Amritpal Singh: ਸੰਗਰੂਰ 'ਚ ਪੁਲਿਸ ਅਤੇ ਪ੍ਰਸ਼ਾਸਨ ਨੇ ਕੱਡਿਆ ਫਲੈਗ ਮਾਰਚ Punjabi news - TV9 Punjabi

Amritpal Singh: ਸੰਗਰੂਰ ‘ਚ ਪੁਲਿਸ ਅਤੇ ਪ੍ਰਸ਼ਾਸਨ ਨੇ ਕੱਡਿਆ ਫਲੈਗ ਮਾਰਚ

Published: 

23 Mar 2023 18:39 PM

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਸਪੱਸ਼ਟ ਚਿਤਾਵਨੀ ਦਿੰਦਿਆ ਕਿਹਾ ਗਿਆ ਕਿ ਸ਼ਹਿਰ ਵਿੱਚ ਅਫਵਾਹਾਂ ਫੈਲਾਉਣ ਵਾਲਿਆਂ ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Amritpal Singh: ਸੰਗਰੂਰ ਚ ਪੁਲਿਸ ਅਤੇ ਪ੍ਰਸ਼ਾਸਨ ਨੇ ਕੱਡਿਆ ਫਲੈਗ ਮਾਰਚ
Follow Us On

ਸੰਗਰੂਰ: ਭਗੋੜੇ ਅਮ੍ਰਿਤਪਾਲ ਸਿੰਘ ਨੂੰ ਲੈ ਕੇ ਹਾਈ ਅਲਰਟ ਤੇ ਚੱਲ ਰਹੀ ਪੰਜਾਬ ਪੁਲਿਸ (Punjab Police) ਨੇ ਸੂਬੇ ਵਿੱਚ ਸ਼ਾਂਤੀ ਵਿਵਸਥਾ ਬਣਾਏ ਰੱਖਣ ਲਈ ਪੁਖਤਾ ਸੁਰੱਖਿਆ ਕੀਤੇ ਹੋਏ ਹਨ। ਸੰਗਰੂਰ ਵਿੱਚ ਵੀ ਪੁਲਿਸ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਨਜਰ ਆ ਰਿਹਾ ਹੈ। ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜਬੂਤ ਕਰਨ ਲਈ ਪੁਲਿਸ ਅਤੇ ਪ੍ਰਸ਼ਾਸਨ ਨੇ ਇੱਥੇ ਫਲੈਗ ਮਾਰਚ ਕੱਢਿਆ। ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ (DC Jatinder Jorwal) ਅਤੇ ਐਸਐਸਪੀ ਸੁਰੇਂਦਰ ਲਾਂਬਾ (SSP Surinder Lamba) ਨੇ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ।

ਐਸਪੀ ਤੇ ਡੀਐਸਪੀ ਦੀ ਨਿਗਰਾਨੀ ਹੇਠ ਫਲੈਗ ਮਾਰਚ

ਡਿਪਟੀ ਕਮਿਸ਼ਨਰ ਜੋਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਜ਼ਿਲ੍ਹਾ ਸੰਗਰੂਰ ਵਿਖੇ ਪੂਰੀ ਤਰ੍ਹਾਂ ਅਮਨ ਅਮਾਨ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਬਿਲਕੁੱਲ ਵੀ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਜਨ ਜੀਵਨ ਪਹਿਲਾਂ ਵਾਂਗ ਹੀ ਬਿਲਕੁਲ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿਖੇ ਬੀਤੇ ਦਿਨ ਤੋਂ ਹੀ ਪੂਰੀ ਚੌਕਸੀ ਰੱਖੀ ਜਾ ਰਹੀ ਹੈ ਅਤੇ ਹਰੇਕ ਸਬ ਡਵੀਜ਼ਨ ਪੱਧਰ ਤੇ ਵੀ ਪ੍ਰਸ਼ਾਸਨ ਦੀ ਤਰਫੋਂ ਉਪ ਮੰਡਲ ਮੈਜਿਸਟਰੇਟ ਅਤੇ ਪੁਲਿਸ ਦੀ ਤਰਫੋਂ ਐਸਪੀ ਤੇ ਡੀਐਸਪੀ ਦੀ ਨਿਗਰਾਨੀ ਹੇਠ ਫਲੈਗ ਮਾਰਚ ਕੀਤੇ ਜਾ ਰਹੇ ਹਨ ।

ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਖਿਲਾਫ ਸਖਤ ਕਾਰਵਾਈ

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਸੋਸ਼ਲ ਮੀਡੀਆ ਰਾਹੀਂ ਜਾਂ ਕਿਸੇ ਹੋਰ ਢੰਗ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਵਿੱਚ ਰੁਕਾਵਟ ਪੈਦਾ ਕਰਨ ਲਈ ਗੁੰਮਰਾਹਕੁੰਨ ਪ੍ਰਚਾਰ ਕਰਦਾ ਹੈ ਤਾਂ ਅਜਿਹੀ ਕਿਸੇ ਵੀ ਖਬਰ ਤੇ ਧਿਆਨ ਨਾ ਦਿੱਤਾ ਜਾਵੇ ਬਲਕਿ ਤੁਰੰਤ ਅਜਿਹਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

ਇਸ ਦੌਰਾਨ ਐਸਐਸਪੀ ਲਾਂਬਾ ਨੇ ਵੀ ਲੋਕਾਂ ਦੀ ਹਿਫ਼ਾਜ਼ਤ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਉਂਦਿਆਂ ਕਿਹ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਆਪਣੀਆਂ ਡਿਊਟੀਆਂ ਤੇ ਤਾਇਨਾਤ ਹੈ ਅਤੇ ਜ਼ਿਲ੍ਹੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਮੁਕੰਮਲ ਤੌਰ ਤੇ ਕਾਇਮ ਰੱਖਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਆਮ ਜਨਤਾ ਕਿਸੇ ਵੀ ਗੁੰਮਰਾਹਕੁੰਨ ਜਾਣਕਾਰੀ ਤੇ ਬਿਲਕੁਲ ਵੀ ਵਿਸ਼ਵਾਸ ਨਾ ਕਰੇ ਅਤੇ ਅਫਵਾਹਾਂ ਤੋਂ ਜਿਥੇ ਖੁਦ ਬਚਿਆ ਜਾਵੇ ਉਥੇ ਕਿਸੇ ਹੋਰ ਨੂੰ ਵੀ ਤੱਥਹੀਣ ਜਾਣਕਾਰੀ ਦੇਣ ਤੋਂ ਗੁਰੇਜ਼ ਕੀਤਾ ਜਾਵੇ।

ਫਲੈਗ ਮਾਰਚ ਨੂੰ ਲੈ ਕੇ ਐਸਐਸਪੀ ਨੇ ਦਿੱਤੀ ਜਾਣਕਾਰੀ

ਐਸਐਸਪੀ ਨੇ ਕਿਹਾ ਕਿ ਜੇਕਰ ਕੋਈ ਵੀ ਅਜਿਹੀ ਕਾਰਵਾਈ ਕਰਕੇ ਜ਼ਿਲ੍ਹਾ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰਦਾ ਪਾਇਆ ਗਿਆ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਜ਼ਿਲ੍ਹਾ ਪੁਲਿਸ ਦੇ ਨਾਲ ਨਾਲ ਲੋਕਾਂ ਦੀ ਸੁਰੱਖਿਆ ਲਈ ਏਆਰਪੀ ਟੀਮਾਂ, ਸਟੇਟ ਆਰਮਡ ਬਟਾਲੀਅਨ ਅਤੇ ਕੁਝ ਪੈਰਾ ਮਿਲਟਰੀ ਦੇ ਜਵਾਨਾਂ ਸਮੇਤ ਕਰੀਬ 1200 ਮੁਲਾਜ਼ਮ ਤਾਇਨਾਤ ਹਨ ਅਤੇ ਵੱਖ ਵੱਖ ਸ਼ਿਫਟਾਂ ਵਿੱਚ 14 ਥਾਵਾਂ ਤੇ ਨਾਕੇ ਚੱਲ ਰਹੇ ਹਨ। ਉਨ੍ਹਾਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਅਜਿਹੀ ਕੋਈ ਵੀ ਅਜਿਹਾ ਮਸਲਾ ਨਹੀਂ ਹੈ ਜਿਸ ਤੇ ਚਿੰਤਾ ਕੀਤੀ ਜਾਵੇ।

ਉਨ੍ਹਾਂ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਅਤੇ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਐਸਐਸ.ਪੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਅਫਵਾਹਾਂ ਫੈਲਾਉਣ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹੈ ਤਾਂ ਉਹ ਪੁਲਿਸ ਦੇ ਹੈਲਪਲਾਈਨ ਨੰਬਰ 112 ਤੇ ਇਸ ਬਾਰੇ ਸੂਚਨਾ ਦੇ ਸਕਦਾ ਹੈ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version