ ਤੇ ਹਮਲਾ ਵੀ ਹੋ ਚੁੱਕਾ ਹੈ, ਜਿਸ ਦੌਰਾਨ ਹਮਲਾਵਰਾਂ ਨੇ ਉਸਦੇ ਹੱਥ ਦੀ ਕਲਾਈ ਤੱਕ ਤੋੜ ਦਿੱਤੀ ਸੀ। ਉਸਦਾ ਕਹਿਣਾ ਹੈ ਕਿ ਜੇਕਰ ਉਹ ਮੁੜ ਪੰਜਾਬ ਆਇਆ ਤਾਂ ਉਸਦੀ ਜਾਨ ਨੂੰ ਗੰਭੀਰ ਖ਼ਤਰਾ ਹੋ ਸਕਦਾ ਹੈ। ਸ਼ਰਨ ਦੀਪ ਸਿੰਘ ਨੇ ਨਾਸਿਰ ਢਿੱਲੋਂ ਕੋਲ ਅਪੀਲ ਕੀਤੀ ਹੈ ਕਿ ਉਸ ਨੂੰ ਪਾਕਿਸਤਾਨ ਵਿੱਚ ਹੀ ਰਹਿਣ ਦੀ ਇਜਾਜ਼ਤ ਦਿਵਾਈ ਜਾਵੇ, ਕਿਉਂਕਿ ਉਹ ਆਪਣੇ ਆਪ ਨੂੰ ਉੱਥੇ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦਾ ਹੈ।
