ਸ਼ਹੀਦ ਭਗਤ ਸਿੰਘ ਨਗਰ: ਪ੍ਰਸ਼ਾਸਨ ਨੇ ਅਖ਼ਬਾਰ ਵੰਡਣ ਵਾਲਿਆਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ, ਸਨਮਾਨ ਮਿਲਣ ਤੇ ਭਾਵੁਕ ਹੋਏ ਹਾਕਰਸ

Updated On: 

29 Oct 2024 13:26 PM IST

Shaheed Udham Nagar News: ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਸਿਰੜੀ, ਅਣਥੱਕ ਤੇ ਮਿਹਨਤੀ ਵਿਅਕਤੀਆਂ ਦਾ ਮੁੱਖ ਧਰਮ ਇਨ੍ਹਾਂ ਦੀ ਮਿਹਨਤ ਹੀ ਹੈ। ਉਨ੍ਹਾਂ ਬਾਕੀ ਲੋਕਾਂ ਨੂੰ ਵੀ ਇਨ੍ਹਾਂ ਦੀ ਮਿਹਨਤ ਤੇ ਸਿਰੜ ਤੋਂ ਪ੍ਰੇਰਿਤ ਹੋਣ ਦਾ ਸੱਦਾ ਦਿੱਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕੋਈ ਦਾਨ-ਦਿਖਾਵਾ ਨਹੀਂ ਹੈ, ਸਗੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੀ ਮਿਹਨਤ ਅਤੇ ਇਮਾਨਦਾਰੀ ਦੇ ਜਜ਼ਬੇ ਨੂੰ ਸਲਾਮ ਕਰਨ ਦਾ ਛੋਟੀ ਜਿਹੀ ਕੋਸ਼ਿਸ਼ ਹੈ।

ਸ਼ਹੀਦ ਭਗਤ ਸਿੰਘ ਨਗਰ:  ਪ੍ਰਸ਼ਾਸਨ ਨੇ ਅਖ਼ਬਾਰ ਵੰਡਣ ਵਾਲਿਆਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ, ਸਨਮਾਨ ਮਿਲਣ ਤੇ ਭਾਵੁਕ ਹੋਏ ਹਾਕਰਸ

ਜ਼ਿਲ੍ਹਾ ਪ੍ਰਸ਼ਾਸਨ ਨੇ ਅਖ਼ਬਾਰਾਂ ਵੰਡਣ ਵਾਲਿਆਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ

Follow Us On

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਅਗਵਾਈ ਵਿਚ ਇਕ ਅਹਿਮ ਉਪਰਾਲੇ ਤਹਿਤ ਜ਼ਿਲ੍ਹੇ ਦੇ ਅਖ਼ਬਾਰਾਂ ਵੰਡਣ ਵਾਲੇ ਹਾਕਰਾਂ ਦੀ ਮਿਹਨਤ ਨੂੰ ਸਲਾਮ ਕਰਦਿਆਂ ਉਨ੍ਹਾਂ ਨੂੰ ਦੀਵਾਲੀ ਦਾ ਤੋਹਫ਼ੇ ਵਜੋਂ ਨਵੇਂ ਸਾਈਕਲ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਗਲਵਾਰ ਨੂੰ ਆਈਟੀਆਈ ਗਰਾਊਂਡ ਨਵਾਂਸ਼ਹਿਰ ਵਿਖੇ ਪਹਿਲੀ ਵਾਰ ਮਿਲੇ ਅਜਿਹੇ ਮਾਣ-ਸਨਮਾਨ ਕਾਰਨ ਬਹੁਤ ਸਾਰੇ ਹਾਕਰ ਖੁਸ਼ੀ ਨਾਲ ਭਾਵੁਕ ਹੋ ਗਏ।

‘ਨਵੀਂ ਉਡਾਣ – ਸੂਚਨਾ ਦੀ ਸਵਾਰੀ’ ਮਾਟੋ ਤਹਿਤ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਮੌਕੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਿਹਾ ਕਿ ਅਖ਼ਬਾਰ ਵੰਡਣ ਵਾਲੇ ਲੋਕ ਬਿਨਾਂ ਛੁੱਟੀ ਦੇ ਸਵੇਰੇ ਤੜਕੇ ਚਾਰ ਵਜੇ ਦੇ ਕਰੀਬ ਉੱਠ ਕੇ ਆਪਣੇ ਨਿੱਜੀ ਸੁੱਖ ਨੂੰ ਛੱਡ ਕੇ ਅੱਤ ਦੀ ਸਰਦੀ, ਗਰਮੀ ਤੇ ਖਰਾਬ ਮੌਸਮ ਵਿਚ ਵੀ ਘਰਾਂ-ਦਫ਼ਤਰਾਂ ਤਕ ਬਿਨਾਂ ਨਾਗਾ ਅਖ਼ਬਾਰਾਂ ਪਹੁੰਚਾਉਣ ਦਾ ਕੰਮ ਕਰਦੇ ਹਨ। ਪਰ ਲੋਕਾਂ ਨੂੰ ਇਨ੍ਹਾਂ ਦੇ ਨਾਂ ਤੱਕ ਦਾ ਵੀ ਪਤਾ ਨਹੀਂ ਹੁੰਦਾ।

ਸਨਮਾਨ ਕਰਨ ਦਾ ਮਕਸਦ ਹਾਕਰਾਂ ਦਾ ਹੌਸਲਾ ਵਧਾਉਣਾ ਹੈ – ਡੀਸੀ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਮਿਹਨਤੀ ਲੋਕਾਂ ਦਾ ਸਨਮਾਨ ਕਰਨ ਦਾ ਮਕਸਦ ਉਨ੍ਹਾਂ ਨੂੰ ਹੌਸਲਾ ਤੇ ਹੱਲਾਸ਼ੇਰੀ ਦੇ ਨਾਲ ਸਤਿਕਾਰ ਦੇਣਾ ਵੀ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਦਿੰਦਿਆਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਦੱਸ ਦੇਈਏ ਕਿ ਸਨਮਾਨਿਤ ਕੀਤੇ ਗਏ ਹਾਕਰ ਕਈ ਸਾਲਾਂ ਤੋਂ ਲਗਾਤਾਰ ਰੋਜ਼ਾਨਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਇਲਾਕਿਆਂ ਦੇ ਘਰਾਂ ਵਿਚ ਅਖ਼ਬਾਰ ਦੇਣ ਦਾ ਕੰਮ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਪਹਿਲੀ ਵਾਰ ਮਿਲੇ ਇਸ ਸਨਮਾਨ ਨਾਲ ਉਨ੍ਹਾਂ ਨੂੰ ਨਵੀਂ ਉਡਾਣ ਮਿਲੀ ਹੈ।

ਹਾਕਰਾਂ ਨੇ ਸਾਂਝੇ ਕੀਤੇ ਤਜ਼ਰਬੇ

ਅਖ਼ਬਾਰਾਂ ਵੰਡਣ ਦੇ ਕਈ ਸਾਲਾਂ ਦੇ ਤਜ਼ਰਬੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਲਈ ਅੱਜ ਖੁਸ਼ੀਆਂ ਭਰਿਆ ਦਿਨ ਅਤੇ ਮਾਣ ਵਾਲੇ ਪਲ ਹਨ। ਉਨ੍ਹਾਂ ਇਸ ਉੱਦਮ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ। ਅਚਾਨਕ ਮਿਲੇ ਇਸ ਸਨਮਾਨ ਤੋਂ ਬਾਅਦ ਜਿਆਦਾਤਰ ਹਾਕਰ ਕਾਫੀ ਭਾਵੁਕ ਨਜ਼ਰ ਆਏ। ਪ੍ਰਸ਼ਾਸਨ ਨੇ ਇਸ ਮੌਕੇ 35 ਨਿਊਜ਼ਪੇਪਰ ਹਾਕਰਾਂ ਨੂੰ ਸਨਮਾਨਿਤ ਕੀਤਾ।

ਇਸ ਮੌਕੇ ਵਿਧਾਇਕ ਬੰਗਾ ਡਾ. ਸੁਖਵਿੰਦਰ ਸਿੰਘ ਸੁੱਖੀ, ‘ਆਪ’ ਆਗੂ ਲਲਿਤ ਮੋਹਨ ਪਾਠਕ ਬੱਲੂ, ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਐਸ.ਡੀ.ਐਮ ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ ਅਤੇ ਹੋਰ ਹਾਜ਼ਰ ਸਨ।