‘3 ਸਾਲਾਂ ਤੋਂ ਨਹੀਂ ਮਿਲੀ ਰਹੀ ਗ੍ਰਾਂਟ’, ਮੋਗਾ ‘ਚ ਪੈਟਰੋਲ ਲੈ ਕੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਿਆ ਸਰਪੰਚ ਦਾ ਪਤੀ
Moga Water Tank News: ਧਰਮਕੋਟ ਪੁਲਿਸ ਸਟੇਸ਼ਨ ਦੇ ਇੰਚਾਰਜ ਗੁਰਮੇਲ ਸਿੰਘ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸਾਬਕਾ ਪਿੰਡ ਮੁਖੀ ਬਲਰਾਜ ਸਿੰਘ ਗ੍ਰਾਂਟ ਨਾ ਮਿਲਣ ਕਾਰਨ ਟੈਂਕੀ 'ਤੇ ਚੜ੍ਹ ਗਿਆ ਸੀ। ਬੀਡੀਪੀਓ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਅਦਾਇਗੀ ਅੱਜ ਹੀ ਉਨ੍ਹਾਂ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ।
ਪਿੰਡਾਂ ਦੇ ਸਰਪੰਚਾਂ ਵੱਲੋਂ ਵੱਖ-ਵੱਖ ਯੋਜਨਾਵਾਂ ਤਹਿਤ ਪਿੰਡਾਂ ਵਿੱਚ ਕੰਮ ਕਰਵਾਏ ਜਾ ਰਹੇ ਹਨ, ਪਰ ਤਿੰਨ ਸਾਲ ਬਾਅਦ ਵੀ ਮੋਗਾ ਜ਼ਿਲ੍ਹੇ ਦੇ ਪਿੰਡ ਬਹੋਨਾ ਦੇ ਸਾਬਕਾ ਸਰਪੰਚ ਨੂੰ ਪਿੰਡ ਵਿੱਚ ਕੀਤੇ ਕੰਮ ਲਈ ਗ੍ਰਾਂਟ ਨਹੀਂ ਮਿਲੀ। ਇਸ ਦੇ ਵਿਰੋਧ ਵਿੱਚ ਸਰਪੰਚ ਦਾ ਪਤੀ ਸੋਮਵਾਰ ਨੂੰ ਪੈਟਰੋਲ ਦੀ ਬੋਤਲ ਲੈ ਕੇ ਪਿੰਡ ਵਿੱਚ ਬਣੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਿਆ। ਬੀਡੀਪੀਓ ਸਾਹਿਬ ਵੀ ਪੁਲਿਸ ਸਮੇਤ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਨੇ ਭਰੋਸਾ ਦਿੱਤਾ ਕਿ ਅੱਜ ਸ਼ਾਮ ਤੱਕ ਲਗਭਗ 3 ਲੱਖ ਰੁਪਏ ਦੀ ਰਕਮ ਸਰਪੰਚ ਦੇ ਖਾਤੇ ਵਿੱਚ ਆ ਜਾਵੇਗੀ, ਜਿਸ ਤੋਂ ਬਾਅਦ ਸਰਪੰਚ ਦਾ ਪਤੀ ਟੈਂਕੀ ਤੋਂ ਹੇਠਾਂ ਆ ਗਿਆ।
2022 ਦਾ ਹੈ ਮਾਮਲਾ
ਪਿੰਡ ਦੀ ਸਾਬਕਾ ਸਰਪੰਚ ਚਰਨਜੀਤ ਕੌਰ ਨੇ ਦੱਸਿਆ ਕਿ ਉਹ ਸਾਲ 2022 ਵਿੱਚ ਪਿੰਡ ਦੀ ਸਰਪੰਚ ਸੀ। ਉਸ ਸਮੇਂ ਉਨ੍ਹਾਂ ਨੇ ਪਿੰਡ ਵਿੱਚ ਕੰਮ ਕਰਵਾਇਆ ਸੀ, ਜਿਸਦੀ ਕੀਮਤ ਤਿੰਨ ਲੱਖ ਰੁਪਏ ਸੀ। ਪਰ ਹੁਣ ਤੱਕ ਉਨ੍ਹਾਂ ਨੂੰ ਇਸਦੀ ਗ੍ਰਾਂਟ ਦੀ ਰਕਮ ਨਹੀਂ ਮਿਲੀ ਹੈ, ਜਿਸ ਕਾਰਨ ਉਨ੍ਹਾਂ ਦਾ ਪਤੀ ਅੱਜ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਿਆ ਹੈ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ, ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ।
ਇਸ ਦੇ ਨਾਲ ਹੀ ਮੌਜੂਦਾ ਸਰਪੰਚ ਦੇ ਪਤੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ 2022 ਵਿੱਚ ਸਾਬਕਾ ਸਰਪੰਚ ਬਲਰਾਜ ਸਿੰਘ ਵੱਲੋਂ ਨਰੇਗਾ ਸਕੀਮ ਤਹਿਤ ਲਗਭਗ ਤਿੰਨ ਲੱਖ ਰੁਪਏ ਦੇ ਕੰਮ ਕਰਵਾਏ ਗਏ ਸਨ। ਇਸਦੀ ਫਾਈਲ ਵੀ ਪਾਸ ਹੋ ਚੁੱਕੀ ਹੈ ਤੇ ਰਕਮ ਏਡੀਸੀ ਦਫ਼ਤਰ ਵਿੱਚ ਵੀ ਆ ਚੁੱਕੀ ਹੈ। ਤਿੰਨ ਮਹੀਨੇ ਪਹਿਲਾਂ ਉਹ ਵੀ ਉਨ੍ਹਾਂ ਨਾਲ ਗਏ ਸਨ, ਪਰ ਹੁਣ ਤੱਕ ਉਨ੍ਹਾਂ ਨੂੰ ਕੋਈ ਭੁਗਤਾਨ ਨਹੀਂ ਕੀਤਾ ਗਿਆ। ਇਸ ਕਾਰਨ ਅੱਜ ਬਲਰਾਜ ਸਿੰਘ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਭੁਗਤਾਨ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ।
ਇਸ ਮੌਕੇ ਪਿੰਡ ਦੇ ਜਸਵਿੰਦਰ ਸਿੰਘ ਨੇ ਦੱਸਿਆ ਕਿ 2022 ਵਿੱਚ ਪਿੰਡ ਵਿੱਚ ਬਲਰਾਜ ਸਿੰਘ ਵੱਲੋਂ ਕੰਮ ਕਰਵਾਏ ਗਏ ਸਨ, ਜਿਸਦੀ ਕੀਮਤ ਲਗਭਗ ਤਿੰਨ ਲੱਖ ਰੁਪਏ ਸੀ। ਪਰ ਹੁਣ ਤੱਕ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਮਿਲਿਆ, ਜਿਸ ਕਾਰਨ ਉਹ ਅੱਜ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ‘ਤੇ ਚੜ੍ਹ ਗਿਆ। ਜਦੋਂ ਅਸੀਂ ਉਸਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਕਿਹਾ ਕਿ ਕੋਈ ਵੀ ਉੱਪਰ ਨਾ ਆਵੇ, ਨਹੀਂ ਤਾਂ ਮੈਂ ਪੈਟਰੋਲ ਪਾ ਕੇ ਅੱਗ ਲਗਾ ਦੇਵਾਂਗਾ। ਜਿਸ ਨਾਲ ਮੇਰਾ ਅਤੇ ਤੁਹਾਡਾ ਨੁਕਸਾਨ ਹੋਵੇਗਾ। ਪ੍ਰਸ਼ਾਸਨ ਨੂੰ ਇਸ ਸਮੱਸਿਆ ਦਾ ਹੱਲ ਕਰਨ ਦੀ ਅਪੀਲ।
ਇਸ ਮੌਕੇ ਧਰਮਕੋਟ ਪੁਲਿਸ ਸਟੇਸ਼ਨ ਦੇ ਇੰਚਾਰਜ ਗੁਰਮੇਲ ਸਿੰਘ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸਾਬਕਾ ਪਿੰਡ ਮੁਖੀ ਬਲਰਾਜ ਸਿੰਘ ਗ੍ਰਾਂਟ ਨਾ ਮਿਲਣ ਕਾਰਨ ਟੈਂਕੀ ‘ਤੇ ਚੜ੍ਹ ਗਿਆ ਸੀ। ਬੀਡੀਪੀਓ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਅਦਾਇਗੀ ਅੱਜ ਹੀ ਉਨ੍ਹਾਂ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ। ਇਸ ਭਰੋਸੇ ‘ਤੇ ਬਲਰਾਜ ਸਿੰਘ ਟੈਂਕੀ ਤੋਂ ਹੇਠਾਂ ਉਤਰ ਆਏ।
