ਜਲੰਧਰ ਦੇ ਪਿੰਡ ਜੰਡਿਆਲਾ ‘ਚ 12ਵੀਂ ਪੇਂਡੂ ਹਾਕੀ ਲੀਗ ਦਾ ਸ਼ਾਨਦਾਰ ਆਗਾਜ਼, ਸੰਤ ਸੀਚੇਵਾਲ ਨੇ ਕੀਤੀ ਸ਼ੁਰੂਆਤ

Updated On: 

25 Oct 2026 23:45 PM IST

ਜਲੰਧਰ ਦੇ ਪਿੰਡ ਸਮਰਾਏ-ਜੰਡਿਆਲਾ ਵਿਖੇ 12ਵੀਂ ਪੇਂਡੂ ਹਾਕੀ ਲੀਗ-2026 ਦੀ ਰਸਮੀ ਤੇ ਸ਼ਾਨਦਾਰ ਸ਼ੁਰੂਆਤ ਕੀਤੀ ਗਈ। ਇਨ੍ਹਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਉੱਘੇ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤਾ ਗਿਆ। ਸਕੂਲ ਦੇ ਹਾਕੀ ਮੈਦਾਨ ਵਿੱਚ ਲੀਗ ਮੁਕਾਬਲਿਆਂ ਦਾ ਮੁੱਢ ਬੰਨ੍ਹਣ ਤੋਂ ਪਹਿਲਾਂ ਸੰਤ ਬਲਬੀਰ ਸਿੰਘ ਸੀਚੇਵਾਲ ਖ਼ੁਦ ਖੇਡ ਮਸ਼ਾਲ ਹੱਥ ਵਿੱਚ ਲੈ ਕੇ ਖਿਡਾਰੀਆਂ ਦਰਮਿਆਨ ਪਹੁੰਚੇ।

ਜਲੰਧਰ ਦੇ ਪਿੰਡ ਜੰਡਿਆਲਾ ਚ 12ਵੀਂ ਪੇਂਡੂ ਹਾਕੀ ਲੀਗ ਦਾ ਸ਼ਾਨਦਾਰ ਆਗਾਜ਼, ਸੰਤ ਸੀਚੇਵਾਲ ਨੇ ਕੀਤੀ ਸ਼ੁਰੂਆਤ

ਜਲੰਧਰ ਦੇ ਪਿੰਡ ਸਮਰਾਏ-ਜੰਡਿਆਲਾ ਵਿਖੇ 12ਵੀਂ ਪੇਂਡੂ ਹਾਕੀ ਲੀਗ-2026 ਦੀ ਰਸਮੀ ਤੇ ਸ਼ਾਨਦਾਰ ਸ਼ੁਰੂਆਤ ਕੀਤੀ ਗਈ। ਇਨ੍ਹਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਉੱਘੇ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤਾ ਗਿਆ। ਸਕੂਲ ਦੇ ਹਾਕੀ ਮੈਦਾਨ ਵਿੱਚ ਲੀਗ ਮੁਕਾਬਲਿਆਂ ਦਾ ਮੁੱਢ ਬੰਨ੍ਹਣ ਤੋਂ ਪਹਿਲਾਂ ਸੰਤ ਬਲਬੀਰ ਸਿੰਘ ਸੀਚੇਵਾਲ ਖ਼ੁਦ ਖੇਡ ਮਸ਼ਾਲ ਹੱਥ ਵਿੱਚ ਲੈ ਕੇ ਖਿਡਾਰੀਆਂ ਦਰਮਿਆਨ ਪਹੁੰਚੇ। ਇਸ ਉਪਰੰਤ ਰਸਮੀ ਤੌਰ ‘ਤੇ ਝੰਡਾ ਚੜ੍ਹਾਇਆ ਗਿਆ ਅਤੇ ਸਮੂਹ ਖਿਡਾਰੀਆਂ ਨੇ ਖੇਡ ਭਾਵਨਾ ਤੇ ਪੂਰਨ ਅਨੁਸ਼ਾਸਨ ਦੇ ਦਾਇਰੇ ਵਿੱਚ ਰਹਿ ਕੇ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਦੀ ਸਹੁੰ ਚੁੱਕੀ।

ਖੇਡ ਮੈਦਾਨਾਂ ਦੀਆਂ ਰੌਣਕਾਂ ਨੌਜਵਾਨੀ ਨੂੰ ਨਸ਼ਿਆਂ ਤੋਂ ਰੱਖਣਗੀਆਂ ਦੂਰ: ਸੰਤ ਸੀਚੇਵਾਲ

ਇਕੱਠ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਖਿਆ ਕਿ ਉਹ ਪਿੰਡ ਸੱਚਮੁੱਚ ਭਾਗਾਂ ਵਾਲੇ ਹਨ ਜਿੱਥੋਂ ਦੇ ਖੇਡ ਮੈਦਾਨਾਂ ਵਿੱਚ ਖਿਡਾਰੀ ਪਸੀਨਾ ਵਹਾਉਂਦੇ ਹਨ ਅਤੇ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਰੱਖਣਾ ਹੈ, ਤਾਂ ਖੇਡ ਮੈਦਾਨਾਂ ਨੂੰ ਆਬਾਦ ਕਰਨਾ ਅਤੇ ਇੱਥੇ ਰੌਣਕਾਂ ਵਧਾਉਣਾ ਹੀ ਸਭ ਤੋਂ ਕਾਰਗਰ ਹੱਲ ਹੈ। ਉਨ੍ਹਾਂ ਕਿਹਾ ਕਿ ਜਦੋਂ ਬੱਚੇ ਅਤੇ ਨੌਜਵਾਨ ਗਰਾਊਂਡ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਉਹ ਮਜ਼ਬੂਤ ਬਣਦੇ ਹਨ, ਜਿਸ ਨਾਲ ਉਨ੍ਹਾਂ ਦੇ ਮਾਪੇ ਵੀ ਬੱਚਿਆਂ ਦੇ ਭਵਿੱਖ ਪ੍ਰਤੀ ਪੂਰੀ ਤਰ੍ਹਾਂ ਚਿੰਤਾ ਮੁਕਤ ਹੋ ਜਾਂਦੇ ਹਨ।

ਸੇਵਾਮੁਕਤ ਡੀ.ਪੀ. ਹਰਮੇਸ਼ ਲਾਲ ਦੀਆਂ ਸੇਵਾਵਾਂ ਦੀ ਸ਼ਲਾਘਾ

ਇਸ ਦੌਰਾਨ ਸੰਤ ਸੀਚੇਵਾਲ ਨੇ ਸੇਵਾਮੁਕਤ ਡੀ.ਪੀ. ਹਰਮੇਸ਼ ਲਾਲ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਰਮੇਸ਼ ਲਾਲ ਨੇ ਆਪਣੀ ਸਰਕਾਰੀ ਸੇਵਾ ਦੌਰਾਨ ਜਿੱਥੇ ਵਿਦਿਆਰਥੀਆਂ ਦੀਆਂ ਬਿਹਤਰੀਨ ਹਾਕੀ ਟੀਮਾਂ ਤਿਆਰ ਕੀਤੀਆਂ, ਉੱਥੇ ਹੀ ਸੇਵਾਮੁਕਤੀ ਤੋਂ ਬਾਅਦ ਵੀ ਉਨ੍ਹਾਂ ਦਾ ਜਜ਼ਬਾ ਘੱਟ ਨਹੀਂ ਹੋਇਆ। ਉਹ ਅੱਜ ਵੀ ਪਿੰਡ-ਪਿੰਡ ਜਾ ਕੇ ਛੋਟੇ ਬੱਚਿਆਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਨਿਰੰਤਰ ਪ੍ਰੇਰਿਤ ਕਰ ਰਹੇ ਹਨ, ਜੋ ਕਿ ਸਮਾਜ ਲਈ ਇੱਕ ਮਿਸਾਲੀ ਕਾਰਜ ਹੈ।

9 ਪਿੰਡਾਂ ਦੀਆਂ 15 ਟੀਮਾਂ ਲੈ ਰਹੀਆਂ ਹਨ ਹਿੱਸਾ

ਇਹ ਪੇਂਡੂ ਹਾਕੀ ਲੀਗ ਮੁਕਾਬਲੇ ‘ਕੈਪੀਟਲ ਸਮਾਲ ਫਾਇਨਾਂਸ ਬੈਂਕ’ ਅਤੇ ‘ਰੂਰਲ ਹਾਕੀ ਡਿਵੈਲਪਮੈਂਟ ਸੁਸਾਇਟੀ’ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਇਸ ਲੀਗ ਵਿੱਚ ਕੁੱਲ 9 ਪਿੰਡਾਂ ਦੀਆਂ 15 ਟੀਮਾਂ ਆਪਸ ਵਿੱਚ ਭਿੜ ਰਹੀਆਂ ਹਨ। ਭਾਗ ਲੈਣ ਵਾਲੇ ਪਿੰਡਾਂ ਵਿੱਚ ਸਮਰਾਏ-ਜੰਡਿਆਲਾ, ਸੀਚੇਵਾਲ, ਸਰੀਂਹ, ਚਾਨੀਆਂ, ਮੇਹੜੀ, ਜੰਡਿਆਲੀ, ਲਸਾੜਾ ਅਤੇ ਔੜ ਪ੍ਰਮੁੱਖ ਤੌਰ ‘ਤੇ ਸ਼ਾਮਲ ਹਨ। ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਇਹ ਮੁਕਾਬਲੇ 25 ਅਕਤੂਬਰ ਤੋਂ ਸ਼ੁਰੂ ਹੋ ਕੇ 15 ਨਵੰਬਰ ਤੱਕ ਨਿਰੰਤਰ ਜਾਰੀ ਰਹਿਣਗੇ।

ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੱਦਾ

ਸਮਾਗਮ ਦੀ ਸਮਾਪਤੀ ‘ਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖੇਡ ਮੁਕਾਬਲਿਆਂ ਵਿੱਚ ਸ਼ਾਮਲ ਹੋਏ ਸਮੂਹ ਬੱਚਿਆਂ, ਖਿਡਾਰੀਆਂ ਅਤੇ ਪਿੰਡ ਵਾਸੀਆਂ ਨੂੰ ਵਾਤਾਵਰਨ ਦੀ ਸ਼ੁੱਧਤਾ ਬਣਾਈ ਰੱਖਣ ਲਈ ਪ੍ਰਦੂਸ਼ਣ ਮੁਕਤ ਅਤੇ ਹਰੀ-ਭਰੀ (ਗ੍ਰੀਨ) ਦੀਵਾਲੀ ਮਨਾਉਣ ਦਾ ਸੱਦਾ ਦਿੱਤਾ।

Loading...
Unable to load recommendations.
Follow Us