SGPC ਦੀ ਕੇਂਦਰ ਨੂੰ ਅਪੀਲ, ਲੰਗਰ ਲਈ ਕਮਰਸ਼ੀਅਲ ਸਿਲੰਡਰ ਦੀ ਸਪਲਾਈ ਨਿਰਵਿਘਨ ਜਾਰੀ ਰੱਖਣ ਦੀ ਕੀਤੀ ਮੰਗ
ਇਜ਼ਰਾਇਲ-ਇਰਾਨ ਤਣਾਅ ਦੇ ਮੱਦੇਨਜ਼ਰ ਕਮਰਸ਼ੀਅਲ LPG ਗੈਸ ਹੋਵੇ ਜਾਂ ਫਿਰ ਘਰੇਲੂ ਗੈਸ ਸਿਲੰਡਰ ਦੀ ਕੰਮੀ ਦੇਖਣ ਨੂੰ ਮਿਲ ਰਹੀ ਹੈ। ਇਸ ਕੰਮੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ। SGPC ਦਾ ਕਹਿਣਾ ਹੈ ਕਿ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਰੋਜ਼ਾਨਾ 2530 ਸਿਲੰਡਰਾਂ ਦੀ ਖਪਤ ਹੁੰਦੀ ਹੈ। SGPC ਨੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਲਈ ਕਮਰਸ਼ੀਅਲ LPG ਦੀ ਸਪਲਾਈ ਜਾਰੀ ਰੱਖਣ ਦੀ ਮੰਗ ਕੀਤੀ ਹੈ।
ਇਜ਼ਰਾਇਲ ਅਤੇ ਇਰਾਨ ਦੇ ਵਿਚਕਾਰ ਚੱਲ ਰਹੇ ਤਣਾਅ ਦੇ ਕਾਰਨ ਦੇਸ਼ ਭਰ ਵਿੱਚ ਐਲਪੀਜੀ ਕਮਰਸ਼ੀਅਲ ਗੈਸ ਦੀ ਸਪਲਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲ ਰਹੇ ਗੁਰੂ ਰਾਮਦਾਸ ਲੰਗਰ ਘਰ ਲਈ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਨਿਰਵਿਘਨ ਜਾਰੀ ਰੱਖੀ ਜਾਵੇ।
24 ਘੰਟੇ ਤਿਆਰ ਹੁੰਦਾ ਹੈ ਸੰਗਤ ਲਈ ਅੱਟੁਟ ਲੰਗਰ
SGPC ਪ੍ਰਬੰਧਕਾਂ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਲਗਭਗ ਇੱਕ ਲੱਖ ਦੇ ਕਰੀਬ ਸ਼ਰਧਾਲੂਆਂ ਨੂੰ 24 ਘੰਟੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਂਦਾ ਹੈ। ਇਸ ਲਈ ਲੰਗਰ ਘਰ ਵਿੱਚ ਵੱਡੀ ਮਾਤਰਾ ਵਿੱਚ ਕਮਰਸ਼ੀਅਲ LPG ਗੈਸ ਦੀ ਲੋੜ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਲੰਗਰ ਘਰ ਵਿੱਚ ਰੋਜ਼ਾਨਾ ਤਕਰੀਬਨ 25 ਤੋਂ 30 ਕਮਰਸ਼ੀਅਲ ਗੈਸ ਸਿਲੰਡਰਾਂ ਦੀ ਖਪਤ ਹੁੰਦੀ ਹੈ।
ਪ੍ਰਬੰਧਕਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਪਾਈਪਲਾਈਨ ਰਾਹੀਂ ਵੀ LPG ਗੈਸ ਦੀ ਸਪਲਾਈ ਕੀਤੀ ਜਾਂਦੀ ਹੈ। SGPC ਵੱਲੋਂ ਕਿਹਾ ਗਿਆ ਕਿ ਮੌਜੂਦਾ ਸਮੇਂ ਤੱਕ ਗੈਸ ਸਪਲਾਈ ਪ੍ਰਭਾਵਿਤ ਨਹੀਂ ਹੋਈ, ਪਰ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਤੋਂ ਬਚਣ ਲਈ ਕੇਂਦਰ ਸਰਕਾਰ ਇਸ ਮਾਮਲੇ ਵੱਲ ਖਾਸ ਧਿਆਨ ਦੇਵੇ।
ਮਿਡਿਲ ਈਸਟ ਦਾ ਅਸਰ
ਮਿਡਿਲ ਈਸਟ ਵਿੱਚ ਚੱਲ ਰਹੀ ਜੰਗ ਦਾ ਹੁਣ ਪੰਜਾਬ ਵਿੱਚ ਵੀ ਅਸਰ ਦਿੱਖਣ ਲੱਗਾ ਹੈ। ਸੂਬੇ ਵਿੱਚ ਕਮਰਸ਼ੀਅਲ ਐਲਪੀਜੀ ਸਿਲੰਡਰਾਂ ਦੀ ਸਪਲਾਈ ਲਗਭਗ ਬੰਦ ਹੋ ਗਈ ਹੈ, ਸਿਰਫ਼ ਦੋ ਤੋਂ ਤਿੰਨ ਦਿਨਾਂ ਦਾ ਸਟਾਕ ਬਾਕੀ ਹੈ। ਇਸ ਨਾਲ 10,000 ਵਿਆਹ ਪ੍ਰਭਾਵਿਤ ਹੋ ਸਕਦੇ ਹਨ, ਅਤੇ ਵਿਆਹਾਂ ਵਿੱਚ ਖਾਣੇ ਦੀ ਵੈਰਾਇਟੀ ਵੀ ਘੱਟ ਹੋਣ ਦੀ ਉਮੀਦ ਹੈ। ਗੈਸ ਏਜੰਸੀਆਂ ਪਹਿਲਾਂ ਪੁਰਾਣੀਆਂ ਬੁਕਿੰਗਾਂ ਨੂੰ ਕਲੀਅਰ ਕਰ ਰਹੀਆਂ ਹਨ, ਜਿਸਦੇ ਨਤੀਜੇ ਵਜੋਂ ਲਗਭਗ ਸੱਤ ਤੋਂ ਅੱਠ ਦਿਨਾਂ ਦਾ ਬੈਕਲਾਗ ਹੈ।
