International Women Day: ਕੌਮਾਂਤਰੀ ਮਹਿਲਾ ਦਿਵਸ ‘ਤੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੈਮੀਨਾਰ
Womens Day: ਕੌਮਾਂਤਰੀ ਮਹਿਲਾ ਦਿਹਾੜੇ ਮੌਕੇ 'ਤੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੈਮੀਨਾਰ ਕਰਵਾਇਆ ਗਿਆ। ਮਹਿਲਾ ਤੇ ਬਾਲ ਭਲਾਈ ਸੰਸਥਾ ਪੰਜਾਬ ਦੇ ਸਹਿਯੋਗ ਨਾਲ ਇਸ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ 'ਚ ਔਰਤਾਂ ਨੇ ਸ਼ਮੂਲੀਅਤ ਕੀਤੀ। ਔਰਤਾਂ ਦੀ ਅਜੋਕੀ ਸਥਿਤੀ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਗਿਆ।
ਬਠਿੰਡਾ ਨਿਊਜ: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਕੌਮਾਂਤਰੀ ਮਹਿਲਾ ਦਿਹਾੜੇ (International Women Day) ਮੌਕੇ ‘ਤੇ ਸੈਮੀਨਾਰ ਕਰਵਾਇਆ ਗਿਆ। ਮਹਿਲਾ ਤੇ ਬਾਲ ਭਲਾਈ ਸੰਸਥਾ ਪੰਜਾਬ ਦੇ ਸਹਿਯੋਗ ਨਾਲ ਟੀਚਰਜ਼ ਹੋਮ ਬਠਿੰਡਾ ਵਿਖੇ ਯੂਨੀਅਨ ਦੇ ਕੌਮੀ ਪ੍ਰਧਾਨ ਅਤੇ ਸੰਸਥਾ ਦੀ ਚੇਅਰਪਰਸਨ ਹਰਗੋਬਿੰਦ ਕੌਰ ਦੀ ਅਗਵਾਈ ਹੇਠਾਂ ਇਸ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ‘ਚ ਔਰਤਾਂ ਨੇ ਸ਼ਮੂਲੀਅਤ ਕੀਤੀ। ਸੈਮੀਨਾਰ ਵਿਚ ਔਰਤਾਂ ਦੀ ਅਜੋਕੀ ਸਥਿਤੀ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਗਿਆ।
ਗੁਲਾਮੀ ਦਾ ਜੀਵਨ ਜਿਉਣ ਲਈ ਮਜ਼ਬੂਰ ਹਨ ਔਰਤਾਂ
ਹਰਗੋਬਿੰਦ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ ਭਾਵੇਂ 75 ਸਾਲ ਬੀਤ ਚੁੱਕੇ ਹਨ , ਪਰ ਅਜੇ ਤੱਕ ਵੀ ਔਰਤਾਂ ਨੂੰ ਬਣਦਾ ਮਾਣ ਸਤਿਕਾਰ, ਨਿਆਂ ਅਤੇ ਬਰਾਬਰਤਾ ਦਾ ਹੱਕ ਨਹੀਂ ਮਿਲ ਰਿਹਾ। ਸਗੋਂ ਅਨੇਕਾਂ ਔਰਤਾਂ ਇਨਸਾਫ਼ ਲੈਣ ਲਈ ਦਰ ਦਰ ਭੜਕਦੀਆਂ ਫਿਰਦੀਆਂ ਹਨ। ਅਤੇ ਜਲਾਲਤਾ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਬਹੁਤ ਸਾਰੀਆਂ ਔਰਤਾਂ ਘਰੇਲੂ ਹਿੰਸਾ (Domestic Violence) ਦਾ ਸ਼ਿਕਾਰ ਹੋ ਰਹੀਆਂ ਹਨ। ਅਤੇ ਉਨ੍ਹਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ। ਮਹਿਲਾਂ ਨੂੰ ਕੁੱਟਿਆ ਮਾਰਿਆ ਜਾਂਦਾ ਹੈ ਤੇ ਘਰਾਂ ‘ਚੋਂ ਕੱਢ ਦਿੱਤਾ ਜਾਂਦਾ ਹੈ। ਅਜਿਹੀਆਂ ਔਰਤਾਂ ਦੀ ਅਪੀਲ ਦਲੀਲ ਸੁਣਨ ਵਾਲਾ ਵੀ ਕੋਈ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਤਾਂ ਮਾਣ ਸਤਿਕਾਰ ਦੀਆਂ ਗੱਲ੍ਹਾਂ ਤਾਂ ਕਰਦੀਆਂ ਹਨ ਪਰ ਜਮੀਨੀ ਹਕੀਕਤ ਕੁਝ ਹੋਰ ਹੀ ਹੈ। ਆਪਣੇ ਹੱਕਾਂ ਲਈ ਧਰਨੇ ਪ੍ਰਦਰਸ਼ਨ ਕਰਨ ਵਾਲੀਆਂ ਔਰਤਾਂ ‘ਤੇ ਪੁਲਿਸ ਪ੍ਰਸ਼ਾਸਨ ਡੰਡੇ ਵਰਾਉਂਦਾ ਹੈ। ਛੋਟੀਆਂ ਬੱਚੀਆਂ ਨਾਲ ਵੀ ਬਲਾਤਕਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੇ ਇਥੋਂ ਤੱਕ ਕਿ ਬਲਾਤਕਾਰ ਕਰਨ ਤੋਂ ਬਾਅਦ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ।
ਔਰਤਾਂ ਨੂੰ ਨਹੀਂ ਮਿਲ ਰਿਹਾ ਬਣਦਾ ਹੱਕ
ਹਰਗੋਬਿੰਦ ਕੌਰ ਨੇ ਕਿਹਾ ਕਿ ਔਰਤਾਂ ਅੱਜ ਹਰ ਖੇਤਰ ਵਿੱਚ ਬਹੁਤ ਅੱਗੇ ਨਿਕਲ ਚੁੱਕੀਆਂ ਹਨ ਅਤੇ ਚੰਨ ਤਾਰਿਆਂ ‘ਤੇ ਉੱਡ ਰਹੀਆਂ ਹਨ । ਪਰ ਮਰਦ ਪ੍ਰਧਾਨ ਸਮਾਜ ਫੇਰ ਵੀ ਉਹਨਾਂ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਨਾ ਚਾਹੁੰਦਾ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਕੋਲ ਬਹੁਤ ਸਾਰੀਆਂ ਪੀੜਤ ਔਰਤਾਂ ਆਉਂਦੀਆਂ ਹਨ ‘ਤੇ ਦੁੱਖੜੇ ਦੱਸਦੀਆਂ ਹਨ। ਸੰਸਥਾ ਵੱਲੋਂ ਹੁਣ ਤੱਕ ਸੈਂਕੜੇ ਔਰਤਾਂ ਨੂੰ ਨਿਆਂ ਅਤੇ ਇਨਸਾਫ਼ (Justice) ਦਵਾਇਆ ਗਿਆ ਹੈ। ਸੈਮੀਨਾਰ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਔਰਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਔਰਤਾਂ ਦੇ ਹੱਕਾਂ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਤੇ ਸੰਸਥਾਵਾਂ ਨਾਲ ਜੁੜਨਾ ਤਾਂ ਕਿ ਉਹਨਾਂ ਨੂੰ ਪੂਰਾ ਮਾਣ ਸਤਿਕਾਰ, ਨਿਆਂ ਤੇ ਹੱਕ ਮਿਲ ਸਕੇ । ਇਸ ਮੌਕੇ ਛਿੰਦਰਪਾਲ ਕੌਰ ਥਾਂਦੇਵਾਲਾ , ਗੁਰਮੀਤ ਕੌਰ ਗੋਨੇਆਣਾ , ਬਲਵੀਰ ਕੌਰ ਮਾਨਸਾ , ਰੇਸ਼ਮਾਂ ਰਾਣੀ ਫਾਜ਼ਿਲਕਾ , ਗੁਰਮੀਤ ਕੌਰ ਦਬੜੀਖਾਨਾ , ਛਿੰਦਰਪਾਲ ਕੌਰ ਭਗਤਾ , ਕੁਲਜੀਤ ਕੌਰ ਗੁਰੂ ਹਰਸਹਾਏ , ਛਿੰਦਰਪਾਲ ਕੌਰ ਜਲਾਲਾਬਾਦ , ਜਸਵਿੰਦਰ ਕੌਰ ਬੱਬੂ ਦੋਦਾ , ਸਰਬਜੀਤ ਕੌਰ ਮਹਿਰਾਜ ਆਦਿ ਆਗੂ ਮੌਜੂਦ ਸਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ