ਪੰਜਾਬ ਵਿੱਚ ਵਿਧਾਨ ਸਭਾ ਉਪ ਚੋਣ ਲੜਨਗੇ ਰਾਜਸਭਾ ਮੈਂਬਰ ਸੰਜੀਵ ਅਰੋੜਾ, ਕੇਜਰੀਵਾਲ ਨਹੀਂ ਜਾਣਗੇ ਰਾਜ ਸਭਾ

rajinder-arora-ludhiana
Updated On: 

26 Feb 2025 13:27 PM

Sanjeev Arora: ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਦੀ ਉਪ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਰਾਜ ਸਭਾ ਮੈਂਬਰ ਅਤੇ ਉਦਯੋਗਪਤੀ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਹੈ। ਇਹ ਸੀਟ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ। ਗੋਗੀ ਦੀ ਜਨਵਰੀ ਵਿੱਚ ਮੌਤ ਹੋ ਗਈ ਸੀ।

ਪੰਜਾਬ ਵਿੱਚ ਵਿਧਾਨ ਸਭਾ ਉਪ ਚੋਣ ਲੜਨਗੇ ਰਾਜਸਭਾ ਮੈਂਬਰ ਸੰਜੀਵ ਅਰੋੜਾ, ਕੇਜਰੀਵਾਲ ਨਹੀਂ ਜਾਣਗੇ ਰਾਜ ਸਭਾ

ਲੁਧਿਆਣਾ ਵੈਸਟ ਉਪ ਚੋਣ ਲੜਨਗੇ MP ਸੰਜੀਵ ਅਰੋੜਾ

Follow Us On

ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਦੀ ਉਪ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਰਾਜ ਸਭਾ ਮੈਂਬਰ ਅਤੇ ਉਦਯੋਗਪਤੀ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਹ ਜਾਣਕਾਰੀ ਪਾਰਟੀ ਵੱਲੋਂ ਜਾਰੀ ਕੀਤੀ ਗਈ ਹੈ। ਸੰਜੀਵ ਅਰੋੜਾ 2022 ਵਿੱਚ ਰਾਜ ਸਭਾ ਮੈਂਬਰ ਬਣੇ ਸਨ। ਉਨ੍ਹਾਂ ਦੇ ਕਾਰਜਕਾਲ ਦੇ ਅਜੇ ਵੀ ਲਗਭਗ ਤਿੰਨ ਸਾਲ ਬਾਕੀ ਹਨ।

ਦੱਸ ਦੇਈਏ ਕਿ ਲੁਧਿਆਣਾ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦਾ ਜਨਵਰੀ ਵਿੱਚ ਦੇਹਾਂਤ ਹੋ ਗਿਆ ਸੀ। ਜਿਸਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਹਾਲਾਂਕਿ ਚੋਣ ਕਮਿਸ਼ਨ ਨੇ ਅਜੇ ਤੱਕ ਇਸ ਜ਼ਿਮਨੀ ਚੋਣ ਦਾ ਐਲਾਨ ਨਹੀਂ ਕੀਤਾ ਹੈ ਅਤੇ ਨਾ ਹੀ ਹਾਲੇ ਤੱਕ ਇਸ ਸੀਟ ‘ਤੇ ਕਿਸੇ ਹੋਰ ਰਾਜਨੀਤਿਕ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਪਰ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ।

ਕੇਜਰੀਵਾਲ ਨਹੀਂ ਜਾਣਗੇ ਰਾਜ ਸਭਾ

ਸੰਜੀਵ ਅਰੋੜਾ ਦੇ ਨਾਮ ਦੇ ਐਲਾਨ ਤੋਂ ਪਹਿਲਾਂ ਹੀ ਇਹ ਕਿਹਾ ਜਾ ਰਿਹਾ ਸੀ ਕਿ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਰੋੜਾ ਦੀ ਸੀਟ ਤੋਂ ਰਾਜ ਸਭਾ ਜਾ ਸਕਦੇ ਹਨ। ਹਾਲਾਂਕਿ, ਪਾਰਟੀ ਨੇ ਇਨ੍ਹਾਂ ਅਟਕਲਾਂ ਨੂੰ ਰੱਦ ਕਰ ਦਿੱਤਾ ਹੈ। ਅਰਵਿੰਦ ਕੇਜਰੀਵਾਲ ਦੇ ਰਾਜ ਸਭਾ ਜਾਣ ਦੀਆਂ ਖ਼ਬਰਾਂ ‘ਤੇ ‘ਆਪ’ ਨੇ ਕਿਹਾ ਕਿ ਕੇਜਰੀਵਾਲ ਰਾਜ ਸਭਾ ਨਹੀਂ ਜਾਣਗੇ। ‘ਆਪ’ ਸਪੀਕਰ ਪ੍ਰਿਯੰਕਾ ਕੱਕੜ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਰਾਜ ਸਭਾ ਨਹੀਂ ਜਾ ਰਹੇ ਹਨ। ਜਿੱਥੋਂ ਤੱਕ ਅਰਵਿੰਦ ਕੇਜਰੀਵਾਲ ਦਾ ਸਵਾਲ ਹੈ, ਪਹਿਲਾਂ ਮੀਡੀਆ ਸੂਤਰ ਕਹਿ ਰਹੇ ਸਨ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਬਣਨਗੇ। ਹੁਣ ਮੀਡੀਆ ਸੂਤਰ ਕਹਿ ਰਹੇ ਹਨ ਕਿ ਉਹ ਰਾਜ ਸਭਾ ਤੋਂ ਚੋਣ ਲੜਨਗੇ। ਇਹ ਦੋਵੇਂ ਸਰੋਤ ਬਿਲਕੁਲ ਗਲਤ ਹਨ। ਅਰਵਿੰਦ ਕੇਜਰੀਵਾਲ ‘ਆਪ’ ਦੇ ਰਾਸ਼ਟਰੀ ਕਨਵੀਨਰ ਹਨ। ਮੈਂ ਸਹਿਮਤ ਹਾਂ ਕਿ ਉਨ੍ਹਾਂ ਦੀ ਮੰਗ ਬਹੁਤ ਜਿਆਦਾ ਹੈ, ਪਰ ਉਹ ਕਿਸੇ ਇੱਕ ਸੀਟ ਤੱਕ ਸੀਮਿਤ ਨਹੀਂ ਹਨ।

ਵਿਰੋਧੀ ਧਿਰ ਧਿਆਨ ਭਟਕਾਉਣ ਲਈ ਉਠਾ ਰਹੀ ਅਜਿਹੇ ਮੁੱਦੇ – ਆਪ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਤੋਂ ਰਾਜ ਸਭਾ ਭੇਜਣ ਦੀਆਂ ਚਰਚਾਵਾਂ ‘ਤੇ ਆਮ ਆਦਮੀ ਪਾਰਟੀ ਨੇ ਸਿਰਫ ਅਫਵਾਹ ਕਰਾਰ ਦਿੱਤੀ। ਆਪ ਆਗੂ ਜਗਤਾਰ ਸੰਘੇੜਾ ਨੇ ਇੱਕ ਨਿੱਜੀ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਕੇਜਰਾਵਾਲ ਦੇ ਪੰਜਾਬ ਤੋਂ ਰਾਜਸਭਾ ਜਾਣ ਦੀ ਖਬਰ ਨੂੰ ਪੂਰੀ ਤਰ੍ਹਾਂ ਨਾਲ ਅਫਵਾਹ ਦੱਸਿਆ ਹੈ। ਇਸਤੋਂ ਪਹਿਲਾਂ ਬੀਤੇ ਦਿਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਵੀ ਕਿਹਾ ਸੀ ਕਿ ਪਾਰਟੀ ਪੱਧਰ ‘ਤੇ ਅਜੇ ਤੱਕ ਅਜਿਹੀ ਕੋਈ ਗੱਲਬਾਤ ਨਹੀਂ ਹੋਈ ਹੈ। ਵਿਰੋਧੀ ਧਿਰ ਧਿਆਨ ਭਟਕਾਉਣ ਲਈ ਅਜਿਹੇ ਮੁੱਦੇ ਉਠਾ ਰਹੀ ਹੈ। ਵਿਰੋਧੀ ਧਿਰ ਦੇ ਆਗੂ ਵਿਧਾਨ ਸਭਾ ਦੇ ਅੰਦਰ ਕੋਈ ਮੁੱਦਾ ਨਹੀਂ ਉਠਾ ਸਕੇ ਅਤੇ ਨਾ ਹੀ ਕੁਝ ਬੋਲ ਸਕੇ ਹਨ, ਇਸ ਲਈ ਉਹ ਗੁੰਮਰਾਹ ਕਰਨ ਲਈ ਅਜਿਹੇ ਮੁੱਦੇ ਉਠਾ ਰਹੇ ਹਨ।

ਕੌਣ ਹਨ ਸੰਜੀਵ ਅਰੋੜਾ?

ਸੰਜੀਵ ਅਰੋੜਾ ਦਾ ਐਕਸਪੋਰਟ ਇੰਡਸਟਰੀ ਵਿੱਚ ਪ੍ਰਾਈਮਰੀ ਬਿਜ਼ਨਸ ਹੈ। ਉਹ ਪਿਛਲੇ ਤਿੰਨ ਦਹਾਕਿਆਂ ਤੋਂ ਰਿਤੇਸ਼ ਇੰਡਸਟਰੀਜ਼ ਲਿਮਟਿਡ ਕੰਪਨੀ ਚਲਾ ਰਹੇ ਹਨ। ਉਨ੍ਹਾਂ ਦੀ ਕੰਪਨੀ ਅਮਰੀਕਾ ਨੂੰ ਨਿਰਯਾਤ ਕਰਦੀ ਹੈ ਅਤੇ ਉਨ੍ਹਾਂ ਦਾ ਦਫਤਰ ਵਰਜੀਨੀਆ ਵਿੱਚ ਹੈ। ਸੰਜੀਵ ਅਰੋੜਾ ਨੇ ਚੰਡੀਗੜ੍ਹ ਰੋਡ ‘ਤੇ ਹੈਂਪਟਨ ਬਿਜ਼ਨਸ ਪਾਰਕ ਅਤੇ ਹੈਂਪਟਨ ਹੋਮਜ਼ ਵੀ ਵਿਕਸਤ ਕੀਤੇ ਹਨ, ਜੋ ਕਿ 70 ਉਦਯੋਗਾਂ ਲਈ ਇੱਕ ਹੱਬ ਵਜੋਂ ਕੰਮ ਕਰਦੇ ਹਨ।

2018 ਵਿੱਚ, ਉਨ੍ਹਾਂ ਨੇ ਫੇਮੇਲਾ ਫੈਸ਼ਨ ਲਿਮਟਿਡ ਕੰਪਨੀ ਦੀ ਸ਼ੁਰੂਆਤ ਕੀਤੀ ਅਤੇ ਔਰਤਾਂ ਦੇ ਕੱਪੜਿਆਂ ਦੇ ਬ੍ਰਾਂਡ ਫੇਮੇਲਾ ਦੀ ਸਥਾਪਨਾ ਕੀਤੀ। ਇਸ ਤੋਂ ਬਾਅਦ, ਸਾਲ 2019 ਵਿੱਚ, ਉਨ੍ਹਾਂ ਨੇ ਮੈਟਲ ਬਿਜ਼ਨਸ ਵਿੱਚ ਵੀ ਕਦਮ ਰੱਖਿਆ, ਜਿਸਦੀ ਮੇਕ ਇਨ ਇੰਡੀਆ ਸਕੀਮ ਤਹਿਤ ਸੁਜ਼ੂਕੀ ਮੋਟਰਜ਼ ਨਾਲ ਸਾਂਝੇਦਾਰੀ ਹੈ। ਪੰਜਾਬ ਤੋਂ ਰਾਜ ਸਭਾ ਮੈਂਬਰ ਵਜੋਂ ਉਨ੍ਹਾਂ ਦਾ ਕਾਰਜਕਾਲ 10 ਅਪ੍ਰੈਲ, 2022 ਨੂੰ ਸ਼ੁਰੂ ਹੋਇਆ ਸੀ। ਸੰਜੀਵ ਅਰੋੜਾ ਦਾ ਕਾਰਜਕਾਲ 2028 ਤੱਕ ਹੈ।

ਜਨਵਰੀ ‘ਚ ਹੋਈ ਸੀ ਗੋਗੀ ਦੀ ਮੌਤ

ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦੀ ਇਸੇ ਸਾਲ 11 ਜਨਵਰੀ ਦੀ ਰਾਤ ਨੂੰ ਭੇਦ ਭਰੇ ਹਾਲਾਤਾਂ ‘ਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਦੱਸਿਆ ਗਿਆ ਕਿ ਉਹ ਰਾਤ ਨੂੰ ਆਪਣੇ ਘਰ ਵਿੱਚ ਆਪਣੀ ਲਾਈਸੈਸੀ ਪਿਸਤੌਲ ਸਾਫ਼ ਕਰ ਰਹੇ ਸਨ, ਉਸੇ ਵੇਲ੍ਹੇ ਉਨ੍ਹਾਂ ਤੋਂ ਗੋਲੀ ਚੱਲ ਗਈ। ਉਨ੍ਹਾਂ ਨੂੰ ਫੌਰਨ ਡੀਐਮਸੀ ਹਸਪਤਾਲ ਵਿੱਚ ਲੈ ਜਾਇਆ ਗਿਆ ਸੀ। ਜਿੱਥੇ ਡਾਕਟਰਾਂ ਨੇ ਵਿਧਾਇਕ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ। 2022 ਚੋਣਾਂ ਵਿੱਚ ਗੋਗੀ ਨੂੰ ਕਰੀਬ 40 ਹਜ਼ਾਰ ਵੋਟਾਂ ਮਿਲੀਆਂ ਸਨ। ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਦੂਜੇ ਸਥਾਨ ‘ਤੇ ਰਹੇ ਸਨ, ਜਦਕਿ ਅਕਾਲੀ ਦਲ ਦੇ ਮਹੇਸ਼ਇੰਦਰ ਸਿੰਘ ਗਰੇਵਾਲ ਤੀਜੇ ਸਥਾਨ ‘ਤੇ ਰਹੇ ਸਨ।